''ਅਕਾਲੀ ਦਲ ਜੀ, ਅਬ ਪਛਤਾਏ ਕਿਆ ਹੁਏ ਜਬ ਮੋਦੀ ਚੁਗ ਗਏ ਖੇਤ'', ਭਗਵੰਤ ਮਾਨ ਨੇ ਕੱਸਿਆ ਵਿਅੰਗ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਦੀਆਂ ਸਿਆਸੀ ਧਿਰਾਂ ਵੱਲੋਂ ਅਕਾਲੀ ਦਲ ਦਾ ਘਿਰਾਓ ਲਗਾਤਾਰ ਜਾਰੀ

Bhagwant Mann And Sukhbir Badal

ਚੰਡੀਗੜ੍ਹ - ਅਕਾਲੀ ਦਲ ਬਾਦਲ ਨੇ ਖੇਤੀ ਬਿੱਲਾਂ ਦੇ ਰੋਸ ਵਜੋਂ ਭਾਜਪਾ ਨਾਲੋਂ ਨਾਤਾ ਤੋੜ ਕੇ ਭਾਵੇਂ ਲੋਕਾਂ ਅਤੇ ਕਿਸਾਨਾਂ ਦੇ ਵਿਰੋਧ ਤੋਂ ਬਚਣ ਦੀ ਕੋਸ਼ਿਸ਼ ਕੀਤੀ ਹੈ ਪਰ ਇਸ ਨੂੰ ਦੇਰੀ ਨਾਲ ਲਿਆ ਫੈਸਲਾ ਦੱਸ ਕੇ ਪੰਜਾਬ ਦੀਆਂ ਸਿਆਸੀ ਧਿਰਾਂ ਵੱਲੋਂ ਅਕਾਲੀ ਦਲ ਦਾ ਘਿਰਾਓ ਹੋ ਰਿਹਾ ਹੈ। 

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਅਕਾਲੀ ਦਲ ਨੂੰ ਨਿਸ਼ਾਨੇ 'ਤੇ ਲਿਆ ਹੈ। ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਕਿ-''ਅਕਾਲੀ ਦਲ ਜੀ, ਅਬ ਪਛਤਾਏ ਕਿਆ ਹੁਏ ਜਬ ਮੋਦੀ ਚੁਗ ਗਏ ਖੇਤ''

ਦੱਸ ਦਈਏ ਕਿ ਖੇਤੀ ਬਿਲਾਂ ਖਿਲਾਫ਼ ਪੰਜਾਬ ਵਿਚ ਮਹੌਲ ਗਰਮਾਇਆ ਹੋਇਆ ਹੈ। ਅਕਾਲੀ ਦਲ ਪਹਿਲਾਂ ਇਨ੍ਹਾਂ ਬਿੱਲਾਂ ਦੀ ਹਮਾਇਤ ਕਰਦਾ ਰਿਹਾ ਪਰ ਬਾਅਦ ਵਿਚ ਇਕਦਮ ਫੈਸਲਾ ਬਦਲ ਕੇ ਕੇਂਦਰ ਸਰਕਾਰ ਵਿਰੁੱਧ ਡਟ ਗਿਆ। ਹੁਣ ਅਕਾਲੀ ਦਲ ਵੱਲੋਂ ਫੈਸਲਾ ਲੈਣ ਵਿਚ ਕੀਤੀ ਦੇਰੀ ਲਈ ਵੀ ਉਹਨਾਂ ਦੀ ਅਲੋਚਨਾ ਹੋ ਰਹੀ ਹੈ।

ਦੱਸ ਦਈਏ ਕਿ ਪੰਜਾਬ 'ਚ ਅਕਾਲੀ-ਭਾਜਪਾ ਦਾ ਗਠਜੋੜ ਟੁੱਟ ਗਿਆ ਹੈ। ਇਸ ਬਾਰੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਹੈ। ਕੋਰ ਕਮੇਟੀ ਮੀਟਿੰਗ ਤੋਂ ਬਾਅਦ ਸੁਖਬੀਰ ਬਾਦਲ ਨੇ ਦੱਸਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕਿਸਾਨਾਂ ਨਾਲ ਸਬੰਧਤ ਖੇਤੀ ਬਿੱਲਾਂ ਨੂੰ ਵਾਪਸ ਨਹੀਂ ਲਿਆ ਗਿਆ, ਜੋ ਕਿ ਕਿਸਾਨ ਵਿਰੋਧੀ ਹਨ। ਨਾ ਹੀ ਬਿੱਲ ਪਾਸ ਕਰਨ ਲਈ ਅਕਾਲੀ ਦਲ ਤੋਂ ਸਲਾਹ ਲਈ ਜਦ ਕਿ ਅਕਾਲੀ ਦਲ ਦੇ ਨੁਮਾਇੰਦਿਆ ਨੂੰ ਖੇਤੀ ਬਾਰੇ ਪੂਰੀ ਜਾਣਕਾਰੀ ਹੈ। 

ਪਰ ਭਾਜਪਾ ਦੇ ਪਾਸ ਕੀਤੇ ਇਹ ਬਿਲ ਪੰਜਾਬ ਅਤੇ ਕਿਸਾਨ ਵਿਰੋਧੀ ਹਨ। ਜਿਸ ਕਾਰਨ ਬਿੱਲਾਂ ਦਾ ਵਿਰੋਧ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਐਨ.ਡੀ.ਏ ਦਾ ਹਿੱਸਾ ਨਹੀਂ ਰਹਿ ਸਕਦਾ। ਅੱਗੇ ਸੁਖਬੀਰ ਬਾਦਲ ਨੇ ਕਿਹਾ ਕਿ ਕਿਸਾਨ ਪੰਜਾਬ ਦੀ ਜਾਨ ਹਨ। ਅਸੀਂ ਪੰਜਾਬ ਵਿਰੋਧੀ ਪਾਰਟੀ ਦਾ ਹਿੱਸਾ ਨਹੀਂ ਰਹਿ ਸਕਦੇ। ਦੱਸ ਦੇਈਏ ਕਿ ਅਕਾਲੀ ਭਾਜਪਾ ਦਾ ਇਹ 22 ਸਾਲ ਪੁਰਾਣਾ ਰਿਸ਼ਤਾ ਸੀ ਜਿਸ ਵਿਚ ਅੱਜ ਵੱਡੀ ਤਰੇੜ ਆਈ ਹੈ।