ਕੈਪਟਨ ਅਮਰਿੰਦਰ ਸਿੰਘ ਨਿਜੀ ਤੌਰ 'ਤੇ ਕੁੱਦਣਗੇ ਕਿਸਾਨ ਅੰਦੋਲਨ ਵਿਚ

ਏਜੰਸੀ

ਖ਼ਬਰਾਂ, ਪੰਜਾਬ

ਕੈਪਟਨ ਅਮਰਿੰਦਰ ਸਿੰਘ ਨਿਜੀ ਤੌਰ 'ਤੇ ਕੁੱਦਣਗੇ ਕਿਸਾਨ ਅੰਦੋਲਨ ਵਿਚ

image

ਅਗਲੇ ਪ੍ਰੋਗਰਾਮ ਦਾ ਐਲਾਨ ਖਟਕੜ ਕਲਾਂ ਦੇ ਰਾਜ ਪਧਰੀ ਸਮਾਗਮ ਵਿਚ ਹਰੀਸ਼ ਰਾਵਤ ਸਮੇਤ ਸਾਰੇ ਮਹੱਤਵਪੂਰਨ ਕਾਂਗਰਸੀ ਮੌਜੂਦ ਰਹਿਣਗੇ

ਚੰਡੀਗੜ੍ਹ, 26 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ): ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਤੇ ਕਰਵਾਏ ਜਾ ਰਹੇ ਰਾਜ ਪਧਰੀ ਸਮਾਗਮ ਦੌਰਾਨ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ 28 ਸਤੰਬਰ ਨੂੰ ਖਟਕੜ ਕਲਾਂ ਵਿਖੇ ਜਾਣਗੇ। ਇਸ ਸਬੰਧੀ ਸਤਵੀਰ ਸਿੰਘ ਪੱਲੀ ਝਿੱਕੀ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਨੇ ਦਸਿਆ ਕਿ ਇਸ ਸਬੰਧੀ ਸਮਾਗਮ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਬਿਲਾਂ ਦੇ ਵਿਰੋਧ ਵਿਚ ਵਿਸ਼ਾਲ ਰੈਲੀ ਨੂੰ ਵੀ ਸੰਬੋਧਨ ਕਰਨਗੇ।
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਸ ਮੌਕੇ ਕਾਂਗਰਸ ਵਲੋਂ ਖੇਤੀਬਾੜੀ ਬਿਲਾਂ ਦੇ ਵਿਰੋਧ ਲਈ ਵੱਡੀ ਤੇ ਵਿਆਪਕ ਰਣਨੀਤੀ ਬਣਾਈ ਜਾਵੇਗੀ। ਇਸ ਸਮਾਗਮ 'ਚ ਸ਼ਾਮਲ ਹੋਣ ਲਈ ਵੱਖ-ਵੱਖ ਖੇਤਰਾਂ ਦੇ ਵੱਡੇ ਆਗੂਆਂ ਤੇ ਵਿਧਾਇਕਾਂ ਨੂੰ ਸੁਨੇਹੇ ਭੇਜ ਦਿਤੇ ਗਏ ਹਨ। ਸੂਤਰ ਦਸਦੇ ਹਨ ਕਿ ਇਸ ਸਮਾਗਮ 'ਚ ਸ਼ਾਮਲ ਹੋਣ ਲਈ ਵਿਸ਼ੇਸ਼ ਤੌਰ 'ਤੇ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਵੀ ਆ ਰਹੇ ਹਨ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਪਹਿਲਾਂ ਹੀ ਇਹ ਐਲਾਨ ਕਰ ਚੁਕੇ ਹਨ ਕਿ ਉਹ ਪੰਜਾਬ ਅੰਦਰ ਇਨ੍ਹਾਂ ਬਿਲਾਂ ਨੂੰ ਲਾਗੂ ਨਹੀਂ ਹੋਣ ਦੇਣਗੇ ਅਤੇ ਉਨ੍ਹਾਂ ਅਦਾਲਤ ਦਾ ਦਰਵਾਜ਼ਾ ਖੜਕਾਉਣ ਦਾ ਵੀ ਮਨ ਬਣਾ ਲਿਆ ਹੈ ਇਸ ਲਈ 28 ਸਤੰਬਰ ਦੇ ਸਮਾਗਮ ਤੋਂ ਬਾਅਦ ਖੇਤੀਬਾੜੀ ਬਿਲਾਂ ਵਿਰੁਧ ਕਾਂਗਰਸ ਦਾ ਨਵਾਂ ਰੂਪ ਸਾਹਮਣੇ ਆਉਣ ਦੀ ਸੰਭਾਵਨਾ ਹੈ।