ਸਰਹਿੰਦ ਨਹਿਰ ਵਿਚ ਹਰਿਆਣਾ ਦੇ ਵਿਅਕਤੀ ਨੇ ਛਾਲ ਮਾਰ ਕੇ ਕੀਤੀ ਆਤਮ ਹਤਿਆ
ਸਰਹਿੰਦ ਨਹਿਰ ਵਿਚ ਹਰਿਆਣਾ ਦੇ ਵਿਅਕਤੀ ਨੇ ਛਾਲ ਮਾਰ ਕੇ ਕੀਤੀ ਆਤਮ ਹਤਿਆ
ਲੁਧਿਆਣਾ, 26 ਸਤੰਬਰ (ਪਪ): ਦਰੋਹਾ ਨੇੜੇ ਤੋਂ ਲੰਘਦੀ ਸਰਹਿੰਦ ਨਹਿਰ ਵਿਚ ਰਾਮਪੁਰ ਰੋਡ ਨੇੜੇ ਬਣੇ ਰੇਲਵੇ ਫਾਟਕ ਉਤੇ ਕਰੀਬ 60 ਸਾਲ ਦੇ ਇਕ ਵਿਅਕਤੀ ਨੇ ਨਹਿਰ ਵਿਚ ਛਾਲ ਮਾਰ ਦਿਤੀ। ਪੁਲਿਸ ਨੇ ਗੋਤਾਖ਼ੋਰਾਂ ਦੀ ਮਦਦ ਨਾਲ ਵਿਅਕਤੀ ਦੀ ਲਾਸ਼ ਨੂੰ ਬਾਹਰ ਕਢਿਆ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਦਰੋਹਾ ਥਾਣਾ ਦੇ ਐਸਐਚਓ ਨਛੱਤਰ ਸਿੰਘ ਨੇ ਦਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਕਿ ਰਾਮਪੁਰ ਰੋਡ ਉਤੇ ਬਣੇ ਰੇਲਵੇ ਫ਼ਾਟਕ ਨੇੜੇ ਇਕ ਵਿਅਕਤੀ ਨੇ ਨਹਿਰ ਵਿਚ ਛਾਲ ਮਾਰ ਦਿਤੀ ਹੈ। ਇਸ ਤੋਂ ਬਾਅਦ ਪੁਲਿਸ ਨੇ ਲੋਕਾਂ ਦੇ ਦਸੇ ਸਥਾਨ ਉਤੇ ਗੋਤਾਖ਼ੋਰਾਂ ਦੀ ਮਦਦ ਨਾਲ ਉਸ ਨੂੰ ਲੱਭਣਾ ਸ਼ੁਰੂ ਕਰ ਦਿਤਾ। ਕੁੱਝ ਦੇਰ ਬਾਅਦ ਉਕਤ ਵਿਅਕਤੀ ਮਿਲ ਗਿਆ। ਗੋਤਾਖ਼ੋਰਾਂ ਨੇ ਉਸ ਨੂੰ ਬਾਹਰ ਕਢਿਆ ਪਰ ਉਦੋਂ ਤਕ ਉਹ ਦਮ ਤੋੜ ਚੁੱਕਿਆ ਸੀ। ਪੁਲਿਸ ਨੇ ਮ੍ਰਿਤਕ ਦੀ ਤਲਾਸ਼ੀ ਲਈ ਤਾਂ ਉਸ ਕੋਲੋ ਮਿਲੇ ਆਧਾਰ ਕਾਰਡ ਨਾਲ ਮ੍ਰਿਤਕ ਦੀ ਪਛਾਣ ਹੋਈ। ਇਸ ਵਿਚ ਮ੍ਰਿਤਕ ਸੁਰਜੀਤ ਸਿੰਘ, ਮਕਾਨ ਨੰਬਰ 388, ਵਾਰਡ ਨੰਬਰ 13, ਕਾਂਠ ਮੰਡੀ, ਫ਼ਤਿਹਬਾਦ, ਹਰਿਆਣਾ ਦਾ ਨਿਵਾਸੀ ਪਾਇਆ ਗਿਆ। ਪੁਲਿਸ ਨੇ ਫਿਲਹਾਲ ਲਾਸ਼ ਨੂੰ 72 ਘੰਟਿਆਂ ਲਈ ਮੋਰਚਰੀ ਵਿਚ ਰੱਖਵਾ ਦਿਤਾ ਹੈ। ਨਾਲ ਹੀ ਮ੍ਰਿਤਕ ਦੇ ਪਰਵਾਰਕ ਮੈਂਬਰਾਂ ਨੂੰ ਤਲਾਸ਼ ਕਰ ਸੂਚਨਾ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਤਮ ਹਤਿਆ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਚਲਿਆ ਹੈ।