ਮਨਪ੍ਰੀਤ ਬਾਦਲ ਨੇ ਦੱਸੀ ਅਕਾਲੀਆਂ ਦੇ ਗੱਠਜੋੜ ਤੋੜਨ ਦੀ ਅਸਲ ਸੱਚਾਈ
ਅਕਾਲੀ ਦਲ ਨੂੰ ਖਦਸ਼ਾ ਸੀ ਕਿ ਉਨ੍ਹਾਂ ਨੂੰ ਐਨਡੀਏ ਤੋਂ ਬਾਹਰ ਕਰ ਦਿੱਤਾ ਜਾਵੇਗਾ
ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਵੱਲੋਂ ਭਾਜਪਾ ਨਾਲ ਨਾਤਾ ਤੋੜਨ 'ਤੇ ਪ੍ਰਤੀਕਿਰਿਆ ਦਿੰਦਿਆਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਨੂੰ ਖਦਸ਼ਾ ਸੀ ਕਿ ਉਨ੍ਹਾਂ ਨੂੰ ਐਨਡੀਏ ਤੋਂ ਬਾਹਰ ਕਰ ਦਿੱਤਾ ਜਾਵੇਗਾ। ਇਸ ਲਈ ਉਨ੍ਹਾਂ ਨੇ ਪਹਿਲਾਂ ਹੀ ਇਹ ਐਲਾਨ ਕਰ ਦਿੱਤਾ ਕਿ ਉਨ੍ਹਾਂ ਨੇ ਆਪਣੇ ਆਪ ਨੂੰ ਗਠਜੋੜ ਤੋਂ ਵੱਖ ਕਰ ਲਿਆ ਹੈ।
ਮਨਪ੍ਰੀਤ ਬਾਦਲ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਨੇ ਕੁੱਝ ਦਿਨ ਪਹਿਲਾਂ ਇੱਕ ਸਪੀਚ ਦਿੱਤੀ ਸੀ। ਜਿਸ ਵਿਚ ਉਨ੍ਹਾਂ ਪ੍ਰਧਾਨ ਮੰਤਰੀ ਲਈ ਕੁਝ ਅਜਿਹੇ ਅਲਫਾਜ਼ ਵਰਤੇ 'ਅਕਾਲੀ ਦਲ ਦੇ ਇਕ ਬੰਬ ਨੇ ਮੋਦੀ ਨੂੰ ਹਰਾ ਦਿੱਤਾ' ਤਾਂ ਬੀਜੇਪੀ ਨੇ ਇਸ ਗੱਲ 'ਤੇ ਨਾਰਾਜ਼ਗੀ ਜਤਾਈ ਸੀ। ਇਸ ਲਈ ਉਨ੍ਹਾਂ ਨੂੰ ਡਰ ਸੀ ਕਿ ਬੀਜੇਪੀ ਸਾਨੂੰ ਕੱਢੇਗੀ ਤਾਂ ਉਸ ਤੋਂ ਪਹਿਲਾਂ ਹੀ ਇਨ੍ਹਾਂ ਨੇ ਅੱਧੀ ਰਾਤ ਕੋਰ ਕਮੇਟੀ ਦੀ ਮੀਟਿੰਗ ਬੁਲਾ ਕੇ ਗਠਜੋੜ ਤੋੜਨ ਦਾ ਫੈਸਲਾ ਕੀਤਾ।
ਹਰਸਿਮਰਤ ਬਾਦਲ ਵੱਲੋਂ ਦਿੱਤੇ ਬਿਆਨ ਕਿ ਇਹ ਵਾਜਪਾਈ-ਬਾਦਲ ਵਾਲਾ ਐਨਡੀਏ ਨਹੀਂ ਹੈ ਤੇ ਪ੍ਰਤੀਕਿਰਿਆ ਦਿੰਦਿਆਂ ਮਨਪ੍ਰੀਤ ਬਾਦਲ ਨੇ ਕਿਹਾ ਹਰਸਿਮਰਤ ਬਾਦਲ ਨੂੰ ਕਦੋਂ ਪਤਾ ਲੱਗਾ, ਦੋ ਦਿਨ ਪਹਿਲਾਂ ਪਤਾ ਲੱਗਾ ਜਾਂ ਹਫਤਾ ਪਹਿਲਾਂ ਪਤਾ ਲੱਗਾ? ਵਾਜਪਾਈ ਵਾਲਾ ਐੱਨਡੀਏ ਤਾਂ ਬਹੁਤ ਪਹਿਲਾਂ ਖ਼ਤਮ ਹੋ ਚੁੱਕਿਆ ਸੀ।