ਸੁਖਬੀਰ ਕਹਿ ਰਿਹੈ ਕਿ 'ਕੇਂਦਰ ਸਰਕਾਰ ਡਰਾ ਦਿਤੀ' ਤਾਂ ਇਹ ਉਸ ਦਾ ਵਹਿਮ ਹੈ : ਮਿੱਤਲ

ਏਜੰਸੀ

ਖ਼ਬਰਾਂ, ਪੰਜਾਬ

ਸੁਖਬੀਰ ਕਹਿ ਰਿਹੈ ਕਿ 'ਕੇਂਦਰ ਸਰਕਾਰ ਡਰਾ ਦਿਤੀ' ਤਾਂ ਇਹ ਉਸ ਦਾ ਵਹਿਮ ਹੈ : ਮਿੱਤਲ

image

ਰੂਪਨਗਰ, 26 ਸਤੰਬਰ (ਕੁਲਵਿੰਦਰ ਭਾਟੀਆ): ਸੁਖਬੀਰ ਸਿੰਘ ਬਾਦਲ ਵਲੋਂ ਦਿਤਾ ਗਿਆ ਬਿਆਨ ਕਿ ਮੈਂ ਬੰਬ ਸੁੱਟ ਦਿਤਾ, ਬਹੁਤ ਹੀ ਤਰਕਹੀਣ ਅਤੇ ਹਾਸੋਹੀਣਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇਥੇ ਸਪੋਕਸਮੈਨ ਨਾਲ ਗੱਲ ਕਰਦਿਆਂ ਭਾਜਪਾ ਦੇ ਸੀਨੀਅਰ ਆਗੂ ਮਦਨ ਮੋਹਨ ਮਿੱਤਲ ਨੇ ਕੀਤਾ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਇਸ ਗੱਲ ਨੂੰ ਸਪੱਸ਼ਟ ਕਰੇ ਕਿ ਇਹ ਬੰਬ ਸੁੱਟਿਆ ਕਿਸ 'ਤੇ ਹੈ। ਮਿੱਤਲ ਨੇ ਕਿਹਾ ਕਿ ਜੇਕਰ ਸੁਖਬੀਰ ਸਿੰਘ ਬਾਦਲ ਕਹਿੰਦੇ ਹਨ ਕਿ ਇਹ ਬੰਬ ਮੈਂ ਐਨਡੀਏ 'ਤੇ ਸੁੱਟ ਦਿਤਾ ਹੈ ਤਾਂ ਇਹ ਬਹੁਤ ਹੀ ਦੁਖਦਾਈ ਗੱਲ ਹੈ ਕਿਉਂਕਿ ਇਹ ਐਨਡੀਏ ਗਠਜੋੜ ਪ੍ਰਕਾਸ਼ ਸਿੰਘ ਬਾਦਲ ਨੇ ਅਪਣੇ ਖ਼ੂਨ ਨਾਲ ਸਿੰਜ ਕੇ ਬਣਾਇਆ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਇਹ ਬਿਆਨ ਦੇ ਕੇ ਅਪਣੇ ਆਪ ਨੂੰ ਇਕ ਮਜ਼ਾਕ ਦਾ ਪਾਤਰ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਜਿਸ ਲਈ ਸੁਖਬੀਰ ਸਿੰਘ ਬਾਦਲ ਵਲੋਂ ਇਹ ਸਾਰੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਉਸ ਕਿਸਾਨ ਨੇ ਹੀ ਸੁਖਬੀਰ ਸਿੰਘ ਬਾਦਲ ਨੂੰ ਨਕਾਰ ਦਿਤਾ ਹੈ ਅਤੇ ਅਪਣਾ ਲੀਡਰ ਨਹੀਂ ਮੰਨਿਆ। ਮਿੱਤਲ ਨੇ ਕਿਹਾ ਕਿ ਕਿਸਾਨਾਂ ਨੇ ਵੋਟਾਂ ਪਾ ਕੇ ਸੁਖਬੀਰ ਸਿੰਘ ਬਾਦਲ ਨੂੰ ਸੰਸਦ ਵਿਚ ਉਨ੍ਹਾਂ ਦੀ ਨੁਮਾਇੰਦਗੀ ਅਤੇ ਉਨ੍ਹਾਂ ਦੀ ਗੱਲ ਕਰਨ ਲਈ ਭੇਜਿਆ ਸੀ ਜੋ ਕਿ ਸੁਖਬੀਰ ਸਿੰਘ ਬਾਦਲ ਨੇ ਨਹੀਂ ਕੀਤੀ ਅਤੇ ਇਸ ਤਰ੍ਹਾਂ ਕਰ ਕੇ ਉਨ੍ਹਾਂ ਨੇ ਇਕ ਵੱਡਾ ਧੋਖਾ ਕਿਸਾਨਾਂ ਨਾਲ ਵੀ ਕੀਤਾ ਹੈ ਜਦਕਿ ਉਨ੍ਹਾਂ ਨੂੰ ਚਾਹੀਦਾ ਸੀ ਕਿ ਜੇਕਰ ਬਿਲ ਵਿਚ ਕੋਈ ਗੱਲ ਸੀ ਤਾਂ ਸੰਸਦ ਵਿਚ ਗੱਲ ਕਰਦੇ ਕਿਉਂਕਿ ਉਹ ਸੱਤਾਧਾਰੀ ਧਿਰ ਦੀ ਭਾਈਵਾਲ ਪਾਰਟੀ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਵਜ਼ਾਰਤ ਬਾਦਲ ਪਿੰਡ ਵਿਚ ਲੱਗੇ ਧਰਨੇ ਤੋਂ ਘਬਰਾ ਕੇ ਛੱਡੀ ਹੈ ਤੇ ਜਿਸ ਰਾਜਨੀਤਕ ਲਾਹੇ ਖ਼ਾਤਰ ਉਨ੍ਹਾਂ ਵਲੋਂ ਵਜ਼ਾਰਤ ਛੱਡੀ ਗਈ ਸੁਖਬੀਰ ਬਾਦਲ ਨੂੰ ਉਹ ਵੀ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਜਿਸ ਦਿਨ ਦਮਦਮਾ ਸਾਹਿਬ ਗਏ ਉਸ ਦਿਨ ਵੀ ਉਨ੍ਹਾਂ ਵਿਰੁਧ ਨਾਹਰੇ ਲੱਗੇ। ਉਨ੍ਹਾਂ ਕਿਹਾ ਕਿ ਜੇ ਸੁਖਬੀਰ ਬਾਦਲ ਬਿਆਨ ਦੇ ਰਿਹਾ ਹੈ ਕਿ ਮੈਂ ਕੇਂਦਰ ਸਰਕਾਰ ਡਰਾ ਦਿਤੀ ਤਾਂ ਇਹ ਉਸ ਦਾ ਵਹਿਮ ਹੈ। ਨਾ ਕੇਂਦਰ ਸਰਕਾਰ ਉਸ ਤੋਂ ਡਰਦੀ ਹੈ ਅਤੇ ਨਾ ਹੀ ਉਸ ਦੀ ਇੰਨੀ ਹਿੰਮਤ ਹੈ ਕਿ ਉਹ ਡਰਾ ਸਕੇ।