ਸਿੱਟ ਨੇ ਫਿਰ ਚਿਪਕਾਇਆ ਸੁਮੇਧ ਸੈਣੀ ਦੀ ਕੋਠੀ ਦੇ ਬਾਹਰ ਨੋਟਿਸ, ਕੱਲ੍ਹ ਪੇਸ਼ ਹੋਣ ਦੇ ਹੁਕਮ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਥਾਣਾ ਮੁਖੀ ਨੇ ਖ਼ੁਦ ਸੈਣੀ ਦੀ ਚੰਡੀਗੜ੍ਹ ਦੇ ਸੈਕਟਰ 20 ਵਿਚ ਸਥਿਤ ਕੋਠੀ ਦੇ ਬਾਹਰ ਮੁੱਖ ਗੇਟ ’ਤੇ ਚਿਪਕਾਇਆ ਨੋਟਿਸ

Sumedh Singh Saini

ਚੰਡੀਗੜ੍ਹ - ਬਲਵੰਤ ਸਿੰਘ ਮੁਲਤਾਨੀ ਨੂੰ ਤਿੰਨ ਦਹਾਕੇ ਪਹਿਲਾਂ ਅਗਵਾ ਕਰਨ ਮਗਰੋਂ ਭੇਤਭਰੀ ਹਾਲਤ ਵਿਚ ਲਾਪਤਾ ਕਰਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਅੱਜ ਦੂਜਾ ਨੋਟਿਸ ਜਾਰੀ ਕੀਤਾ ਗਿਆ ਹੈ।

ਮਟੌਰ ਥਾਣਾ ਦੇ ਐੱਸਐਚਓ ਦੇ ਦਸਖ਼ਤਾਂ ਹੇਠ ਅੱਜ ਜਾਰੀ ਕੀਤੇ ਨੋਟਿਸ ਵਿਚ ਸੈਣੀ ਨੂੰ ਕੱਲ੍ਹ 28 ਸਤੰਬਰ ਨੂੰ ਸਵੇਰੇ 11 ਵਜੇ ਮਟੌਰ ਥਾਣੇ 'ਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਸਿੱਟ) ਕੋਲ ਤਫ਼ਤੀਸ਼ ਵਿਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ। ਥਾਣਾ ਮੁਖੀ ਨੇ ਖ਼ੁਦ ਸੈਣੀ ਦੀ ਚੰਡੀਗੜ੍ਹ ਦੇ ਸੈਕਟਰ 20 ਵਿਚ ਸਥਿਤ ਕੋਠੀ ਦੇ ਬਾਹਰ ਮੁੱਖ ਗੇਟ ’ਤੇ ਨੋਟਿਸ ਚਿਪਕਾਇਆ ਹੈ।

ਇਸ ਤੋਂ ਇਲਾਵਾ ਸੈਣੀ ਦੇ ਵਕੀਲਾਂ ਨੂੰ ਵੀ ਵਸਟਅੱਪ ’ਤੇ ਨੋਟਿਸ ਦੀ ਕਾਪੀ ਭੇਜੀ ਗਈ ਹੈ। ਇਸ ਤੋਂ ਪਹਿਲਾਂ ਵੀ 21 ਸਤੰਬਰ ਨੂੰ ਸੈਣੀ ਨੂੰ ਅਜਿਹਾ ਨੋਟਿਸ ਭੇਜ ਕੇ 23 ਸਤੰਬਰ ਨੂੰ ਸਿੱਟ ਦੇ ਸਾਹਮਣੇ ਪੇਸ਼ ਹੋਣ ਲਈ ਆਖਿਆ ਗਿਆ ਸੀ ਪਰ ਉਹ ਉਸ ਦਿਨ ਥਾਣੇ ਨਹੀਂ ਪੁੱਜਿਆ ਸਗੋਂ ਪਿਛਲੇ ਦਿਨੀਂ ਅਚਾਨਕ ਜ਼ਿਲ੍ਹਾ ਪੁਲਿਸ ਹੈੱਡਕੁਆਰਟਰ 'ਗੇੜਾ' ਮਾਰ ਕੇ ਪਰਤ ਗਿਆ।