ਸ਼ੁਰੂ ਤੋਂ ਹੀ ਮਨੰੂਵਾਦੀਏ ਸਿੱਖੀ ਨਾਲ ਦੁਸ਼ਮਣੀ ਕਮਾਉਂਦੇ ਆਏ ਹਨ: ਪਰਮਜੀਤ ਕੌਰ ਖਾਲੜਾ

ਏਜੰਸੀ

ਖ਼ਬਰਾਂ, ਪੰਜਾਬ

ਸ਼ੁਰੂ ਤੋਂ ਹੀ ਮਨੰੂਵਾਦੀਏ ਸਿੱਖੀ ਨਾਲ ਦੁਸ਼ਮਣੀ ਕਮਾਉਂਦੇ ਆਏ ਹਨ: ਪਰਮਜੀਤ ਕੌਰ ਖਾਲੜਾ

image


ਅੱਜ ਕਿਸਾਨਾਂ ਵਲੋਂ ਕੀਤੇ ਜਾ ਰਹੇ ਭਾਰਤ ਬੰਦ ਦੀ ਜ਼ੋਰਦਾਰ ਹਮਾਇਤ ਕੀਤੀ

ਅੰਮਿ੍ਤਸਰ, 26 ਸਤੰਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਅੱਜ ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਦੇ ਸਰਪ੍ਰਸਤ ਬੀਬੀ ਪ੍ਰਮਜੀਤ ਕੌਰ ਖਾਲੜਾ ਅਤੇ ਆਗੂਆਂ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਮਨੰੂਵਾਦੀਏ ਝੂਠੇ ਬਿਰਤਾਂਤ ਸਿਰਜ ਕੇ ਸਿੱਖਾਂ, ਮੁਸਲਮਾਨਾਂ, ਘੱਟ-ਗਿਣਤੀਆਂ, ਕਿਸਾਨਾਂ, ਗ਼ਰੀਬਾਂ ਨੂੰ  ਅਤਿਵਾਦੀ ਠਹਿਰਾ ਕੇ ਪਾਪਾਂ ਨਾਲ ਜਾਇਦਾਦਾਂ ਦੇ ਅੰਬਾਰ ਲਾਉਂਦੇ ਹਨ ਅਤੇ ਝੂਠੇ ਵਿਕਾਸ, ਝੂਠੇ ਇਨਸਾਫ਼ ਵਾਲਾ ਰਾਜ ਭਾਗ ਚਲਾਉਂਦੇ ਹਨ | 
ਖਾਲੜਾ ਮਿਸ਼ਨ ਨੇ ਕਿਹਾ ਕਿ ਮਨੰੂਵਾਦੀਉ ਸ੍ਰੀ ਦਰਬਾਰ ਸਾਹਿਬ 'ਤੇ ਫ਼ੌਜਾਂ ਤੁਸੀਂ ਚੜਾਉ, ਪੰਜਾਬ ਅੰਦਰ ਝੂਠੇ ਮੁਕਾਬਲਿਆਂ ਦਾ ਹਨੇਰ ਤੁਸੀਂ ਪਾਉ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਵਾ ਕੇ ਦੋਸ਼ੀਆਂ ਨੂੰ  ਬਚਾਉ, ਝੂਠੇ ਕੇਸਾਂ ਵਿਚ ਨੌਜਵਾਨਾਂ ਨੂੰ  ਫਸਾ ਕੇ ਜੇਲਾਂ ਵਿਚ ਸੁੱਟੋ, ਮਸਜਿਦਾਂ ਤੁਸੀਂ ਢਾਹੋ, ਦੋਸ਼ੀ ਫਿਰ ਸਿੱਖਾਂ ਨੂੰ  ਠਹਿਰਾਉ, ਅਤਿਵਾਦੀ ਸਿੱਖਾਂ ਨੂੰ  ਠਹਿਰਾਉ | ਬੀਬੀ ਪ੍ਰਮਜੀਤ ਕੌਰ ਖਾਲੜਾ ਨੇ ਕਿਹਾ ਕਿ ਪੰਜਾਬ ਦੇ ਸਾਬਕਾ ਗਵਰਨਰ ਬੀ.ਡੀ.ਪਾਂਡੇ ਨੇ ਅਪਣੀਆਂ ਯਾਦਾਂ ਵਿਚ ਕਿਹਾ ਹੈ 

ਕਿ ਸ੍ਰੀ ਦਰਬਾਰ ਸਾਹਿਬ 'ਤੇ ਫ਼ੌਜੀ ਹਮਲੇ ਤੋਂ ਪਹਿਲਾਂ ਝੂਠੇ ਬਿਰਤਾਂਤ ਸਿਰਜੇ ਗਏ ਅਤੇ ਦੋਸ਼ੀ ਵੀ ਸਿੱਖਾਂ ਨੂੰ  ਠਹਿਰਾਇਆ ਗਿਆ | ਉਨ੍ਹਾਂ ਕਿਹਾ ਕਿ ਸਿੱਖੀ ਦੇ ਜਨਮ ਤੋਂ ਹੀ ਮੰਨੂਵਾਦੀਏ ਸਿੱਖੀ ਨਾਲ ਦੁਸ਼ਮਣੀ ਕਮਾਉਂਦੇ ਆਏ ਹਨ ਅਤੇ ਅੱਜ ਵੀ ਇਹ ਸਿਲਸਿਲਾ ਜਾਰੀ ਹੈ | ਨਿਤ ਨਵੀਆਂ ਕਹਾਣੀਆਂ ਘੜੀਆਂ ਜਾ ਰਹੀਆਂ ਹਨ ਕਦੀ ਡਰੋਨਾਂ ਦੀਆਂ, ਕਦੀ ਟਿਫਨ ਬੰਬਾਂ ਦੀਆਂ ਤਾਕਿ ਸਿੱਖ ਜਵਾਨੀ ਨੂੰ  ਅਤਿਵਾਦੀ ਆਖ ਕੇ ਜੇਲਾਂ ਵਿਚ ਸੁੱਟਿਆ ਜਾ ਸਕੇ |
ਤਰਨਤਾਰਨ ਦੇ ਭਿੱਖੀਵਿੰਡ ਏਰੀਏ ਤੋਂ ਮੋਗੇ ਦੇ ਤਿੰਨ ਨੌਜਵਾਨਾਂ ਦੀ ਗਿ੍ਫ਼ਤਾਰੀ ਵੀ ਇਸੇ ਲੜੀ ਵਿਚ ਹੈ | ਪਹਿਲਾਂ ਵੀ ਸੁਰਸਿੰਘ ਪਿੰਡ ਵਿਚ ਦੋ ਨਿਹੰਗ ਸਿੰਘਾਂ ਦਾ ਪੁਲਿਸ ਵਲੋਂ ਕਤਲ ਹੋਇਆ | ਖਾਲੜਾ ਮਿਸ਼ਨ ਮੰਗ ਕਰਦਾ ਹੈ ਕਿ ਐਨ.ਆਈ.ਏ ਤੇ ਪੰਜਾਬ ਪੁਲਿਸ ਵਲੋਂ ਨੌਜਵਾਨਾਂ ਦੀਆਂ ਕੀਤੀਆਂ ਜਾ ਰਹੀਆਂ ਗਿ੍ਫ਼ਤਾਰੀਆਂ ਦੀ ਨਿਰਪੱਖ ਪੜਤਾਲ ਹੋਵੇ ਤਾਕਿ ਸੱਚਾਈ ਸੰਸਾਰ ਦੇ ਸਾਹਮਣੇ ਆ ਸਕੇ | ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਅਡਾਨੀ ਦੀ ਮੁੰਦਰਾ ਬੰਦਰਗਾਹ ਤੋਂ 15000 ਕਰੋੜ ਰੁਪਏ ਦੀ ਹੈਰੋਇਨ ਫੜੀ ਗਈ ਪਰ ਐਨ.ਆਈ.ਏ ਨੇ ਉਧਰ ਮੂੰਹ ਨਹੀਂ ਕੀਤਾ | ਗੁਰਾਂ ਦਾ ਪੰਜਾਬ ਪੁਛਦਾ ਹੈ ਦਸੋ ਅਡਾਨੀ ਦੀ ਬੰਦਰਗਾਹ ਤੋਂ ਪਿਛਲੇ ਮਹੀਨਿਆਂ ਵਿਚ ਆਈ 175000 ਕਰੋੜ ਰੁਪਏ ਦੀ ਡਰੱਗਜ਼ ਪੰਜਾਬ ਸਮੇਤ ਕਿਥੇ ਕਿਥੇ ਵੰਡੀ ਗਈ? ਉਨ੍ਹਾਂ ਕਿਹਾ ਕਿ ਜਿਹੜੀਆਂ ਧਿਰਾਂ ਨੇ ਕਾਲੇ ਕਾਨੂੰਨ ਯੂ.ਏ.ਪੀ.ਏ. ਨੂੰ  ਪਾਸ ਕਰਵਾਇਆ ਉਨ੍ਹਾਂ ਨੇ ਹੀ ਖੇਤੀ ਸਬੰਧੀ ਕਾਲੇ ਕਾਨੂੰਨਾਂ ਨੂੰ  ਪਾਸ ਕਰਾਉਣ ਵਿਚ ਰੋਲ ਅਦਾ ਕੀਤਾ | ਉਨ੍ਹਾਂ 27 ਤਾਰੀਕ ਦੇ ਕਿਸਾਨਾਂ ਵਲੋਂ ਕੀਤੇ ਜਾ ਰਹੇ ਭਾਰਤ ਬੰਦ ਦੀ ਜ਼ੋਰਦਾਰ ਹਮਾਇਤ ਕੀਤੀ |