ਪੰਜਾਬ 'ਚ ਗੈਂਗਸਟਰਾਂ ਦੀ ਭਰਤੀ 'ਮੁਕਾਬਲਾ': ਗੋਲਡੀ ਬਰਾੜ ਨੇ 18-19 ਸਾਲ ਦੇ ਲੜਕਿਆਂ ਨੂੰ ਦਿੱਤਾ ਸੱਦਾ

ਏਜੰਸੀ

ਖ਼ਬਰਾਂ, ਪੰਜਾਬ

ਬੰਬੀਹਾ ਗੈਂਗ ਨੇ ਵਟਸਐਪ ਨੰਬਰ ਕੀਤਾ ਜਾਰੀ

Gangster recruitment 'competition' in Punjab

 


ਮੁਹਾਲੀ: ਹੁਣ ਪੰਜਾਬ ਵਿਚ ਗੈਂਗਸਟਰਾਂ ਦੀ ਭਰਤੀ ਵੀ ਸ਼ੁਰੂ ਹੋ ਗਈ ਹੈ। ਇੰਨਾ ਹੀ ਨਹੀਂ ਭਰਤੀ ਨੂੰ ਲੈ ਕੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੈ। ਨੌਜਵਾਨਾਂ ਨੂੰ ਆਪਣੇ ਗੈਂਗ 'ਚ ਸ਼ਾਮਲ ਕਰਨ ਲਈ ਜਿੱਥੇ ਬੰਬੀਹਾ ਗੈਂਗ ਨੇ ਨੰਬਰ ਜਾਰੀ ਕੀਤਾ ਹੈ। ਇਸ ਤੋਂ ਬਾਅਦ ਗੈਂਗਸਟਰ ਗੋਲਡੀ ਬਰਾੜ ਨੇ ਨੌਜਵਾਨਾਂ ਨੂੰ ਸਿੱਧੇ ਫੋਨ ਕਰਨੇ ਸ਼ੁਰੂ ਕਰ ਦਿੱਤੇ ਹਨ।

ਸੂਤਰ ਦੱਸਦੇ ਹਨ ਕਿ ਗੋਲਡੀ ਬਰਾੜ ਦਿੱਲੀ, ਹਰਿਆਣਾ, ਰਾਜਸਥਾਨ ਅਤੇ ਪੰਜਾਬ ਦੇ ਨੌਜਵਾਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਗੋਲਡੀ ਬਰਾੜ ਦਾ ਨਿਸ਼ਾਨਾ 18-19 ਸਾਲ ਦੀ ਉਮਰ ਦੇ ਨੌਜਵਾਨ ਹਨ। ਉਹ ਲਾਰੈਂਸ ਗੈਂਗ ਵਿਚ ਸ਼ਾਮਲ ਹੋ ਕੇ ਜੁਰਮ ਦੀ ਦੁਨੀਆ ਵਿਚ ਨਾਂ ਚਮਕਾਉਣ ਦਾ ਭਰਮ ਪਾ ਰਿਹਾ ਹੈ। ਉਸ ਨੇ ਹਰਿਆਣਾ ਦੇ ਸਭ ਤੋਂ ਘੱਟ ਉਮਰ ਦੇ ਨੌਜਵਾਨ ਨਿਸ਼ਾਨੇ ਬਾਜ਼ ਅੰਕਿਤ ਸੇਰਸਾ ਨੂੰ ਵੀ ਇਸੇ ਤਰ੍ਹਾਂ ਤਿਆਰ ਕੀਤਾ ਸੀ।

ਅੰਕਿਤ ਸੇਰਸਾ ਨੂੰ ਫੜੇ ਜਾਣ ਤੋਂ ਬਾਅਦ ਪੁਲਿਸ ਪੁੱਛਗਿੱਛ ਦੌਰਾਨ ਸੇਰਸਾ ਨੇ ਦੱਸਿਆ ਕਿ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਉਸ ਨੇ ਗੋਲਡੀ ਨਾਲ ਗੱਲ ਕੀਤੀ ਸੀ। ਗੋਲਡੀ ਨੇ ਕਿਹਾ ਸੀ ਕਿ ਉਹ ਹਰਿਆਣੇ ਦਾ ਨੰਬਰ ਇਕ ਡੌਨ ਬਣ ਜਾਵੇਗਾ। ਹਰਿਆਣਾ ਵਿਚ ਹਰ ਕੋਈ ਉਸ ਤੋਂ ਡਰੇਗਾ। ਉਹ ਜਿਸ ਤੋਂ ਚਾਹੇ ਫਿਰੌਤੀ ਮੰਗ ਸਕਦਾ ਹੈ।

ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰਾਂ ਨੇ ਨੌਜਵਾਨਾਂ ਨੂੰ ਆਪਣੇ ਗੈਂਗ ਨਾਲ ਜੋੜਨ ਲਈ ਨਵਾਂ ਤਰੀਕਾ ਲੱਭਿਆ ਹੈ। ਗੈਂਗਸਟਰਾਂ ਨੇ ਫੇਸਬੁੱਕ ਜਾਂ ਇੰਸਟਾਗ੍ਰਾਮ ਆਦਿ 'ਤੇ ਨੌਜਵਾਨਾਂ ਦੀਆਂ ਪੋਸਟਾਂ ਦੇਖਣੀਆਂ ਸ਼ੁਰੂ ਕਰ ਦਿੱਤੀਆਂ ਹਨ। ਜਿਹੜੇ ਨੌਜਵਾਨ ਹਥਿਆਰਾਂ ਨੂੰ ਪ੍ਰਮੋਟ ਕਰਦੇ ਹੋਏ ਵੀਡੀਓ ਰੀਲਜ਼ ਬਣਾਉਂਦੇ ਹਨ ਜਾਂ ਇੰਨਾ ਹੀ ਕਹਿ ਲਵੋ ਕਿ ਜਿਹੜੇ ਨੌਜਵਾਨ ਗੈਂਗਸਟਰ ਕਲਚਰ ਵਿਚ ਥੋੜ੍ਹਾ-ਬਹੁਤ ਦਿਲਚਸਪੀ ਰੱਖਦੇ ਹਨ, ਉਨ੍ਹਾਂ ਦੀਆਂ ਪੋਸਟਾਂ ਵਿਦੇਸ਼ਾਂ ਵਿਚ ਬੈਠੇ ਗੈਂਗਸਟਰਾਂ ਨੇ ਨੋਟ ਕਰ ਲਈਆਂ ਹਨ, ਤਾਂ ਜੋ ਉਹ ਸਮੇਂ ਸਿਰ ਉਨ੍ਹਾਂ ਨੌਜਵਾਨਾਂ ਨੂੰ ਆਪਣੇ ਗੈਂਗ ਵਿਚ ਸ਼ਾਮਲ ਕਰ ਸਕਣ।

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਲਾਰੈਂਸ ਗੈਂਗ ਨੇ ਮੂਸੇਵਾਲਾ ਨੂੰ ਬੰਬੀਹਾ ਗੈਂਗ ਨਾਲ ਜੋੜਿਆ। ਇਸ ਤੋਂ ਬਾਅਦ ਬੰਬੀਹਾ ਗੈਂਗ ਨੇ ਕਿਹਾ ਸੀ ਕਿ ਬੇਸ਼ੱਕ ਮੂਸੇਵਾਲਾ ਦਾ ਉਨ੍ਹਾਂ ਦੇ ਗੈਂਗ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਪਰ ਹੁਣ ਜੇਕਰ ਲਾਰੈਂਸ ਗੈਂਗ ਨੇ ਮੂਸੇਵਾਲਾ ਦਾ ਨਾਂ ਬੰਬੀਹਾ ਗੈਂਗ ਨਾਲ ਜੋੜਿਆ ਹੈ ਤਾਂ ਹੁਣ ਬੰਬੀਹਾ ਗੈਂਗ ਮੂਸੇਵਾਲਾ ਦੇ ਕਤਲ ਦਾ ਬਦਲਾ ਗੋਲਡੀ ਬਰਾੜ, ਲਾਰੈਂਸ ਅਤੇ ਜੱਗੂ ਭਗਵਾਨਪੁਰੀਆ ਦਾ ਕਤਲ ਕਰ ਕੇ ਲੈਣਗੇ। ਅਜਿਹੇ 'ਚ ਦੋਵੇਂ ਗੈਂਗ ਇਕ-ਦੂਜੇ ਦੀ ਜਾਨ ਦੇ ਪਿਆਸੇ ਹਨ।