ਅਮਰੀਕਾ ਤੋਂ ਕੱਢੀ ਗਈ 73 ਸਾਲਾ ਬਜ਼ੁਰਗ ਨੇ ਆਪਣਾ ਦਰਦ ਕੀਤਾ ਬਿਆਨ
1992 ਤੋਂ ਰਹਿ ਰਹੀ ਸੀ ਅਮਰੀਕਾ 'ਚ: ਹਰਜੀਤ ਕੌਰ
ਚੰਡੀਗੜ੍ਹ: ਪੰਜਾਬ ਦੀ ਰਹਿਣ ਵਾਲੀ 73 ਸਾਲਾ ਹਰਜੀਤ ਕੌਰ ਨੂੰ 34 ਸਾਲਾਂ ਬਾਅਦ ਅਮਰੀਕਾ ਨੇ ਡਿਪੋਰਟ ਕਰ ਦਿੱਤਾ ਅਤੇ ਭਾਰਤ ਭੇਜ ਦਿੱਤਾ। ਭਾਰਤੀ ਪ੍ਰਵਾਸੀਆਂ ਦੇ ਅਧਿਕਾਰਾਂ ਨਾਲ ਜੁੜੀਆਂ ਸੰਸਥਾਵਾਂ ਨੇ ਇਸ ਨੂੰ ਬੇਲੋੜਾ ਕਦਮ ਦੱਸਿਆ ਹੈ। ਹਰਜੀਤ ਕੌਰ ਨੇ ਰੋਜ਼ਾਨਾ ਸਪੋਕਸਮੈਨ ਦੀ ਟੀਮ ਨਾਲ ਖਾਸ ਗੱਲਬਾਤ ਕੀਤੀ।
ਅਮਰੀਕਾ ਤੋਂ ਕੱਢੀ ਗਈ 73 ਸਾਲਾ ਬਜ਼ੁਰਗ ਨੇ ਆਪਣਾ ਦਰਦ ਬਿਆਨ ਕਰਦਿਆਂ ਕਿਹਾ ਕਿ 2012 ਤੋਂ ਮੇਰੇ 'ਤੇ ਡੀਪੋਰਟੇਸ਼ਨ ਲੱਗੀ ਸੀ। ਇਸ ਦੌਰਾਨ ਮੈਂ 6 ਮਹੀਨੇ ਬਾਅਦ ਹਾਜ਼ਰੀ ਲਗਵਾਉਣ ਜਾਂਦੀ ਸੀ। ਉਨ੍ਹਾਂ ਕਿਹਾ ਕਿ 8 ਸਤੰਬਰ ਨੂੰ ਜਦੋਂ ਮੈਂ ਆਪਣੀ ਹਾਜ਼ਰੀ ਲਗਵਾਉਣ ਲਈ ਗਈ ਤਾਂ ਮੈਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮੇਰੇ ਕੋਲ ਵਰਕ ਪਰਮਿਟ, ਆਈਡੀ, ਲਾਇਸੈਂਸ ਸਾਰਾ ਕੁਝ ਸੀ। ਉਨ੍ਹਾਂ ਕਿਹਾ ਕਿ ਮੈਂ ਰਾਤ ਭਰ ਕਮਰੇ ਵਿਚ ਇਕੱਲੀ ਰਹੀ ਅਤੇ ਉੱਥੇ ਬਹੁਤ ਠੰਢ ਸੀ। ਫਿਰ ਮੈਨੂੰ ਫਰਿਜ਼ਨੋ ’ਚ ਸਾਰਾ ਦਿਨ ਰੱਖਿਆ ਗਿਆ। ਇਸ ਤੋਂ ਬਾਅਦ ਮੇਰੀ ਸਾਰੀ ਕਾਗਜ਼ੀ ਕਾਰਵਾਈ ਕਰਕੇ, ਜਿਥੇ ਸਾਰੀਆਂ ਔਰਤਾਂ ਬੰਦ ਸਨ ਮੈਨੂੰ ਉੱਥੇ ਲੈ ਗਏ। ਉਨ੍ਹਾਂ ਕਿਹਾ ਕਿ ਮੈਨੂੰ ਹੱਥਕੜੀਆਂ ਲਗਾ ਕੇ ਲਿਜਾਇਆ ਗਿਆ। ਉਹ ਖਾਣ ਨੂੰ ਮਾਸਾਹਾਰੀ ਦਿੰਦੇ ਸਨ, ਉਹ ਮੈਂ ਨਹੀਂ ਖਾਂਦੀ ਸੀ। ਉਨ੍ਹਾਂ ਕਿਹਾ ਕਿ ਕੋਈ ਵੀ ਗੱਲ਼ ਕਰ ਲਓ, ਪਰ USA ਪੁਲਿਸ ਕੁੱਝ ਨਹੀਂ ਸੁਣਦੀ।
ਹਰਜੀਤ ਕੌਰ ਨੇ ਕਿਹਾ ਕਿ ਜਿਸ ਜਹਾਜ਼ ਰਾਹੀਂ ਉਨ੍ਹਾਂ ਨੂੰ ਵਾਪਸ ਭੇਜਿਆ ਗਿਆ, ਉਸ ਵਿਚ 132 ਲੋਕ ਸਵਾਰ ਸਨ। ਉਨ੍ਹਾਂ ਕਿਹਾ ਕਿ ਅਮਰੀਕਾ ਵਿਚ ਟਰੰਪ ਕਰਕੇ ਸਖ਼ਤਾਈ ਹੈ। ਮੈਂ 1992 ਤੋਂ ਉੱਥੇ ਰਹਿ ਰਹੀ ਸੀ, ਪਰ ਹੁਣ ਬਹੁਤ ਸਖ਼ਤਾਈ ਹੈ। ਹੁਣ ਤਾਂ ਉਹ ਗਰੀਨ ਕਾਰਡ ਵਾਲਾ ਵੀ ਨਹੀਂ ਛੱਡ ਰਹੇ। ਹਰਜੀਤ ਕੌਰ ਨੇ ਕਿਹਾ ਕਿ ਉਹ ਟਰੱਕ ਡਰਾਈਵਰਾਂ ਨੂੰ ਜ਼ਿਆਦਾ ਫੜ੍ਹ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਗੰਭੀਰ ਬੀਮਾਰੀਆਂ ਹੁੰਦੇ ਹੋਏ ਵੀ ਦਵਾਈ ਨਹੀਂ ਦਿੱਤੀ ਗਈ। ਉੱਥੇ ਕੜਾਕੇ ਦੀ ਠੰਢ ਦੇ ਬਾਵਜੂਦ ਸਿਰਫ ਇੱਕ ਚਾਦਰ ਦਿੱਤੀ ਗਈ। ਉਨ੍ਹਾਂ ਨੇ ਸਿਰਫ ਚਿਪਸ ਤੇ ਸੈਂਡਵਿੱਚ ਨਾਲ ਹੀ ਆਪਣਾ ਗੁਜ਼ਾਰਾ ਕੀਤਾ।
ਹਰਜੀਤ ਕੌਰ ਨੇ ਕਿਹਾ ਕਿ ਉਹ ਕੈਲੀਫੋਰਨੀਆ ਦੇ ਈਸਟ ਬੇਅ ਏਰੀਆ ਵਿੱਚ ਇੱਕ ਭਾਰਤੀ ਕੱਪੜਿਆਂ ਦੀ ਦੁਕਾਨ ਵਿੱਚ ਲੰਬੇ ਸਮੇਂ ਤੱਕ ਰਹਿੰਦੀ ਅਤੇ ਕੰਮ ਕਰਦੀ ਰਹੀ। 2012 ਤੋਂ ਹਰਜੀਤ ਕੌਰ ਸ਼ਰਣ ਦਾ ਦਰਜਾ ਪ੍ਰਾਪਤ ਕਰਨ ਲਈ ਸੰਘਰਸ਼ ਕਰ ਰਹੀ ਹੈ। ਹਾਲਾਂਕਿ ਉਸ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਸੀ, ਉਹ ਹਰ ਛੇ ਮਹੀਨਿਆਂ ਬਾਅਦ ਸੈਨ ਫਰਾਂਸਿਸਕੋ ਇਮੀਗ੍ਰੇਸ਼ਨ ਦਫ਼ਤਰ ਵਿੱਚ ਰਿਪੋਰਟ ਕਰਦੀ ਰਹੀ। ਉਸ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਉਹ ਯਾਤਰਾ ਦਸਤਾਵੇਜ਼ਾਂ ਨੂੰ ਅੰਤਿਮ ਰੂਪ ਦੇਣ ਤੱਕ ਨਿਗਰਾਨੀ ਹੇਠ ਅਮਰੀਕਾ ਵਿੱਚ ਰਹਿ ਸਕਦੀ ਹੈ। ਹਾਲਾਂਕਿ, ਇੱਕ ਨਿਯਮਤ ਨਿਰੀਖਣ ਦੌਰਾਨ, ਆਈਸੀਈ ਅਧਿਕਾਰੀਆਂ ਨੇ ਅਚਾਨਕ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਉਸ ਨੂੰ ਬੇਕਰਸਫੀਲਡ ਤੋਂ ਲਾਸ ਏਂਜਲਸ, ਫਿਰ ਜਾਰਜੀਆ ਅਤੇ ਫਿਰ ਦਿੱਲੀ ਭੇਜ ਦਿੱਤਾ।