ਗਰਮਖਿਆਲੀ ਅੱਤਵਾਦੀ ਪਰਮਿੰਦਰ ਸਿੰਘ ਪਿੰਦੀ ਨੂੰ ਆਬੂਧਾਬੀ ਤੋਂ ਲਿਆਂਦਾ ਗਿਆ ਭਾਰਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ

Radical terrorist Parminder Singh Pindi brought to India from Abu Dhabi

 terrorist Parminder Singh Pindi news : ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਪੰਜਾਬ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਗਰਮਖਿਆਲੀ ਅੱਤਵਾਦੀ ਪਰਮਿੰਦਰ ਸਿੰਘ ਪਿੰਦੀ ਨੂੰ ਆਬੂਧਾਬੀ ਤੋਂ ਲਿਆ ਕੇ ਭਾਰਤ ਹਵਾਲੇ ਕਰ ਦਿੱਤਾ। ਪਰਮਿੰਦਰ ਸਿੰਘ ਪਿੰਦੀ ਗਰਮਖਿਆਲੀ ਪੱਖੀ ਅੱਤਵਾਦੀਆਂ ਹਰਵਿੰਦਰ ਸਿੰਘ ਉਰਫ਼ ਰਿੰਦਾ ਅਤੇ ਹੈਪੀ ਪਾਸੀਅਨ ਗਿਰੋਹ  ਨਾਲ ਜੁੜਿਆ ਹੋਇਆ ਇਕ ਅੱਤਵਾਦੀ ਹੈ। ਪਿੰਦੀ ਜਬਰਨ ਵਸੂਲੀ ਸਮੇਤ ਕਈ ਅਪਰਾਧਿਕ ਮਾਮਲਿਆਂ ਵਿਚ ਪੰਜਾਬ ਪੁਲਿਸ ਨੂੰ ਲੋੜੀਂਦਾ ਸੀ।

ਜ਼ਿਕਰਯੋਗ ਹੈ ਕਿ 24 ਸਤੰਬਰ ਨੂੰ ਪੰਜਾਬ ਪੁਲਿਸ ਦੀ ਇਕ ਟੀਮ, ਕੇਂਦਰੀ ਵਿਦੇਸ਼ ਮੰਤਰਾਲੇ ਅਤੇ ਯੂਏਈ ਅਧਿਕਾਰੀਆਂ ਦੀ ਸਹਾਇਤਾ ਨਾਲ ਪਰਮਿੰਦਰ ਪਿੰਦੀ ਦੀ ਹਵਾਲਗੀ ਲਈ ਯੂਏਈ ਪਹੁੰਚੀ ਸੀ, ਜਿਸ ਤੋਂ ਬਾਅਦ ਪਿੰਦੀ ਨੂੰ ਹੁਣ ਪੰਜਾਬ ਵਾਪਸ ਲਿਆਂਦਾ ਗਿਆ ਹੈ। ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਇਸ ਹਵਾਲਗੀ ਲਈ ਕੇਂਦਰੀ ਵਿਦੇਸ਼ ਮੰਤਰਾਲੇ, ਯੂਏਈ ਸਰਕਾਰ ਅਤੇ ਭਾਰਤੀ ਕੇਂਦਰੀ ਏਜੰਸੀਆਂ ਦਾ ਧੰਨਵਾਦ ਕੀਤਾ ਹੈ।

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ’ਤੇ ਪਾਈ ਪੋਸਟ ’ਚ ਕਿਹਾ ਕਿ ਇਸ ਕਾਰਵਾਈ ਤਹਿਤ ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਅੱਤਵਾਦੀ ਪਰਮਿੰਦਰ ਸਿੰਘ ੳਰਫ਼ ਪਿੰਦੀ ਨੂੰ ਆਬੂਧਾਬੀ ਤੋਂ ਲਿਆ ਕੇ ਭਾਰਤ ਹਵਾਲੇ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪਿੰਦੀ ਵਿਦੇਸ਼ੀ ਅੱਤਵਾਦੀ ਹਰਵਿੰਦਰ ਸਿੰਘ ਉਰਫ਼ ਰਿੰਦਾ ਅਤੇ ਹੈਪੀ ਪਾਸੀਅਨ ਦਾ ਨਜ਼ਦੀਕੀ ਸਾਥੀ ਹੈ ਅਤੇ ਉਹ ਬਟਾਲਾ ਖੇਤਰ ’ਚ ਪੈਟਰੋਲ ਬੰਬ ਹਮਲੇ, ਹਿੰਸਕ ਹਮਲੇ ਅਤੇ ਜਬਰਨ ਵਸੂਲੀ ਸਮੇਤ ਕਈ ਘਿਨਾਉਣੇ ਅਪਰਾਧਾਂ ਵਿਚ ਸ਼ਾਮਲ ਹੈ।