ਬਗ਼ਾਵਤ ਤੋਂ ਡਰੇ ਸੁਖਬੀਰ ਨੇ ਅੱਜ ਸੱਦੀ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਮੀਟਿੰਗ
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਵਿਚ ਬਾਦਲਾਂ ਦਾ ਨਾਂ ਆਉਣ ਮਗਰੋਂ ਪਾਰਟੀ........
ਚੰਡੀਗੜ੍ਹ : ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਵਿਚ ਬਾਦਲਾਂ ਦਾ ਨਾਂ ਆਉਣ ਮਗਰੋਂ ਪਾਰਟੀ ਅੰਦਰ ਬਗ਼ਾਵਤ ਦੀ ਚੱਲ ਰਹੀ ਹਨੇਰੀ ਠੱਲ੍ਹਣ ਦਾ ਨਾਮ ਨਹੀਂ ਲੈ ਰਹੀ। ਪਾਰਟੀ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਸਮੇਤ ਕਈ ਟਕਸਾਲੀਆਂ ਆਗੂਆਂ ਵਲੋਂ ਰੋਸ ਵਜੋਂ ਅਸਤੀਫ਼ਾ ਦੇਣ ਤੋਂ ਬਾਅਦ ਪਾਰਟੀ ਅੰਦਰ ਹਲਚਲ ਹੋਰ ਤੇਜ਼ ਹੋ ਗਈ ਹੈ। ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੰਭਾਵੀ ਬਗ਼ਾਵਤ ਦੇ ਡਰੋਂ 27 ਅਕਤੂਬਰ ਨੂੰ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਮੀਟਿੰਗ ਸੱਦ ਲਈ ਹੈ।
ਦਿੱਲੀ ਸ਼੍ਰੋਮਣੀ ਗੁਰਦਵਾਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੀ ਲੜਾਈ ਸਾਹਮਣੇ ਆਉਣ ਤੋਂ ਬਾਅਦ ਬਾਦਲ ਪਿਉ ਪੁੱਤ ਇਹ ਸਮਝਣ ਲੱਗ ਪਏ ਹਨ ਕਿ ਉਨ੍ਹਾਂ ਦੇ ਰਾਜਸੀ ਭਵਿੱਖ 'ਤੇ ਛਾ ਰਹੇ ਬੱਦਲ ਹੋਰ ਕਾਲੇ ਹੋਣ ਲੱਗ ਪਏ ਹਨ। ਉੱਚ ਪਧਰੀ ਸੂਤਰਾਂ ਮੁਤਾਬਕ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ 13 ਨਵੰਬਰ ਨੂੰ ਹੋਣ ਵਾਲੀ ਚੋਣ ਤੋਂ ਪਹਿਲਾਂ ਸੁਖਬੀਰ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਵਿਸ਼ਵਾਸ ਵਿਚ ਲੈ ਕੇ ਉਨ੍ਹਾਂ ਦੀ ਅਹਿਮੀਅਤ ਦਾ ਅਹਿਸਾਸ ਕਰਾਉਣਾ ਚਾਹੁੰਦੇ ਹਨ।
ਭਾਵੇਂ ਬਾਦਲ ਪਰਵਾਰ ਦੀ ਜੀ ਹਜ਼ੂਰੀ ਕਰਨ ਵਾਲੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਹਾਊਸ ਵਿਚ ਗਿਣਤੀ ਵਧੇਰੇ ਹੈ ਪਰ ਅਕਾਲੀ ਦਲ ਦੇ ਸਰਪ੍ਰਸਤ ਪਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੰਦਰੋਂ ਡਰੇ ਹੋਏ ਹਨ ਕਿ ਸ਼੍ਰੋਮਣੀ ਕਮੇਟੀ ਦੇ ਅਸਹਿਮਤ ਮੈਂਬਰ ਬਾਗ਼ੀ ਅਕਾਲੀ ਦਲ ਦੇ ਖ਼ੇਮੇ ਵਿਚ ਨਾ ਰਲ ਜਾਣ। ਸੁਖਬੀਰ ਇਸ ਵਾਰ ਮੈਂਬਰਾਂ ਦੀ ਸਲਾਹ ਲੈ ਕੇ ਦਲ ਦੇ ਪ੍ਰਧਾਨ ਦੀ ਜੇਬ ਵਿਚੋਂ ਕਮੇਟੀ ਦੇ ਅਹੁਦੇਦਾਰਾਂ ਦਾ ਨਾਂਅ ਦਾ ਲਿਫ਼ਾਫ਼ਾ ਨਿਕਲਣ ਦੀ ਅਕਸਰ ਹੁੰਦੀ ਚਰਚਾ ਨੂੰ ਠੱਲ੍ਹ ਪਾਉਣਾ ਚਾਹੁੰਦੇ ਹਨ।