ਕੈਪਟਨ ਕਿਸਾਨਾਂ ਦਾ ਮਸਲਾ ਜਲਦੀ ਹੱਲ ਕਰਵਾਉਣ ਲਈ PM ਤੇ ਕੇਂਦਰ ਤੱਕ ਤੁਰੰਤ ਕਰਨ ਪਹੁੰਚ- ਹਰਚੰਦ ਬਰਸਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਾਨੂੰਨਾਂ ਦੀ ਸੋਧ ਦਾ ਮਤਾ ਪਾਸ ਕਰਨ ਨਾਲ ਕਿਸਾਨਾਂ ਤੇ ਸੰਘਰਸ਼ ਕਰ ਰਹੇ ਲੋਕਾਂ ਨੂੰ ਕੋਈ ਫ਼ਾਇਦਾ ਨਹੀਂ ਹੋਣ ਵਾਲਾ

Captain Amarinder Singh

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਅਤੇ ਭਾਜਪਾ ਆਗੂਆਂ ਨੂੰ ਪੰਜਾਬ ਦੇ ਕਿਸਾਨਾਂ ਦਾ ਮਸਲਾ ਜਲਦੀ ਹੱਲ ਕਰਵਾਉਣ ਲਈ ਪ੍ਰਧਾਨ ਮੰਤਰੀ ਅਤੇ ਕੇਂਦਰ ਤੱਕ ਤੁਰੰਤ ਪਹੁੰਚ ਕਰਨ ਦੀ ਅਪੀਲ ਕੀਤੀ ਹੈ। 

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਵਿਧਾਨ ਸਭਾ ਵਿਚ ਜੋ ਤਿੰਨ ਕਿਸਾਨ ਵਿਰੋਧੀ ਕਾਨੂੰਨਾਂ ਦੀ ਸੋਧ ਦਾ ਮਤਾ ਪਾਸ ਕੀਤਾ ਹੈ, ਉਸ ਦਾ ਕਿਸਾਨਾਂ ਤੇ ਸੰਘਰਸ਼ ਕਰ ਰਹੇ ਲੋਕਾਂ ਨੂੰ ਕੋਈ ਫ਼ਾਇਦਾ ਹੋਣ ਵਾਲਾ ਨਹੀਂ ਹੈ। 

ਵਿਧਾਨ ਸਭਾ ਦੇ ਇਸ ਮਤੇ ਤੋਂ ਬਾਅਦ ਭਾਵੇਂ ਗਵਰਨਰ ਪੰਜਾਬ ਜਾਂ ਮਾਨਯੋਗ ਰਾਸ਼ਟਰਪਤੀ ਸਾਹਿਬ ਨੇ ਇਸ ਦੀ ਮਨਜ਼ੂਰੀ ਨਹੀਂ ਦਿੱਤੀ, ਪਰ ਲੋਕਾਂ ਦੇ ਖ਼ੂਨ ਪਸੀਨੇ ਦੇ ਟੈਕਸਾਂ ਦਾ ਪੈਸਾ ਕੈਪਟਨ ਅਮਰਿੰਦਰ ਸਿੰਘ ਨੇ ਨਿੱਜੀ ਪਬਲਿਸਿਟੀ ਲਈ ਪੂਰੇ ਪੰਜਾਬ ਵਿਚ ਹੋਰਡਿੰਗ ਅਖ਼ਬਾਰ ਵਿਚ ਇਸ਼ਤਿਹਾਰ ਆਦਿ ਰਾਹੀਂ ਕਿਸਾਨਾਂ ਦਾ ਰਾਖਾ ਅਖਵਾਉਣ ਲਈ ਪੰਜਾਬੀਆਂ ਨੂੰ ਗੁਮਰਾਹ ਕਰਨ ਦਾ ਨਾ ਕਾਮਯਾਬ ਹੋਣ ਵਾਲਾ ਯਤਨ ਕੀਤਾ ਹੈ।

ਇਸੇ ਤਰਾਂ ਭਾਰਤੀ ਜਨਤਾ ਪਾਰਟੀ ਦੇ ਆਗੂ ਵੀ ਸਮੇਂ ਸਮੇਂ ਸਿਆਸੀ ਸਟੰਟ ਮਾਰ ਕੇ ਪੰਜਾਬੀਆਂ ਨੂੰ ਗੁਮਰਾਹ ਕਰਨ ਦਾ ਨਾ ਕਾਮਯਾਬ ਯਤਨ ਕਰਦੇ ਰਹੇ ਹਨ। ਜੇਕਰ ਸਹੀ ਰੂਪ ਵਿਚ ਪੰਜਾਬੀਆਂ ਦੇ ਹਮਾਇਤੀ ਹਨ ਤਾਂ ਸੜਕਾਂ,  ਰੇਲ ਪਟੜੀਆਂ, ਛੋਟੇ ਬੱਚਿਆਂ, ਬਜ਼ੁਰਗਾਂ ਅਤੇ ਪੰਜਾਬ ਦੀ ਜਵਾਨੀ ਵੱਲ ਧਿਆਨ ਦੇਣ ਅਤੇ ਅੱਜ 33ਵੇਂ ਦਿਨ ਵੀ ਗੱਲਬਾਤ ਨਾ ਕਰਨਾ ਸੰਵੇਦਨਹੀਣਤਾ ਦੀ ਨਿਸ਼ਾਨੀ ਹੈ। 

ਹਰਚੰਦ ਸਿੰਘ ਬਰਸਟ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਅਤੇ ਭਾਜਪਾ ਦੇ ਆਗੂਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਤੁਰੰਤ ਪ੍ਰਧਾਨ ਮੰਤਰੀ ਅਤੇ ਕੇਂਦਰ ਸਰਕਾਰ ਤੱਕ ਪਹੁੰਚ ਕਰਕੇ ਪੰਜਾਬੀਆਂ ਦਾ ਮਸਲਾ ਪਹਿਲ ਦੇ ਆਧਾਰ ‘ਤੇ ਹੱਲ ਕਰਵਾਉਣ।