ਬੱਚੇ-ਬੱਚੇ ਨੂੰ ਅਪਣੇ ਹੱਕਾਂ ਪ੍ਰਤੀ ਜਾਗਰੂਕ ਕਰਾਉਣਾ ਸ਼ੰਭੂ ਮੋਰਚੇ ਦਾ ਮਕਸਦ-ਸੁਖਦੇਵ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁਖਦੇਵ ਸਿੰਘ ਨੇ ਸ਼ੰਭੂ ਮੋਰਚੇ 'ਤੇ ਕਿਸਾਨਾਂ ਨੂੰ ਕੀਤਾ ਜਾਗਰੂਕ

Sukhdev Singh

ਸ਼ੰਭੂ: ਪੂਰੇ ਦੇਸ਼ ਦੀਆਂ ਨਜ਼ਰਾਂ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਨਾਲ ਨਾਲ ਪੰਜਾਬ ਦੇ ਹੋਰ ਹੱਕਾਂ ਲਈ ਲਗਾਏ ਗਏ ਸ਼ੰਭੂ ਮੋਰਚੇ 'ਤੇ ਟਿਕੀਆਂ ਹੋਈਆਂ ਹਨ। ਸ਼ੰਭੂ ਮੋਰਚੇ ਦੇ ਮਕਸਦ ਬਾਰੇ ਗੱਲ ਕਰਦਿਆਂ ਸੁਖਦੇਵ ਸਿੰਘ ਨੇ ਕਿਹਾ ਕਿ ਸ਼ੰਭੂ ਮੋਰਚੇ ਦਾ ਮਕਸਦ ਬੱਚੇ ਬੱਚੇ ਨੂੰ ਅਪਣੇ ਹੱਕਾਂ ਪ੍ਰਤੀ ਜਾਗਰੂਕ ਕਰਵਾਉਣਾ ਹੈ ਕਿਉਂਕਿ ਅਸੀਂ ਇੱਥੋਂ ਕੌਮੀ ਚੇਤੰਨਤਾ ਪੈਦਾ ਕਰਨਾ ਚਾਹੁੰਦੇ ਹਾਂ ਨਾ ਕਿ ਸਿਰਫ਼ ਐਮਐਸਪੀ ਦੀ ਲੜਾਈ।

ਸੁਖਦੇਵ ਸਿੰਘ ਨੇ ਕਿਹਾ ਕਿ ਪੰਜਾਬ ਅਤੇ ਇਸ ਦੇ ਮੁੱਦਿਆਂ ਪ੍ਰਤੀ ਵਿਅਕਤੀ ਦੀ ਸਮਝ ਉਦੋਂ ਤੱਕ ਅਧੂਰੀ ਹੈ, ਜਦੋਂ ਤੱਕ ਉਸ ਨੂੰ ਉਸ ਸਮੱਸਿਆ ਦਾ ਪਿਛੋਕੜ ਅਤੇ ਪਿਛੋਕੜ ਵਿਚ ਹੋਏ ਸੰਘਰਸ਼ਾਂ ਦੇ ਨਤੀਜਿਆਂ ਦਾ ਨਹੀਂ ਪਤਾ। ਉਹਨਾਂ ਕਿਹਾ ਕਿ ਪੰਜਾਬੀਆਂ ਨੇ ਜੋ ਵੀ ਸੰਘਰਸ਼ ਕੀਤਾ, ਚਾਹੇ ਉਹ ਪੰਜਾਬੀ ਸੂਬੇ ਮੋਰਚੇ ਦਾ ਸੀ, ਚਾਹੇ ਉਹ ਪੰਜਾਬ ਦੇ ਪਾਣੀਆਂ ਦਾ ਸੰਘਰਸ਼ ਹੋਵੇ, ਅਕਾਲ ਤਖ਼ਤ ਸਾਹਿਬ 'ਤੇ ਹੋਏ ਹਮਲੇ ਦਾ ਸੰਘਰਸ਼ ਹੋਵੇ। ਜਦੋਂ ਵੀ ਇਹਨਾਂ ਸੰਘਰਸ਼ਾਂ ਦੇ ਨਤੀਜਿਆਂ ਦੀ ਪੜਚੋਲ ਕੀਤੀ ਜਾਵੇ ਤਾਂ ਸਾਨੂੰ ਸਮਝ ਆਉਂਦੀ ਹੈ ਕਿ ਦਿੱਲੀ ਦਾ ਪੰਜਾਬ ਨਾਲ ਕਿਹੋ ਜਿਹਾ ਵਰਤਾਅ ਰਿਹਾ ਹੈ।

ਸੁਖਦੇਵ ਸਿੰਘ ਨੇ ਕਿਹਾ ਕਿ ਦਿੱਲੀ ਨੂੰ ਸਾਡੇ ਵਿਵਹਾਰ ਦੀ ਪੂਰੀ ਸਮਝ ਹੈ, ਉਸ ਨੂੰ ਪਤਾ ਹੈ ਕਿ ਪੰਜਾਬੀ ਕਦੋਂ ਸੰਘਰਸ਼ ਕਰ ਸਕਦੇ ਨੇ ਤੇ ਕਿਸ ਪੱਧਰ ਤੱਕ ਕਰ ਸਕਦੇ ਹਨ। ਉਹਨਾਂ ਕਿਹਾ ਕਿ ਪੰਜਾਬੀਆਂ ਦੇ ਸੰਘਰਸ਼ ਨੂੰ ਫੇਲ੍ਹ ਕਿਵੇਂ ਕਰਨਾ ਹੈ, ਇਸ ਸਬੰਧੀ ਵੀ ਦਿੱਲੀ ਨੂੰ ਚੰਗੀ ਤਰ੍ਹਾਂ ਸਮਝ ਹੈ। ਸੁਖਦੇਵ ਸਿੰਘ ਨੇ ਦੱਸਿਆ ਕਿ ਸਰਕਾਰਾਂ ਕੌਮਾਂ 'ਤੇ ਤਿੰਨ ਤਰ੍ਹਾਂ ਦੇ ਹਮਲੇ ਕਰਦੀਆਂ ਹਨ।

ਉਹਨਾਂ ਦੱਸਿਆ ਕਿ ਹਰ ਵਾਰ ਦਿੱਲੀ ਵੱਲੋਂ ਕੀਤੇ ਜਾਣ ਵਾਲੇ ਹਮਲਿਆਂ ਦਾ ਮੁੱਖ ਚਿਹਰਾ ਬਦਲ ਜਾਂਦਾ ਹੈ ਪਰ ਵਰਤਾਅ ਉਹੀ ਰਹਿੰਦਾ ਹੈ। ਉਹਨਾਂ ਕਿਹਾ ਕਿ ਕੇਂਦਰ ਵੱਲੋਂ ਕੀਤੇ ਜਾਣ ਵਾਲੇ ਹਮਲਿਆਂ ਵਿਚ ਉਹ ਲੋਕ ਵੀ ਹੁੰਦੇ ਹਨ, ਜੋ ਸਰਕਾਰ ਲਈ ਸਿਸਟਮ 'ਚ ਰਹਿ ਕੇ ਕੰਮ ਕਰਦੇ ਨੇ, ਚਾਹੇ ਉਹ ਬਿਉਰੋਕਰੇਟ ਹੋਵੇ, ਚਾਹੇ ਮੀਡੀਆ ਜਾਂ ਕਲਾਕਾਰ ਜਾਂ ਫਿਰ ਕੋਈ ਹੋਰ ਸੈਕਸ਼ਨ।

ਸੁਖਦੇਵ ਸਿੰਘ ਨੇ ਦੱਸਿਆ ਕਿ ਇਹਨਾਂ ਹਮਲਿਆਂ ਦਾ ਤੀਜਾ ਸੈਕਸ਼ਨ ਸਭ ਤੋਂ ਖਤਰਨਾਕ ਹੁੰਦਾ ਹੈ, ਜਿਸ ਕਾਰਨ ਪੰਜਾਬ ਹਮੇਸ਼ਾਂ ਕੇਂਦਰ ਤੋਂ ਹਾਰ ਜਾਂਦਾ ਹੈ, ਇਹ ਉਹ ਸੈਕਸ਼ਨ ਹੈ, ਜੋ ਸਾਡੇ ਵਿਚਕਾਰ ਰਹਿ ਕੇ ਉਹਨਾਂ ਲਈ ਕੰਮ ਕਰਦਾ ਹੈ। ਇਹ ਸੈਕਸ਼ਨ ਗੱਦਾਰਾਂ ਵਾਲਾ ਸੈਕਸ਼ਨ ਹੈ। ਸੁਖਦੇਵ ਸਿੰਘ ਨੇ ਕਿਹਾ ਕਿ ਦਿੱਲੀ ਦੀ ਹਮੇਸ਼ਾਂ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਉਸ ਦੇ ਵਿਰੋਧ ਵਿਚ ਉੱਠਣ ਵਾਲੀ ਬਗਾਵਤ ਅਸਿੱਧੇ ਰੂਪ ਵਿਚ ਉਸ ਦੇ ਹੱਥਾਂ ਵਿਚ ਹੀ ਰਹੇ। 

ਉਹਨਾਂ ਦੱਸਿਆ ਕਿ ਜਦੋਂ ਸੰਭੂ ਮੋਰਚਾ ਸ਼ੁਰੂ ਹੋਣਾ ਸੀ ਤਾਂ ਉਸ ਤੋਂ ਪਹਿਲਾਂ ਲੋਕਾਂ ਦੇ ਕਈ ਸਵਾਲ ਸੀ ਕਿ ਇਸ ਵਿਚੋਂ ਕੀ ਖੱਟਿਆ ਜਾਵੇਗਾ। ਇਸ ਦੌਰਾਨ ਇਕ ਗੱਲ 'ਤੇ ਸਹਿਮਤੀ ਬਣੀ ਕੇ ਘੱਟੋ ਘੱਟ ਇਕ ਸੰਘਰਸ਼ ਅਜਿਹਾ ਹੋਵੇ ਜਿਸ ਵਿਚੋਂ ਅਸੀਂ ਚੇਤੰਨਤਾ ਪੈਦਾ ਕਰ ਸਕੀਏ। ਸੁਖਦੇਵ ਸਿੰਘ ਨੇ ਕਿਹਾ ਕਿ ਸਾਨੂੰ ਬੱਚੇ-ਬੱਚੇ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਕਿ ਉਸ ਨੂੰ ਗੁਲਾਮ ਬਣਾਉਣ ਦੀ ਲਗਾਤਾਰ ਕੋਸ਼ਿਸ਼ ਹੋ ਰਹੀ ਹੈ। ਉਹਨਾਂ ਕਿਹਾ ਕਿ ਇਹ ਸਵੈ-ਮਾਣ ਦੀ ਲੜਾਈ ਹੈ ਤੇ ਸਵੈ-ਮਾਣ ਦੀ ਲੜਾਈ ਹਮੇਸ਼ਾਂ ਕੁਰਬਾਨੀ 'ਤੇ ਖੜ੍ਹੀ ਹੁੰਦੀ ਹੈ।