ਅਜੇ ਮਿਸ਼ਰਾ ਦੀ ਬਰਖ਼ਾਸਤਗੀ ਤੇ ਗ੍ਰਿਫ਼ਤਾਰੀ ਲਈ ਪੰਜਾਬ ਭਰ ’ਚ ਕਿਸਾਨਾਂ ਨੇ ਦਿਤੇ ਧਰਨੇ

ਏਜੰਸੀ

ਖ਼ਬਰਾਂ, ਪੰਜਾਬ

ਅਜੇ ਮਿਸ਼ਰਾ ਦੀ ਬਰਖ਼ਾਸਤਗੀ ਤੇ ਗ੍ਰਿਫ਼ਤਾਰੀ ਲਈ ਪੰਜਾਬ ਭਰ ’ਚ ਕਿਸਾਨਾਂ ਨੇ ਦਿਤੇ ਧਰਨੇ

image

ਮੌਸਮ ਦੇ ਮੱਦੇਨਜ਼ਰ ਝੋਨੇ ਦੀ ਖ਼ਰੀਦ ਦੇ ਮਾਪਦੰਡ ਨਰਮ ਕਰਨ ਦੀ ਵੀ ਮੰਗ

ਚੰਡੀਗੜ੍ਹ, 26 ਅਕਤੂਬਰ (ਭੁੱਲਰ): ਸੰਯੁਕਤ ਕਿਸਾਨ ਮੋਰਚਾ ਵਿਚ ਸ਼ਾਮਲ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਵਲੋਂ ਪੰਜਾਬ ਭਰ ਵਿਚ 108 ਥਾਵਾਂ ’ਤੇ ਜਾਰੀ ਧਰਨਿਆਂ ਵਿਚ ਅੱਜ ਵੱਡੇ ਇਕੱਠ ਵੇਖਣ ਨੂੰ ਮਿਲੇ। ਸੰਯੁਕਤ ਕਿਸਾਨ ਮੋਰਚਾ ਦੇ ਦੇਸ਼-ਵਿਆਪੀ ਸੱਦੇ ’ਤੇ ਪੂਰੇ ਸੂਬੇ ਵਿਚ ਜ਼ਿਲ੍ਹਾ ਅਤੇ ਤਹਿਸੀਲ ਪੱਧਰ ’ਤੇ ਵੀ ਕੇਂਦਰ-ਸਰਕਾਰ ਵਿਰੁਧ ਮੁਜ਼ਾਹਰੇ ਹੋਏ। 
ਕਿਸਾਨ-ਆਗੂਆਂ ਬੂਟਾ ਸਿੰਘ ਬੁਰਜ਼ਗਿੱਲ, ਹਰਮੀਤ ਸਿੰਘ ਕਾਦੀਆਂ, ਜਗਜੀਤ ਸਿੰਘ ਡੱਲੇਵਾਲ, ਬਲਦੇਵ ਸਿੰਘ ਨਿਹਾਲਗੜ, ਮੇਜਰ ਸਿੰਘ ਪੁੰਨਾਂਵਾਲ, ਰੁਲਦੂ ਸਿੰਘ ਮਾਨਸਾ, ਮਨਜੀਤ ਰਾਏ, ਜੰਗਬੀਰ ਸਿੰਘ ਚੌਹਾਨ, ਮੁਕੇਸ਼, ਰਮਿੰਦਰ ਸਿੰਘ ਪਟਿਆਲਾ, ਸੁਰਜੀਤ ਸਿੰਘ ਫੂਲ ਨੇ ਲਖੀਮਪੁਰ-ਖੇੜੀ ਕਾਂਡ ਦੇ ਦੋਸ਼ੀ ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਨੂੰ ਬਰਖ਼ਾਸਤ ਅਤੇ ਗਿ੍ਰਫ਼ਤਾਰ ਕਰਨ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਜਿਹੜੀ ਪੁਲਿਸ ਇਸ ਦੋਸ਼ੀ ਮੰਤਰੀ ਦੇ ਅਧੀਨ ਕੰਮ ਕਰ ਰਹੀ ਹੈ, ਉਸ ਪੁਲਿਸ ਤੋਂ ਇਹ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ ਕਿ ਉਸ ਦੇ ਕਾਤਲ ਪੁੱਤਰ ਵਿਰੁਧ ਨਿਰਪੱਖ ਜਾਂਚ ਕਰੇਗੀ। ਇਹ ਸਿਆਸੀ ਅਨੈਤਿਕਤਾ ਦਾ ਸਿਖਰ ਹੈ ਕਿ ਕਤਲ ਦੇ ਕੇਸ ਦਾ ਸਾਜ਼ਸ਼-ਕਰਤਾ ਦੇਸ਼ ਦਾ ਗ੍ਰਹਿ ਮੰਤਰੀ ਵੀ ਹੈ। ਇਸ ਗ੍ਰਹਿ ਰਾਜ ਮੰਤਰੀ ਨੇ ਖ਼ੂਨੀ ਕਾਂਡ ਤੋਂ ਇਕ ਹਫ਼ਤਾ ਪਹਿਲਾਂ ਹੀ ਅਪਣੀ ਖ਼ੂਨੀ ਮਨਸਾ ਦਾ ਸ਼ਰੇਆਮ ਇਜ਼ਹਾਰ ਕਰ ਦਿਤਾ ਸੀ। ਅਸੀਂ ਉਸ ਦੀ ਬਰਖ਼ਾਸਤਗੀ ਤੇ ਗਿ੍ਰਫ਼ਤਾਰੀ ਤਕ ਸੰਘਰਸ਼ ਕਰਦੇ ਰਹਾਂਗੇ।
ਅੱਜ ਉਪਰੋਕਤ ਮੰਗਾਂ ਦੀ ਪੂਰਤੀ ਲਈ ਦੇਸ਼ ਦੇ ਰਾਸ਼ਟਰਪਤੀ ਦੇ ਨਾਂਅ ਇੱਕ ਮੰਗ-ਪੱਤਰ ਡੀ.ਸੀ ਅਤੇ ਐਸਡੀਐਮ ਰਾਹੀਂ ਰਾਸ਼ਟਰਪਤੀ ਨੂੰ ਭੇਜੇ ਗਏ। ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਕਿਹਾ ਕਿ ਕੁੱਝ ਮੰਡੀਆਂ ਵਿਚੋਂ ਖ਼ਬਰਾਂ ਆ ਰਹੀਆਂ ਹਨ ਕਿ ਖ਼ਰੀਦ ਏਜੰਸੀਆਂ ਵਲੋਂ  ਝੋਨੇ ਦੀ ਨਮੀ ਚੈਕ ਕਰਨ ਤੋਂ ਬਾਅਦ ਸ਼ੈਲਰ ਮਾਲਕ ਫਿਰ ਤੋਂ ਉਸੇ ਢੇਰੀ ਦੀ ਨਮੀ ਚੈਕ ਕਰਦੇ ਹਨ। ਇਹ ਬਿਲਕੁਲ ਗ਼ੈਰ-ਕਾਨੂੰਨੀ ਅਤੇ ਕਿਸਾਨਾਂ ਦੇ ਸਿਰ ’ਤੇ ਇਕ ਹੋਰ ਪਰਾਈਵੇਟ ਏਜੰਸੀ  ਥੋਪਣ ਦੇ ਤੁਲ ਹੈ। ਅਸੀਂ ਅਜਿਹੀ ਅਪਮਾਨ-ਜਨਕ ਕਾਰਵਾਈ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਅਤੇ ਸਰਕਾਰ ਨੂੰ ਇਸ ਕੋਝੀ ਕਾਰਵਾਈ ਨੂੰ ਤੁਰਤ ਬੰਦ ਕਰਵਾਉਣ ਦੀ ਮੰਗ ਕਰਦੇ ਹਾਂ। ਬੁਲਾਰਿਆਂ ਨੇ ਕਿਹਾ ਕਿ ਮੌਸਮ ਦੀ ਤਬਦੀਲੀ ਕਾਰਨ ਤਾਪਮਾਨ ਬਹੁਤ ਘਟ ਗਿਆ ਹੈ ਜਿਸ ਕਾਰਨ ਝੋਨੇ ਦੀ 17 ਫ਼ੀ ਸਦੀ ਨਮੀ ਵਾਲਾ ਮਾਪਦੰਡ ਦੀ ਪੂਰਤੀ ਬਹੁਤ ਮੁਸ਼ਕਲ ਹੋ ਗਈ ਹੈ। ਆਗੂਆਂ ਨੇ ਮੰਗ ਕੀਤੀ ਕਿ ਨਮੀ ਸਬੰਧੀ ਅਤੇ ਦੂਸਰੇ ਮਾਪਦੰਡ ਨਰਮ ਕਰ ਕੇ ਝੋਨੇ ਦੀ ਖ਼ਰੀਦ ਵਿਚ ਤੇਜ਼ੀ ਲਿਆਂਦੀ ਜਾਵੇ।
  ਬੁਲਾਰਿਆਂ ਨੇ ਪਿਛਲੇ ਦਿਨੀਂ ਕਿਸਾਨ ਅੰਦੋਲਨ ਦੇ ਸਰਗਰਮ ਸਮਰਥਕ ਅਤੇ ਉਘੇ ਐਨਆਰਆਈ ਦਰਸ਼ਨ ਸਿੰਘ ਧਾਲੀਵਾਲ ਨੂੰ ਦਿੱਲੀ ਏਅਰਪੋਰਟ ਤੋਂ ਹੀ ਅਮਰੀਕਾ ਵਾਪਸ ਭੇਜਣ ਦੇ ਸਰਕਾਰੀ ਫ਼ੈਸਲੇ ਦੀ ਸਖ਼ਤ ਨਿਖੇਧੀ ਕੀਤੀ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਇੰਨੀਆਂ ਕੋਝੀਆਂ ਤੇ ਅਨੈਤਿਕ ਕਾਰਵਾਈਆਂ ‘ਤੇ ਉਤਰ ਆਈ ਹੈ ਕਿ ਕਿਸਾਨ ਅੰਦੋਲਨ ਦੇ ਐਨਆਰਆਈ ਸਮੱਰਥਕਾਂ ਨੂੰ ਵੀ ਨਿਸ਼ਾਨਾ ਬਣਾ ਰਹੀ ਹੈ।