Stubble Burning News: ਪਾਰਲੀ ਸਾੜਨ ਵਾਲੇ ਕਿਸਾਨਾਂ ਦੇ ਬੱਚੇ ਨਹੀਂ ਜਾ ਸਕਣਗੇ ਵਿਦੇਸ਼? ਇਮੀਗ੍ਰੇਸ਼ਨ ਸੈਂਟਰਾਂ ਨੂੰ ਹੁਕਮ ਜਾਰੀ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਟਿਆਲਾ ਜ਼ਿਲ੍ਹੇ ਦੀ ਡੀਸੀ ਸਾਕਸ਼ੀ ਸਾਹਨੀ ਵੱਲੋਂ ਇਮੀਗ੍ਰੇਸ਼ਨ ਸੈਂਟਰਾਂ ਨੂੰ ਆਰਡਰ ਜਾਰੀ

Stubble Burning in Punjab Order for Immigration Companies About Farmers Kids

Stubble Burning News:  ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਬੱਚਿਆਂ ਨੂੰ ਵਿਦੇਸ਼ ਜਾਣ ਵਿਚ ਪਰੇਸ਼ਾਨੀ ਆ ਸਕਦੀ ਹੈ ਕਿਉਂਕਿ ਇਸ ਸਬੰਧੀ ਇਮੀਗ੍ਰੇਸ਼ਨ ਸੈਂਟਰਾਂ ਨੂੰ ਹੁਕਮ ਜਾਰੀ ਕੀਤੇ ਗਏ ਹਨ। ਇਮੀਗ੍ਰੇਸ਼ਨ ਸੈਂਟਰਾਂ ਵਾਲੇ ਹੁਣ ਕਿਸਾਨਾਂ ਨੂੰ ਵੀ ਸਮਝਾਉਣਗੇ ਕਿ ਪਰਾਲੀ ਨੂੰ ਅੱਗ ਨਾ ਲਗਾਓ। ਪਟਿਆਲਾ ਜ਼ਿਲ੍ਹੇ ਦੀ ਡੀਸੀ ਸਾਕਸ਼ੀ ਸਾਹਨੀ ਵੱਲੋਂ ਇਮੀਗ੍ਰੇਸ਼ਨ ਸੈਂਟਰਾਂ ਨੂੰ ਆਰਡਰ ਜਾਰੀ ਕੀਤੇ ਹਨ। 

ਜ਼ਿਲ੍ਹਾ ਮੈਜਿਸਟਰੇਟ ਪਟਿਆਲਾ ਸਾਕਸ਼ੀ ਸਾਹਨੀ ਨੇ ਇੱਕ ਹੁਕਮ ਜਾਰੀ ਕਰਦਿਆਂ ਜ਼ਿਲ੍ਹੇ ਦੇ ਸਾਰੇ ਇਮੀਗ੍ਰੇਸ਼ਨ ਸੈਂਟਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਹਰ ਇੱਕ ਸਬੰਧਤ ਪਾਸਪੋਰਟ ਧਾਰਕ ਤੇ ਉਨ੍ਹਾਂ ਦੇ ਗਾਹਕਾਂ ਨੂੰ ਜਾਣੂ ਕਰਵਾਇਆ ਜਾਵੇ ਕਿ ਪਰਾਲੀ ਨੂੰ ਅੱਗ ਲਾਉਣ ਦੇ ਮਾਮਲਿਆਂ ਵਿਚ ਜਿਸ ਕਿਸੇ ਵੀ ਪਾਸਪੋਰਟ ਧਾਰਕ ਵੱਲ ਵਾਤਾਵਰਣ ਕੰਪਨਸ਼ੇਸਨ ਚਾਰਜਿਜ ਪਾਲਿਸੀ ਤਹਿਤ ਜੇਕਰ ਬਣਦੀ ਜੁਰਮਾਨੇ ਦੀ ਰਕਮ ਲੰਬਿਤ ਹੈ ਤਾਂ ਉਸ ਵਿਅਕਤੀ ਦੇ ਵੀਜਾ ਅਪਲਾਈ ਕਰਦੇ ਸਮੇਂ ਦਿੱਕਤ ਆ ਸਕਦੀ ਹੈ।

ਡੀਸੀ ਨੇ ਹੁਕਮਾਂ ਵਿਚ ਕਿਹਾ ਕਿ ਇਮੀਗ੍ਰੇਸ਼ਨ ਸੈਂਟਰ ਇਸ ਬਾਰੇ ਇਕ ਫਲੈਕਸ ਵੀ ਆਪਣੇ ਦਫਤਰ ਵਿਚ ਲਗਾਉਣੀ ਯਕੀਨੀ ਬਣਾਉਣਗੇ। ਇਸ ਤੋਂ ਇਲਾਵਾ ਜਿਹੜੇ ਪਾਸਪੋਰਟ ਧਾਰਕਾਂ ਵੱਲੋਂ ਵੀਜਾ ਲਈ ਅਪਲਾਈ ਕੀਤਾ ਜਾਂਦਾ ਹੈ ਤੇ ਵੀਜਾ ਲਗਾਉਣ ਸਬੰਧੀ ਵੈਰੀਫਿਕੇਸ਼ਨ ਦੌਰਾਨ ਉਨ੍ਹਾਂ ਦੀ ਮਾਲਕੀ ਜ਼ਮੀਨ ‘ਤੇ ਫ਼ਸਲ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਕਾਰਨ ਰੈਡ ਐਂਟਰੀ ਦਰਜ ਪਾਈ ਜਾਂਦੀ ਹੈ ਤਾਂ ਉਨ੍ਹਾਂ ਪਾਸਪੋਰਟ ਧਾਰਕਾਂ ਨੂੰ ਭਵਿੱਖ ਵਿੱਚ ਵੀਜਾ ਲਗਾਉਣ ਤੇ ਜਮੀਨ ਦੀ ਇਵੈਲੂਏਸ਼ਨ ਕਰਵਾਉਣ ਵਿਚ ਮੁਸ਼ਕਲ ਪੇਸ਼ ਆ ਸਕਦੀ ਹੈ। 

ਇਸ ਲਈ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਈ ਜਾਵੇ ਤੇ ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਨਿਪਟਾਰੇ ਲਈ ਜਿਲ੍ਹਾ ਪ੍ਰਸ਼ਾਸ਼ਨ ਪਟਿਆਲਾ ਵੱਲੋਂ ਜਾਰੀ ਵਰਸਐਪ ਚੈਟਬੋਟ ਨੰਬਰ 73800-16070 ਉਪਰ ਸੰਪਰਕ ਕੀਤਾ ਜਾਵੇ। ਹੁਕਮਾਂ ਮੁਤਾਬਕ ਇਸ ਦੀ ਪਾਲਣਾ ਰਿਪੋਰਟ ਇਮੀਗ੍ਰੇਸ਼ਨ ਸੈਂਟਰਾਂ ਵੱਲੋਂ ਮਿਤੀ 28 ਅਕਤੂਬਰ 2023 ਤੱਕ ਫੋਟੋਆਂ ਸਮੇਤ ਡਿਪਟੀ ਕਮਿਸ਼ਨਰ ਦਫਤਰ ਦੀ ਪੀਐਲਏ ਸ਼ਾਖਾ ਵਿਚ ਭੇਜਣੀ ਯਕੀਨੀ ਬਣਾਈ ਜਾਵੇਗੀ।