ਗਾਇਕ ਪ੍ਰਿੰਸ ਰੰਧਾਵਾ ਵਿਰੁਧ ਮੋਹਾਲੀ ’ਚ ਮਾਮਲਾ ਦਰਜ
ਸੜਕ ਪਾਰ ਕਰਦੇ ਸਮੇਂ ਕਾਰ ਨਾਲ ਕਾਰ ਟਕਰਾਉਣ ਤੋਂ ਬਾਅਦ ਗਾਇਕ ਪ੍ਰਤਾਪ ਰੰਧਾਵਾ ਨਾਲ ਹੋਇਆ ਸੀ ਝਗੜਾ
ਮੋਹਾਲੀ : ਪੰਜਾਬੀ ਗਾਇਕ ਪ੍ਰਿੰਸ ਰੰਧਾਵਾ ਵਿਰੁਧ ਮੋਹਾਲੀ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਮੋਹਾਲੀ ਦੇ ਫੇਜ 11 ਸਥਿਤ ਬੈਸਟ ਟੈਕ ਮਾਲ ਦੇ ਸਾਹਮਣੇ ਰੋਡਰੇਜ ਦੌਰਾਨ ਹੋਈ ਫਾਈਰਿੰਗ ਦੀ ਘਟਨਾ ਤੋਂ ਬਾਅਦ ਦਰਜ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਪੰਜਾਬੀ ਗਾਇਕ ਪ੍ਰਿੰਸ ਰੰਧਾਵਾ ਅਤੇ ਗਾਇਕ ਪ੍ਰਤਾਪ ਰੰਧਾਵਾ ਵਿਚਾਲੇ ਰੋਡਰੇਜ ਤੋਂ ਬਾਅਦ ਲੜਾਈ ਝਗੜਾ ਵੀ ਹੋਇਆ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਪੁਲਿਸ ਟੀਮ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ।
ਪੁੱਛਗਿੱਛ ਅਤੇ ਜਾਂਚ ਤੋਂ ਬਾਅਦ ਸਾਹਮਣੇ ਆਇਆ ਕਿ ਪ੍ਰਤਾਪ ਰੰਧਾਵਾ ਆਪਣੀ ਕਾਰ ਵਿਚ ਪਰਿਵਾਰ ਨਾਲ ਜਾ ਰਿਹਾ ਸੀ ਅਤੇ ਪ੍ਰਿੰਸ ਰੰਧਾਵਾ ਸੜਕ ਪਾਰ ਕਰ ਰਿਹਾ ਸੀ ਅਤੇ ਦੋਵਾਂ ਦੀ ਕਾਰ ਦੀ ਮਾਮੂਲੀ ਜਿਹੀ ਟੱਕਰ ਹੋ ਗਈ। ਜਿਸ ਤੋਂ ਬਾਅਦ ਦੋਵਾਂ ਦਰਮਿਆਨ ਝਗੜਾ ਹੋਇਆ ਪ੍ਰਾਪਤ ਹੋਈ ਜਾਣਕਾਰੀ ਪ੍ਰਿੰਸ ਰੰਧਾਵਾ ਵੱਲੋਂ ਆਪਣੇ ਲਾਇਸੈਂਸੀ ਰਿਵਾਲਵਰ ਤੋਂ ਫਾਈਰਿੰਗ ਵੀ ਕੀਤੀ ਗਈ। ਜਿਸ ਤੋਂ ਬਾਅਦ ਦੋਵੇਂ ਧਿਰਾਂ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਪ੍ਰਤਾਪ ਰੰਧਾਵਾ ਦੇ ਬਿਆਨਾਂ ਦੇ ਆਧਾਰ ’ਤੇ ਪ੍ਰਿੰਸ ਰੰਧਾਵਾ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।