ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਲੈਪ ਕੰਪੀਟੀਸ਼ਨ ਦੇ ਜੇਤੂ ਜੁਝਾਰ ਸਿੰਘ ਚਮਕੌਰ ਸਾਹਿਬ ਦਾ ਕੀਤਾ ਸਨਮਾਨ
‘ਜੁਝਾਰ ਸਿੰਘ ਨੇ ਪੂਰੀ ਦੁਨੀਆਂ ਵਿੱਚ ਪਵਿੱਤਰ ਧਰਤੀ ਸ੍ਰੀ ਚਮਕੌਰ ਸਾਹਿਬ, ਪੰਜਾਬ ਤੇ ਹਿੰਦੁਸਤਾਨ ਦਾ ਨਾਮ ਉੱਚਾ ਕੀਤਾ’
ਸ੍ਰੀ ਚਮਕੌਰ ਸਾਹਿਬ: ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵੱਲੋਂ ਸ੍ਰੀ ਚਮਕੌਰ ਸਾਹਿਬ ਦੇ ਜੰਮਪਲ ਜੁਝਾਰ ਸਿੰਘ ਪੁੱਤਰ ਸੰਗਤ ਸਿੰਘ ਵੱਲੋਂ ਦੁਬਈ ਵਿਖੇ ਚਪੇੜਾਂ ਮਾਰਨ ਦੀ ਖੇਡ ਦਾ ਕੰਪੀਟੀਸ਼ਨ ਜਿੱਤਣ ਉਪਰੰਤ ਚਮਕੌਰ ਸਾਹਿਬ ਆਉਣ 'ਤੇ ਜੁਝਾਰ ਸਿੰਘ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜੁਝਾਰ ਸਿੰਘ ਨੇ ਪੂਰੀ ਦੁਨੀਆਂ ਵਿੱਚ ਪਵਿੱਤਰ ਧਰਤੀ ਸ੍ਰੀ ਚਮਕੌਰ ਸਾਹਿਬ, ਪੰਜਾਬ ਤੇ ਹਿੰਦੁਸਤਾਨ ਦਾ ਨਾਮ ਉੱਚਾ ਕੀਤਾ ਹੈ।
ਉਹਨਾਂ ਕਿਹਾ ਕਿ ਜੁਝਾਰ ਸਿੰਘ ਪਹਿਲਾਂ ਵੀ ਕੁਸ਼ਤੀਆਂ ਵਿੱਚ ਨਾਮ ਨਾ ਖੱਟ ਚੁੱਕਾ ਹੈ ਅਤੇ ਛਿੰਜਾਂ ਦਾ ਰਾਜਾ ਅਖਵਾਉਂਦਾ ਰਿਹਾ ਹੈ। ਉਹਨਾਂ ਹੋਰਨਾਂ ਨੌਜਵਾਨਾਂ ਨੂੰ ਵੀ ਜੁਝਾਰ ਸਿੰਘ ਤੋਂ ਸੇਧ ਲੈਣ ਦੀ ਅਪੀਲ ਕੀਤੀ। ਇਸ ਮੌਕੇ ਤੇ ਵਿਚਾਰ ਸਾਂਝੇ ਕਰਦਿਆਂ ਜੁਝਾਰ ਸਿੰਘ ਨੇ ਕਿਹਾ ਕਿ ਉਹਨਾਂ ਨੇ ਇਹ ਕੰਪੀਟੀਸ਼ਨ ਸ੍ਰੀ ਚਮਕੌਰ ਸਾਹਿਬ ਦੇ ਸ਼ਹੀਦਾਂ ਤੋਂ ਅਸ਼ੀਰਵਾਦ ਪ੍ਰਾਪਤ ਕਰਕੇ ਅਤੇ ਹਰੀ ਸਿੰਘ ਨਲੂਏ ਦੀ ਵਾਰ ਤੋਂ ਹੌਸਲਾ ਲੈ ਕੇ ਜਿੱਤੀ ਹੈ। ਉਹਨਾਂ ਦੂਸਰੇ ਨੌਜਵਾਨਾਂ ਨੂੰ ਵੀ ਗੁਰੂ ਸਾਹਿਬ ਤੋਂ ਅਸ਼ੀਰਵਾਦ ਲੈ ਕੇ ਆਪਣੀ ਆਪਣੀ ਮੰਜ਼ਿਲ ਸਰ ਕਰਨ ਦਾ ਸੁਨੇਹਾ ਦਿੱਤਾ।