ਬੀਕੇਯੂ ਉਗਰਾਹਾਂ ਨੇ ਵੀ ਬਦਲੀ ਅਪਣੀ ਰਣਨੀਤੀ, ਅੱਜ ਕੂਚ ਕਰਨਗੇ ਦਿੱਲੀ ਵਲ

ਏਜੰਸੀ

ਖ਼ਬਰਾਂ, ਪੰਜਾਬ

ਬੀਕੇਯੂ ਉਗਰਾਹਾਂ ਨੇ ਵੀ ਬਦਲੀ ਅਪਣੀ ਰਣਨੀਤੀ, ਅੱਜ ਕੂਚ ਕਰਨਗੇ ਦਿੱਲੀ ਵਲ

image

ਚੰਡੀਗੜ੍ਹ, 26 ਨਵੰਬਰ (ਗੁਰਉਪਦੇਸ਼ ਭੁੱਲਰ) : ਪੰਜਾਬ ਦੇ ਲੱਖਾਂ ਕਿਸਾਨ ਕੇਂਦਰੀ ਖੇਤੀ ਕਾਨੂੰਨਾਂ ਵਿਰੁਧ ਅੱਜ ਮੁੜ ਦਿੱਲੀ ਵਲ ਕੂਚ ਕਰਨਗੇ। ਜ਼ਿਕਰਯੋਗ ਹੈ ਕਿ ਬੀਕੇਯੂ ਉਗਰਾਹਾਂ ਨੇ ਵੀ ਹੁਣ ਅਪਣੀ ਰਣਨੀਤੀ ਤਬਦੀਲ ਕਰਦਿਆਂ ਡੱਬਵਾਲੀ ਤੇ ਖਨੌਰੀ ਨਾਕੇ ਨੂੰ ਅੱਜ ਤੋੜ ਕੇ ਦਿੱਲੀ ਵਲ ਵਧਣ ਦਾ ਐਲਾਨ ਕਰ ਦਿਤਾ ਹੈ। ਯੂਨੀਅਨ ਦੇ ਇਨ੍ਹਾਂ ਦੋ ਕੇਂਦਰਾਂ 'ਤੇ ਡੇਢ ਲੱਖ ਤੋਂ ਵਧ ਕਿਸਾਨ ਮੌਜੂਦ ਹਨ। ਇਨ੍ਹਾਂ ਵਿਚ ਹਜ਼ਾਰਾਂ ਔਰਤਾਂ ਤੇ ਬੱਚੇ ਵੀ ਸ਼ਾਮਲ ਹਨ। ਪਹਿਲਾਂ ਉਗਰਾਹਾਂ ਗਰੁੱਪ ਨੇ ਸ਼ਾਂਤਮਈ ਧਰਨਾ ਜਾਰੀ ਰੱਖਣ ਦਾ ਐਲਾਨ ਕੀਤਾ ਸੀ, ਪਰ ਨੌਜਵਾਨ ਕਿਸਾਨ ਬੈਰੀਕੇਡ ਤੋੜ ਕੇ ਅੱਗੇ ਵਧਣ ਦੇ ਹੱਕ ਵਿਚ ਸਨ। ਇਸ ਦਬਾਅ ਦੇ ਚਲਦੇ ਹੀ ਯੂਨੀਅਨ ਨੇ ਬਹੁ ਗਿਣਤੀ ਕਿਸਾਨਾ ਦੀ ਗੱਲ ਮਨਦਿਆਂ ਰਣਨੀਤੀ ਬਦਲੀ ਗਈ ਹੈ। ਦੂਰ-ਦੁਰਾਡੇ ਜ਼ਿਲ੍ਹਿਆਂ ਤੋਂ ਟਰੈਕਟਰ-ਟਰਾਲੀਆਂ ਦੇ ਕਾਫ਼ਲੇ ਦੇਰ ਰਾਤ ਤਕ ਪਹੁੰਚਦੇ ਰਹੇ ਤੇ ਅੱਜ ਦਾ ਐਕਸ਼ਨ ਬੀਤੀ ਕਲ ਨਾਲੋਂ ਕਿਤੇ ਵੱਡਾ ਤੇ ਤਿੱਖਾ ਹੋ ਸਕਦਾ ਹੈ। ਸ਼ੰਭੂ ਨਾਕਾ ਤੋੜ ਕੇ ਪਾਨੀਪਤ ਪਹੁੰਚ ਚੁਕੇ ਪ੍ਰਮੁੱਖ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਤੇ ਟੋਹਾਣਾ ਨਾਕਾ ਤੋੜ ਕੇ ਅਸੰਧ ਪਹੁੰਚ ਚੁਕੇ ਬੀਕੇਯੂ ਡਕੌਂਦਾ ਦੇ ਆਗੂ ਵੀ ਅੱਜ ਹੀ ਲੱਖਾਂ ਕਿਸਾਨਾਂ ਨਾਲ ਦਿੱਲੀ ਵਲ ਕੂਚ ਕਰਨਗੇ।