ਜੈਜ਼ੀ ਬੀ ਨੇ ਕੀਤੀ ਕਿਸਾਨਾਂ ਦੀ ਹਮਾਇਤ, ਸਾਰਿਆਂ ਨੂੰ ਦਿੱਲੀ ਪਹੁੰਚਣ ਲਈ ਕੀਤੀ ਅਪੀਲ
ਵਾਹਿਗੁਰੂ ਜੀ ਕਿਰਪਾ ਕਰੋ ਪੰਜਾਬ ਦੇ ਅੰਨਦਾਤਾ ਉੱਤੇ। ਸਭ ਦਿੱਲੀ ਪੁੱਜੋ ਜੀ 26 ਅਤੇ 27 ਨੂੰ…
ਚੰਡੀਗੜ੍ਹ: ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਪਰ ਸਰਕਾਰ ਦੀ ਸਖ਼ਤੀ ਦੇ ਚਲਦੇ ਕਿਸਾਨਾਂ ਦਾ ਗੁੱਸਾ ਮੁੜ ਭੜਕ ਗਿਆ ਹੈ। ਇਸ ਦੌਰਾਨ ਉਨ੍ਹਾਂ ਤੇ ਕੁਰੂਕਸ਼ੇਤਰ ਦੇ ਤਿਓੜਾ ਥੇਹ ਲਾਗੇ ਪੁਲਿਸ ਪ੍ਰਸ਼ਾਸਨ ਨੇ ਪਾਣੀ ਦੀਆਂ ਬੁਛਾੜਾਂ ਦੀ ਵਰਤੋਂ ਕੀਤੀ। ਕਿਸਾਨਾਂ ਨੂੰ ਰੋਕਣ ਲਈ ਪ੍ਰਸ਼ਾਸਨ ਦੀ ਸਖ਼ਤੀ ਉੱਤੇ ਪੰਜਾਬੀ ਗਾਇਕ ਜੈਜ਼ੀ ਬੀ ਨੇ ਵੀ ਆਪਣਾ ਪ੍ਰਤੀਕਰਮ ਪ੍ਰਗਟਾਇਆ ਹੈ। ਉਨ੍ਹਾਂ ਸੋਸ਼ਲ ਮੀਡੀਆ ਉੱਤੇ ਪੋਸਟ ਸ਼ੇਅਰ ਕਰਦਿਆਂ ਕਿਸਾਨਾਂ ਦਾ ਸਮਰਥਨ ਕੀਤਾ ਤੇ ਕਿਸਾਨਾਂ ਦੀ ਮਦਦ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ।
ਜੈਜ਼ੀ ਬੀ ਨੇ ਕਿਸਾਨਾਂ ਦੀ ਹਮਾਇਤ ’ਚ ਡਟਦਿਆਂ ਫ਼ੋਟੋ ਪੋਸਟ ਕੀਤੀ, ਜਿਸ ਵਿੱਚ ਇੱਕ ਪਾਸੇ ਕਿਸਾਨ ਤੇ ਦੂਜੇ ਪਾਸੇ ਪੁਲਿਸ ਵਿਖਾਈ ਦੇ ਰਹੀ ਹੈ। ਇਹ ਤਸਵੀਰ ਸ਼ੇਅਰ ਕਰਦਿਆਂ ਉਨ੍ਹਾਂ ਲਿਖਿਆ-ਵਾਹਿਗੁਰੂ ਜੀ ਕਿਰਪਾ ਕਰੋ ਪੰਜਾਬ ਦੇ ਅੰਨਦਾਤਾ ਉੱਤੇ। ਸਭ ਦਿੱਲੀ ਪੁੱਜੋ ਜੀ 26 ਅਤੇ 27 ਨੂੰ…। ਉਨ੍ਹਾਂ ਦੀ ਇਹ ਪੋਸਟ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਤੇ ਇਸ ਉੱਤੇ ਕਾਫ਼ੀ ਕਮੈਂਟ ਆ ਰਹੇ ਹਨ।