AAP ਪੰਜਾਬ ਦੇ ਸਮੂਹ ਆਗੂ ਤੇ ਵਲੰਟੀਅਰ ਬਿਨਾਂ ਝੰਡੇ ਅਤੇ ਬੈਨਰ ਤੋਂ ਕਿਸਾਨ ਸੰਘਰਸ਼ 'ਚ ਹੋਏ ਸ਼ਾਮਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨ ਅੰਦੋਲਨ ਵਿਚ ਰਾਜਨੀਤੀ ਤੋਂ ਉਪਰ ਉਠਕੇ ਬਤੌਰ ਕਿਸਾਨ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ

All AAP Punjab leaders and volunteers joined the farmers' struggle without flags and banners

ਚੰਡੀਗੜ੍ਹ - ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਆਗੂਆਂ ਅਤੇ ਵਰਕਰਾਂ ਨੇ ਕਿਸਾਨ ਅੰਦੋਲਨ ਵਿਚ ਰਾਜਨੀਤੀ ਤੋਂ ਉਪਰ ਉਠਕੇ ਬਤੌਰ ਕਿਸਾਨ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਦੇਸ਼ ਭਰ ਦੇ ਕਿਸਾਨਾਂ ਵੱਲੋਂ ਇਕਜੁੱਟ ਹੁੰਦਿਆਂ 26 ਅਤੇ 27 ਨਵੰਬਰ ਨੂੰ ਦਿੱਲੀ ਚੱਲੋ ਦੇ ਸੱਦੇ ਉਤੇ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਆਗੂਆਂ ਨੇ ਪਾਰਟੀ ਦੇ ਝੰਡੇ ਅਤੇ ਬੈਨਰ ਤੋਂ ਬਗੈਰ ਦਿੱਲੀ ਪਹੁੰਚੇ।

ਖਨੌਰੀ ਰਾਹੀਂ ਹਰਿਆਣਾ ਵਿਚ ਦਾਖਲ ਹੋਏ ਵਿਰੋਧੀ ਧਿਰ ਦੇ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ ਅਤੇ ਯੂਥ ਵਿੰਗ ਦੇ ਸਹਿ ਪ੍ਰਧਾਨ ਗਗਨ ਅਨਮੋਲ ਮਾਨ ਨੇ ਕਿਹਾ ਕਿ ਪੰਜਾਬ ਅਤੇ ਦੇਸ਼ ਭਰ ਦੇ ਕਿਸਾਨਾਂ ਦੀ ਇਕਜੁੱਟਤਾ ਜਿੱਥੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦਾ ਹੰਕਾਰ ਤੋੜੇਗੀ, ਉਥੇ ਮੋਦੀ ਸਰਕਾਰ ਨਾਲ ਮਿਲਕੇ ਪੰਜਾਬ ਅਤੇ ਕਿਸਾਨਾਂ ਦੀ ਪਿੱਠ ''ਚ ਸੁਰਾ ਮਾਰ ਰਹੇ ਕੈਪਟਨ ਅਮਰਿੰਦਰ ਸਿੰਘ ਦੇ ਕਿਸਾਨ ਵਿਰੋਧ ਮਨਸੂਬਿਆਂ ਉਤੇ ਪਾਣੀ ਫੇਰੇਗੀ।

ਕਿਸਾਨ ਅੰਦੋਲਨ ਵਿਚ ਸ਼ਾਮਲ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਸੋਨੀਪਤ ਤੋਂ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਤਸ਼ੱਦਦ ਕਰਕੇ ਅੰਦੋਲਨ ਨੂੰ ਕੁਚਲਣਾ ਚਾਹੁੰਦੀ ਹੈ। ਆਮ ਆਦਮੀ ਪਾਰਟੀ ਪੰਜਾਬ ਦੇ 8 ਵਿਧਾਇਕਾਂ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਦਲ ਦੇ ਨੇਤਾ ਹਰਪਾਲ ਸਿੰਘ ਚੀਮਾ, ਵਿਧਾਇਕ ਅਮਨ ਅਰੋੜਾ, ਆਪ ਯੂਥ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਮੀਤ ਹੇਅਰ, ਆਪ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ,

ਵਿਧਾਇਕ ਪ੍ਰੋ. ਬਲਜਿੰਦਰ ਕੌਰ, ਜੈ ਕ੍ਰਿਸ਼ਨ ਸਿੰਘ ਰੌੜੀ, ਮਨਜੀਤ ਸਿੰਘ ਬਿਲਾਸਪੁਰ, ਕੁਲਵੰਤ ਪੰਡੌਰੀ ਅਤੇ ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਵੱਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਅੱਗੇ ਪ੍ਰਦਰਸ਼ਨ ਕੀਤਾ ਗਿਆ। ਜਿੱਥੇ ਦਿੱਲੀ ਪੁਲਿਸ ਧੱਕਾਮੁੱਖ ਕਰਦੇ ਸੜਕਾਂ ਉਤੇ ਘੜਸੀਆ ਤੇ ਗ੍ਰਿਫਤਾਰ ਕਰਦੇ ਹੋਏ ਥਾਣੇ ਵਿਚ ਬੰਦ ਕੀਤਾ ਗਿਆ। 'ਆਪ' ਵਿਧਾਇਕਾਂ ਨੇ ਕਿਹਾ ਕਿ ਉਹ ਦਿੱਲੀ ਪੁਲਿਸ ਵੱਲੋਂ ਕੀਤੇ ਜਾ ਰਹੇ ਅੱਤਿਆਚਾਰ ਤੋਂ ਨਹੀਂ ਡਰਨਗੇ ਅਤੇ ਲੋਕਾਂ ਲਈ ਆਵਾਜ਼ ਬੁਲੰਦ ਕਰਦੇ ਰਹਿਣਗੇ।