15 ਵਿਰੋਧੀ ਦਲਾਂ ਨੇ ਸੰਵਿਧਾਨ ਦਿਵਸ ਸਮਾਗਮ ਦਾ ਬਾਈਕਾਟ ਕੀਤਾ

ਏਜੰਸੀ

ਖ਼ਬਰਾਂ, ਪੰਜਾਬ

15 ਵਿਰੋਧੀ ਦਲਾਂ ਨੇ ਸੰਵਿਧਾਨ ਦਿਵਸ ਸਮਾਗਮ ਦਾ ਬਾਈਕਾਟ ਕੀਤਾ

image

 

ਨਵੀਂ ਦਿੱਲੀ, 26 ਨਵੰਬਰ : ਕਾਂਕਰਸ ਸਮੇਤ 15 ਵਿਰੋਧੀ ਦਲ ਸ਼ੁਕਰਵਾਰ ਨੂੰ  ਸੰਸਦ ਦੇ ਸੈਂਟਰਲ ਹਾਲ ਵਿਚ ਕਰਵਾਏ ਸੰਵਿਧਾਨ ਦਿਵਸ ਸਮਾਗਮ ਵਿਚ ਸ਼ਾਮਲ ਨਾ ਹੋਏ ਅਤੇ ਸਰਕਾਰ 'ਤੇ ਸੰਵਿਧਾਨ ਦੀ ਮੂਲ ਭਾਵਨਾ 'ਤੇ ਹਮਲਾ ਕਰਨ ਅਤੇ ਤਾਨਾਸ਼ਾਹੀ ਤਰੀਕੇ ਨਾਲ ਕੰਮ ਕਰਨ ਦਾ ਦੋਸ਼ ਲਗਾਇਆ | ਕਾਂਗਰਸ ਤੋਂ ਇਲਾਵਾ ਸਮਾਜਵਾਦੀ ਪਾਰਟੀ, ਆਮ ਆਦਮੀ ਪਾਰਟੀ, ਭਾਕਪਾ, ਮਾਕਪਾ, ਦ੍ਰਮੁਕ, ਅਕਾਲੀ ਦਲ, ਸ਼ਿਵਸੈਨਾ, ਰਾਸ਼ਟਰਵਾਦੀ ਕਾਂਗਰਸ ਪਾਰਟੀ, ਤਿ੍ਣਾਮੂਲ ਕਾਂਗਰਸ, ਰਾਜਦ, ਆਰਐਸਪੀ, ਕੇਰਲ ਕਾਂਗਰਸ, ਆਈਯੂਐਮਐਲ ਅਤੇ ਏਆਈਐਮਆਈਐਮ ਆਦਿ ਪਾਰਟੀਆਂ ਇਸ ਸਮਾਗਮ ਤੋਂ ਦੂਰ ਰਹੀਆਂ |
 ਕਾਂਗਰਸ ਦੇ ਆਨੰਦ ਸ਼ਰਮਾ ਨੇ ਕਿਹਾ ਕਿ ਇਹ ਸਰਕਾਰ ਪ੍ਰਜਾਤੰਤਰ ਅਤੇ ਸੰਵਿਧਾਨ ਦੇ ਜਸ਼ਨ ਵਿਚ ਵਿਰੋਧੀ ਧਿਰ ਦਾ ਸਨਮਾਨ ਨਹੀਂ ਕਰਦੀ ਅਤੇ ਸੰਸਦੀ ਲੋਕਤੰਤਰ ਦਾ ਨਿਰਾਦਰ ਅਤੇ ਤਾਨਾਸ਼ਾਹੀ ਢੰਗ ਨਾਲ ਕੰਮਕਾਜ ਕਰਦੀ ਹੈ, ਜਿਸ ਕਾਰਨ ਕਈ ਵਿਰੋਧੀ ਦਲਾਂ ਨੇ ਇਸ ਸਮਾਗਮ ਤੋਂ ਵੱਖ ਰਹਿਣ ਦਾ ਫ਼ੈਸਲਾ ਕੀਤਾ | ਰਾਜਸਭਾ ਵਿਚ ਕਾਂਗਰਸ ਦੇ ਉਪ ਆਗੂ ਸ਼ਰਮਾ ਨੇ ਇਹ ਵੀ ਕਿਹਾ ਕਿ ਇਸ ਸਮਾਗਮ ਵਿਚ ਪ੍ਰਧਾਨ ਮੰਤਰੀ ਵਲੋਂ ਵਿਰੋਧੀ ਧਿਰ ਦੀ ਆਲੋਚਨਾ ਕਰਨ ਦੀ ਕੋਈ ਲੋੜ ਨਹੀਂ ਸੀ |   ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਵਿਧਾਨ ਦਿਵਸ ਮੌਕੇ ਕਾਂਗਰਸ ਸਮੇਤ ਹੋਰ ਵਿਰੋਧੀ ਦਲਾਂ 'ਤੇ ਲੁਕਵਾਂ ਹਮਲਾ ਕਰਦੇ ਹੋਏ ਕਿਹਾ ਕਿ ਜੋ ਸਿਆਸੀ ਦਲ ਅਪਣਾ ਲੋਕਤੰਤਰਕ ਚਰਿੱਤਰ ਗੁਆ ਚੁਕੇ ਹਨ, ਉਹ ਲੋਕਤੰਤਰ ਦੀ ਰਖਿਆ ਨਹੀਂ ਕਰ ਸਕਦੇ | ਸੰਸਦ ਦੇ ਸੈਂਟਰਲ ਹਾਲ ਵਿਚ ਕਰਵਾਏ ਪ੍ਰੋਗਰਾਮ ਵਿਚ ਮੋਦੀ ਨੇ ਪ੍ਰਵਾਰਕ ਦਲਾਂ ਨੂੰ  ਸੰਵਿਧਾਨ ਪ੍ਰਤੀ ਸਮਰਪਤ ਸਿਆਸੀ ਦਲਾਂ ਲਈ ਚਿੰਤਾ ਦਾ ਵਿਸ਼ਾ ਦਸਿਆ | ਉਨ੍ਹਾਂ ਸਵਾਲ ਕਰਦੇ ਹੋਏ ਕਿਹਾ ਕਿ ਜੋ ਦਲ ਖ਼ੁਦ ਲੋਕਤੰਤਰੀ ਚਰਿੱਤਰ ਗੁਆ ਚੁਕੇ ਹਨ, ਉਹ ਲੋਕਤੰਤਰ ਦੀ ਰਖਿਆ ਕਿਵੇਂ ਕਰ ਸਕਦੇ ਹਨ? ਮੋਦੀ ਨੇ ਕਿਹਾ ਕਿ ਮੈਂ ਇਹ ਨਹੀਂ ਕਹਿੰਦਾ ਕਿ ਪ੍ਰਵਾਰ 'ਚੋਂ ਇਕ ਤੋਂ ਜ਼ਿਆਦਾ ਲੋਕ ਨਾ ਆਉਣ | ਜੋ ਯੋਗ ਹਨ ਅਤੇ ਜਨਤਾ ਜਿਨ੍ਹਾਂ ਨੂੰ  ਆਸ਼ੀਰਵਾਦ ਦਿੰਦੀ ਹੈ, ਉਹ ਆਉਣ | ਪੀੜ੍ਹੀ ਦਰ ਪੀੜ੍ਹੀ ਪਾਰਟੀ ਨੂੰ  ਇਕ ਹੀ ਪ੍ਰਵਾਰ ਚਲਾਵੇ ਤਾਂ ਇਹ ਸੰਕਟ ਹੈ |
  ਮੋਦੀ ਨੇ ਮੁੰਬਈ ਅਤਿਵਾਦੀ ਹਮਲੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸਾਡੇ ਲਈ 26/11 ਦੁਖਦ ਦਿਨ, ਕਿਉਂਕਿ ਇਸ ਦਿਨ ਦੇਸ਼ ਦੇ ਦੁਸ਼ਮਣਾਂ ਨੇ ਮੁੰਬਈ ਅਤਿਵਾਦੀ ਹਮਲੇ ਨੂੰ  ਅੰਜਾਮ ਦਿਤਾ, ਜਿਸ ਵਿਚ ਕਈ ਬੇਕਸੂਰਾਂ ਦੀ ਜਾਨ ਗਈ | ਮੋਦੀ ਨੇ ਮੁੰਬਈ ਅਤਿਵਾਦੀ ਹਮਲੇ ਦੌਰਾਨ ਦੇਸ਼ ਦੀ ਰਖਿਆ ਲਈ ਜਾਨ ਵਾਰਨ ਵਾਲੇ ਸੁਰੱਖਿਆ ਕਰਮੀਆਂ ਤੇ ਲੋਕਾਂ ਨੂੰ  ਸ਼ਰਧਾਂਜਲੀ ਦਿਤੀ | (ਪੀਟੀਆਈ)