ਭਾਰਤੀ ਸਾਹਿਤ ਅਕਾਦਮੀ ਇਨਾਮ ਜੇਤੂ ਉੱਘੇ ਪੰਜਾਬੀ ਕਹਾਣੀਕਾਰ ਮੋਹਨ ਭੰਡਾਰੀ ਦਾ ਦਿਹਾਂਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਉਹ ਸਾਢੇ ਪੰਜ ਦਹਾਕੇ ਪੰਜਾਬੀ ਕਹਾਣੀ ਦੇ ਖੇਤਰ ਵਿਚ ਸਰਗਰਮ ਰਹੇ।

Mohan Bhandari

 

ਚੰਡੀਗੜ੍ਹ (ਝਾਂਮਪੁਰ, ਬਠਲਾਣਾ) : ਉਘੇ ਪੰਜਾਬੀ ਕਹਾਣੀਕਾਰ ਮੋਹਨ ਭੰਡਾਰੀ ਦਾ ਬੀਤੇ ਦਿਨ ਉਨਾਂ ਦੇ ਨਿਵਾਸ  ਸੈਕਟਰ 34 ਵਿਖੇ ਦਿਹਾਂਤ ਹੋ ਗਿਆ। ਸ਼੍ਰੀ  ਭੰਡਾਰੀ ਦੀ ਸਾਹਿਤ ਸਿਰਜਣਾ ਨੂੰ ਸਲਾਮ ਕਰਦਿਆਂ ਪੰਜਾਬ  ਕਲਾ ਪਰਿਸ਼ਦ ਚੰਡੀਗੜ੍ਹ ਨੇ ਡੂੰਘੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਉਹ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ 80 ਸਾਲਾਂ ਦੇ ਸਨ। ਉਹਨਾਂ ਦਾ ਜਨਮ 14 ਫਰਵਰੀ 1937 ਵਿਚ ਹੋਇਆ ਸੀ। ਉਹ ਸਾਢੇ ਪੰਜ ਦਹਾਕੇ ਪੰਜਾਬੀ ਕਹਾਣੀ ਦੇ ਖੇਤਰ ਵਿਚ ਸਰਗਰਮ ਰਹੇ। ਉਨ੍ਹਾਂ ਦੀਆਂ ਚਰਚਿਤ ਪੁਸਤਕਾਂ ਵਿਚ ‘ਮਨੁੱਖ ਦੀ ਪੈੜ’, ‘ਪਛਾਣ’, ‘ਮੂਨ ਦੀ ਅੱਖ’ (ਭਾਰਤੀ ਸਾਹਿਤ ਅਕਾਦਮੀ ਇਨਾਮ ਜੇਤੂ) ਅਤੇ ‘ਗੋਰਾ ਬਾਸ਼ਾ’ ਆਦਿ ਸ਼ਾਮਲ ਹਨ। ਮੋਹਨ ਭੰਡਾਰੀ ਦੀਆਂ ਚਰਚਿਤ ਕਹਾਣੀਆਂ ਉਪਰ ਦੂਰਦਰਸ਼ਨ ਕੇਂਦਰ ਜਲੰਧਰ ਵਲੋਂ ਫਿਲਮਾਂ ਵੀ ਬਣਾਈਆਂ ਗਈਆਂ।

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੇ ਉਨ੍ਹਾਂ ਨੂੰ ਕਰਤਾਰ ਸਿੰਘ ਧਾਲੀਵਾਲ ਪੁਰਸਕਾਰ ਨਾਲ ਵੀ ਨਿਵਾਜਿਆ ਸੀ। ਉਨ੍ਹਾਂ ਦੀਆਂ ਚਰਚਿਤ ਕਹਾਣੀਆਂ, ਰੇਖਾ ਚਿਤਰਾਂ ਤੇ ਯਾਦਾਂ ਉਤੇ ਵਿਦਿਆਰਥੀ ਅੱਜ ਖੋਜ ਕਾਰਜ ਵੀ ਕਰ ਰਹੇ ਹਨ। ਉਹ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜੀਵਨ ਮੈਂਬਰ ਸਨ ਅਤੇ ਕੇਂਦਰੀ ਸਭਾ ਦੀਆਂ ਸਰਗਰਮੀਆਂ ਅਤੇ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ ਸਤਿਕਾਰ ਦਿਵਾਉਣ ਲਈ ਉਹ ਨਿਰੰਤਰ ਸੰਘਰਸ਼ਸ਼ੀਲ ਰਹੇ।

ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ ਅਹੁਦੇਦਾਰਾਂ ਤੇ ਸਮੂਹ ਮੈਂਬਰਾਂ ਵੱਲੋਂ ਅਕਾਦਮੀ ਦੇ ਜੀਵਨ ਮੈਂਬਰ ਮੋਹਨ ਭੰਡਾਰੀ ਦੇ ਸਦੀਵੀ ਵਿਛੋੜੇ ’ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਗਿਆ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਅਤੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮੋਹਨ ਭੰਡਾਰੀ ਬਹੁਤ ਹੀ ਨਿੱਘੇ ਸੁਭਾਅ ਦੇ ਉੱਘੇ ਕਹਾਣੀਕਾਰ ਸਨ। ਉਨ੍ਹਾਂ ਦੇ ਸਦੀਵੀ ਵਿਛੋੜੇ ਨਾਲ ਪੰਜਾਬੀ ਸਾਹਿਤ ਜਗਤ ਅਤੇ ਪਰਿਵਾਰ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ।

ਇਸ ਦੁੱਖ ਦੇ ਸਮੇਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੀ ਹੈ। ਅਫ਼ਸੋਸ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਾਬਕਾ ਪ੍ਰਧਾਨ ਡਾ. ਸੁਰਜੀਤ ਪਾਤਰ, ਪ੍ਰੋ. ਗੁਰਭਜਨ ਸਿੰਘ ਗਿੱਲ, ਡਾ. ਸੁਖਦੇਵ ਸਿੰਘ ਸਿਰਸਾ, ਡਾ. ਸ. ਪ. ਸਿੰਘ, ਸੁਰਿੰਦਰ ਕੈਲੇ, ਸਹਿਜਪ੍ਰੀਤ ਸਿੰਘ ਮਾਂਗਟ, ਡਾ. ਗੁਲਜ਼ਾਰ ਸਿੰਘ ਪੰਧੇਰ, ਖੁਸ਼ਵੰਤ ਸਿੰਘ ਬਰਗਾੜੀ, ਭੁਪਿੰਦਰ ਸਿੰਘ ਸੰਧੂ, ਡਾ. ਗੁਰਇਕਬਾਲ ਸਿੰਘ, ਮਨਜਿੰਦਰ ਸਿੰਘ ਧਨੋਆ, ਡਾ. ਜਗਵਿੰਦਰ ਜੋਧਾ, ਤ੍ਰੈਲੋਚਨ ਲੋਚੀ, ਜਨਮੇਜਾ ਸਿੰਘ ਜੌਹਲ, ਸ੍ਰੀ ਰਾਮ ਅਰਸ਼, ਭਗਵੰਤ ਰਸੂਲਪੁਰੀ, ਕਮਲਜੀਤ ਨੀਲੋਂ, ਜਸਵੀਰ ਝੱਜ, ਡਾ. ਸੁਦਰਸ਼ਨ ਗਾਸੋ, ਸੁਦਰਸ਼ਨ ਗਰਗ, ਤਰਸੇਮ, ਅਮਰਜੀਤ ਕੌਰ ਹਿਰਦੇ, ਸੁਰਿੰਦਰ ਨੀਰ, ਡਾ. ਵਨੀਤਾ, ਗੁਲਜ਼ਾਰ ਸਿੰਘ ਸ਼ੌਂਕੀ, ਪ੍ਰੇਮ ਸਾਹਿਲ, ਮੇਜਰ ਸਿੰਘ ਗਿੱਲ ਅਤੇ ਅਕਾਡਮੀ ਦੇ ਹੋਰ ਮੈਂਬਰ ਸ਼ਾਮਲ ਹਨ।