ਤਪਾ ਮੰਡੀ: ਕੱਚੇ ਅਧਿਆਪਕਾਂ ਦਾ ਪ੍ਰਦਰਸ਼ਨ, ਪੈਟਰੋਲ ਦੀ ਬੋਤਲ ਲੈ ਕੇ ਟੈਂਕੀ 'ਤੇ ਚੜ੍ਹਿਆ ਅਧਿਆਪਕ

ਏਜੰਸੀ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਨੇ ਕਿਹਾ ਕਿ 36 ਹਜ਼ਾਰ ਮੁਲਾਜ਼ਮ ਪੱਕੇ ਕਰ ਦਿੱਤੇ ਹਨ ਜੋ ਕਿ ਬਿਲਕੁਲ ਹੀ ਝੂਠ ਹੈ

Demonstration of raw teachers

 

ਤਪਾ ਮੰਡੀ - ਮੁੱਖ ਮੰਤਰੀ ਚਰਨਜੀਤ ਚੰਨੀ ਦਾ ਅੱਜ ਤਪਾ ਵਿਖੇ ਦੋ ਵਜੇ ਦਾ ਦੌਰਾ ਸੀ ਪਰ ਉਸ ਤੋਂ ਪਹਿਲਾਂ ਹੀ ਕੱਚੇ ਅਧਿਆਪਕਾਂ ਨੇ ਅੰਦਰਲੇ ਬੱਸ ਸਟੈਂਡ ਨੇੜੇ ਬਣੀ ਪਾਣੀ ਵਾਲੀ ਟੈਂਕੀ ਕੋਲ ਚੰਨੀ ਸਰਕਾਰ ਦੇ ਵਿਰੋਧ ‘ਚ ਧਰਨਾ ਲਗਾ ਦਿੱਤਾ ਤੇ ਇਕ ਅਧਿਆਪਕ ਪੈਟਰੋਲ ਦੀ ਬੋਤਲ ਲੈ ਕੇ ਟੈਂਕੀ ‘ਤੇ ਚੜ੍ਹ ਗਿਆ ਅਤੇ ਪੁਲਸ ਅਤੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। 

ਇਸ ਮੌਕੇ ਕੱਚੇ ਅਧਿਆਪਕ ਯੂਨੀਅਨ ਦੇ ਆਗੂ ਸੁਖਵਿੰਦਰ ਕੌਰ, ਗੁਰਜੀਤ ਉਗੋਕੇ,ਕਰਮਜੀਤ ਕੌਰ ਫਰੀਦਕੌਟ ਨੇ ਦੱਸਿਆ ਕਿ ਉਹ ਥੋੜ੍ਹੀ ਜਿਹੀ ਤਨਖ਼ਾਹ ‘ਤੇ ਪਿਛਲੇ 18 ਸਾਲਾਂ ਤੋਂ ਬੱਚਿਆਂ ਨੂੰ ਪੜ੍ਹਾ ਰਹੇ ਹਨ ਪਰ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਸਾਡੀਆਂ ਕੋਈ ਮੰਗਾਂ ਪੂਰੀਆਂ ਨਹੀਂ ਕੀਤੀਆਂ। ਉਹਨਾਂ ਕਿਹਾ ਕਿ ਚੰਨੀ ਮੋਦੀ ਤੋਂ ਵੀ ਵੱਧ ਗੱਪੀ ਹੈ।  ਉਹਨਾਂ ਕਿਹਾ ਕਿ ਮੋਰਿੰਡਾ ਵਿਖੇ ਉਹ ਲਗਭਗ ਡੇਢ ਮਹੀਨੇ ਤੋਂ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਿਲਕੁਲ ਅੱਗੇ ਧਰਨੇ ’ਤੇ ਬੈਠੇ ਹਨ। ਰਾਤ ਵੀ ਸਾਡੀਆਂ ਬੀਬੀਆਂ ਨੇ ਖੁੱਲ੍ਹੇ ਅਸਮਾਨ ਹੇਠ ਠੰਢ ‘ਚ ਕੱਟੀ ਪਰ ਕਿਸੇ ਨੇ ਵੀ ਸਾਰ ਨਹੀਂ ਲਈ।

ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਕਹਿ ਰਹੇ ਨੇ ਕਿ ਅਸੀਂ 36 ਹਜ਼ਾਰ ਮੁਲਾਜ਼ਮ ਪੱਕੇ ਕਰ ਦਿੱਤੇ ਹਨ ਜੋ ਕਿ ਬਿਲਕੁਲ ਹੀ ਝੂਠ ਹੈ।  ਅੱਜ ਉਹ ਜ਼ਿਲ੍ਹਾ ਬਰਨਾਲਾ ਵਿਖੇ ਮੁੱਖ ਮੰਤਰੀ ਦਾ ਵਿਰੋਧ ਕਰਨ ਲਈ ਪਹੁੰਚੇ ਹਨ ਅਤੇ ਸਾਡਾ ਇਕ ਅਧਿਆਪਕ ਸਮਰਜੀਤ ਸਿੰਘ ਮਾਨਸਾ ਨੇ ਪੈਟਰੋਲ ਦੀ ਬੋਤਲ ਲੈ ਕੇ ਪਾਣੀ ਵਾਲੀ ਟੈਂਕੀ ‘ਤੇ ਚੜ੍ਹਿਆ ਹੈ। ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਆਪਣਾ ਵਿਰੋਧ ਜਾਰੀ ਰੱਖਣਗੇ ਅਤੇ ਕਈ ਸਾਲ ਪਹਿਲਾਂ ਵੀ ਉਸ ਨੇ ਆਪਣੇ ਆਪ ਨੂੰ ਅੱਗ ਲਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਹੁਣ ਵੀ ਮੰਗਾਂ ਪੂਰੀਆਂ ਨਾ ਹੋਣ 'ਤੇ ਸਖ਼ਤ ਕਦਮ ਚੁੱਕੇ ਜਾਣਗੇ।