ਖ਼ਾਲਸਾ ਦੇ ਜਨਮ ਸਥਲੀ ਦੇ ਦਰਸ਼ਨ ਕਰ ਕੇ ਮਨ ਦੀ ਚਿਰਕਾਲੀ ਇੱਛਾ ਪੂਰੀ ਹੋਈ : ਬਨਵਾਰੀ ਲਾਲ ਪੁਰੋਹਿਤ

ਏਜੰਸੀ

ਖ਼ਬਰਾਂ, ਪੰਜਾਬ

ਖ਼ਾਲਸਾ ਦੇ ਜਨਮ ਸਥਲੀ ਦੇ ਦਰਸ਼ਨ ਕਰ ਕੇ ਮਨ ਦੀ ਚਿਰਕਾਲੀ ਇੱਛਾ ਪੂਰੀ ਹੋਈ : ਬਨਵਾਰੀ ਲਾਲ ਪੁਰੋਹਿਤ

image

ਸ੍ਰੀ ਅਨੰਦਪੁਰ ਸਾਹਿਬ, 26 ਨਵੰਬਰ (ਸੁਖੂ) : ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨਤਮਸਤਕ ਹੋਏ। ਜਿਥੇ ਉਨ੍ਹਾਂ ਮੱਥਾ ਟੇਕਿਆ ਤੇ ਰਸਭਿੰਨੀ ਬਾਣੀ ਦਾ ਕੀਰਤਨ ਵੀ ਸਰਵਣ ਕੀਤਾ। ਰਾਜਪਾਲ ਵਿਰਾਸਤ-ਏ-ਖ਼ਾਲਸਾ ਮਿਊਜ਼ੀਅਮ ਵੀ ਗਏ ਜਿਥੇ ਉਹ ਮਿਊਜ਼ੀਅਮ ਤੋਂ ਬੇਹੱਦ ਪ੍ਰਭਾਵਤ ਹੋਏ। ਉਨ੍ਹਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਲੰਗਰ ਹਾਲ ਵਿਚ ਸੰਗਤ ਵਿਚ ਬੈਠ ਕੇ ਲੰਗਰ ਛਕਿਆ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮਾਣਯੋਗ ਰਾਜਪਾਲ ਨੂੰ ਮੈਨੇਜਰ ਭਗਵੰਤ ਸਿੰਘ, ਐਸ.ਜੀ.ਪੀ.ਸੀ ਮੈਬਰ ਡਾ.ਦਲਜੀਤ ਸਿੰਘ ਭਿੰਡਰ, ਹੈਡ ਗ੍ਰੰਥੀ ਗਿਆਨੀ ਪਰਨਾਮ ਸਿੰਘ, ਵਧੀਕ ਮੈਨੇਜਰ ਹਰਦੇਵ ਸਿੰਘ ਵਲੋ ਸਿਰਾਪਾਓ ਅਤੇ ਤਖ਼ਤ ਸਾਹਿਬ ਦੀ ਤਸਵੀਰ ਭੇਂਟ ਕਰ ਕੇ ਸਨਮਾਨਤ ਕੀਤਾ ਗਿਆ।
    ਅਪਣੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਲੇਠੀ ਫੇਰੀ ਦੌਰਾਨ ਮਾਣਯੋਗ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਉਨ੍ਹਾਂ ਦੇ ਮਨ ਦੀ ਬਹੁਤ ਸਮੇਂ ਤੋਂ ਇਹ ਇੱਛਾ ਸੀ ਕਿ ਖ਼ਾਲਸੇ ਦੀ ਜਨਮ ਸਥਲੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਾ ਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਦਰਸਨ ਕੀਤੇ ਜਾਣ। ਉਨ੍ਹਾਂ ਕਿਹਾ ਕਿ ਅੱਜ ਇਹ ਇੱਛਾ ਪੂਰੀ ਹੋਈ ਹੈ। ਅਸੀ ਦਸਮ ਪਾਤਸਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਪੜਿ੍ਹਆ ਹੈ, ਅੱਜ ਇਸ ਸਥਾਨ ’ਤੇ ਆ ਕੇ ਦਰਸ਼ਨ ਕਰ ਕੇ ਅਤੇ ਮਿਲੇ ਮਾਨ ਸਨਮਾਨ/ਪਿਆਰ ਤੋ ਬੇਹੱਦ ਪ੍ਰਭਾਵਤ ਹੋਇਆ ਹਾਂ, ਇਹ ਮੇਰੇ ਜੀਵਨ ਵਿਚ ਕਦੇ ਨਾ ਭੁੱਲਣ ਵਾਲੀ ਫੇਰੀ ਹੈ। ਅਪਣੇ ਦੌਰੇ ਦੌਰਾਨ ਰਾਜਪਾਲ ਵਿਰਾਸਤ-ਏ-ਖ਼ਾਲਸਾ ਪੁੱਜੇੇ ਜਿਥੇ ਉਨ੍ਹਾਂ ਨੇ ਮਿਊਜ਼ੀਅਮ ਦਾ ਦੌਰਾ ਕੀਤਾ। ਉਨ੍ਹਾਂ ਨੇ ਵਿਰਾਸਤ ਏ ਖ਼ਾਲਸਾ ਦੀ ਵਿਜ਼ਟਰ ਬੁੱਕ ਉਤੇ ਅਪਣੇ ਦੌਰੇ ਦੇ ਅਨੁਭਵ ਵੀ ਸਾਂਝੇ ਕੀਤੇ। ਇਸ ਮੌਕੇ ਰਾਜਪਾਲ ਦੇ ਪ੍ਰਮੁੱਖ ਸਕੱਤਰ ਜੇ.ਐਮ ਬਾਲਾ ਮੁਰਗਨ, ਏ.ਡੀ.ਸੀ (ਐਮ) ਅਮਿਤ ਤਿਵਾਰੀ,ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰਿ, ਐਸ.ਐਸ.ਪੀ ਵਿਵੇਕਸੀਲ ਸੋਨੀ, ਐਸ.ਡੀ.ਐਮ ਕੇਸਵ ਗੋਇਲ, ਡੀ.ਐਸ.ਪੀ ਰਮਿੰਦਰ ਸਿੰਘ ਕਾਹਲੋਂ, ਕਾਰਜਕਾਰੀ ਇੰਜੀਨੀਅਰ ਵਿਰਾਸਤ ਏ ਖ਼ਾਲਸਾ ਭੁਪਿੰਦਰ ਸਿੰਘ ਚਾਨਾ ਵੀ ਹਾਜ਼ਰ ਸਨ।