ਕਤਲ ਕੇਸ ’ਚ ਮੁਲਜ਼ਮ ਹੋਣ ਕਾਰਨ ਗਹਿਲੋਤ ਨੇ ਹਰੀਸ਼ ਚੌਧਰੀ ਨੂੰ ਮੰਤਰੀ ਮੰਡਲ ਤੋਂ ਬਾਹਰ ਕੀਤਾ ਹੈ: ਕੈਪਟਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਨੂੰ ਪੱਕਾ ਟਿਕਾਣਾ ਬਣਾਉਣ ’ਤੇ ਵੀ ਸਵਾਲ ਚੁੱਕੇ, ਕਿਹਾ ਪਹਿਲਾਂ ਕਦੇ ਕਿਸੇ ਇੰਚਾਰਜ ਨੇ ਇਸ ਤਰ੍ਹਾਂ ਨਹੀਂ ਕੀਤਾ

Capt Amarinder Singh, Harish Chaudhary

ਚੰਡੀਗੜ੍ਹ (ਭੁੱਲਰ) : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਉਨ੍ਹਾਂ ਉਪਰ ਵੱਡਾ ਹਮਲਾ ਕੀਤਾ ਹੈ। ਭਾਜਪਾ ਨਾਲ ਸਾਂਝ ਪਾਉਣ ਨੂੰ ਲੈ ਕੇ ਬੀਤੇ ਦਿਨੀਂ ਹਰੀਸ਼ ਚੌਧਰੀ ਨੇ ਕੈਪਟਨ ਖ਼ਿਲਾਫ਼ ਗੰਭੀਰ ਦੋਸ਼ ਲਾਏ ਸਨ, ਜਿਸਦੇ ਜਵਾਬ ਵਿਚ ਕੈਪਟਨ ਨੇ ਵੀ ਪਲਟਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਹਰੀਸ਼ ਚੌਧਰੀ ਨੂੰ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਬਾੜਮੇਰ ਦੇ ਪ੍ਰਜਾਪਤੀ ਕਮਲੇਸ਼ ਦੇ ਕਤਲ ਕੇਸ ’ਚ ਮਲਜ਼ਮ ਹੋਣ ਕਾਰਨ ਮੰਤਰੀ ਮੰਡਲ ਤੋਂ ਬਾਹਰ ਕੀਤਾ ਹੈ। ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ ਹੋਈ ਹੈ। ਚੌਧਰੀ ਵਲੋਂ ਪੰਜਾਬ ’ਚ ਪੱਕਾ ਟਿਕਾਣਾ ਬਣਾਉਣ ’ਤੇ ਵੀ ਕੈਪਟਨ ਨੇ ਸਵਾਲ ਉਠਾਏ ਹਨ।

ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਮੈਂ ਮੁੱਖ ਮੰਤਰੀ ਹੁੰਦਿਆਂ ਪ੍ਰਧਾਨ ਮੰਤਰੀ ਜਾਂ ਭਾਜਪਾ ਨਾਲ ਕੋਈ ਸਾਂਝੇਦਾਰੀ ਰੱਖਦਾ ਤਾਂ ਮੈਂ ਕਿਸਾਨ ਅੰਦੋਲਨ ਦੀ ਹਮਾਇਤ ਨਾ ਕਰਦਾ ਅਤੇ ਨਾ ਹੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਇਨ੍ਹਾਂ ਵਿਰੁਧ ਵਿਧਾਨ ਸਭਾ ਵਿਚ ਕਾਨੂੰਨ ਪਾਸ ਕਰਨ ਦੀ ਮੰਗ ਕਰਦਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਹੋਣ ਦੇ ਨਾਤੇ ਉਨ੍ਹਾਂ ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲਣਾ ਹੁੰਦਾ ਸੀ ਅਤੇ ਇਸੇ ਤਰ੍ਹਾਂ ਉਨ੍ਹਾਂ ਦੇ ਮੰਤਰੀ ਵੀ ਅਪਣੇ ਕੇਂਦਰੀ ਹਮਰੁਤਬਾ ਮੰਤਰੀਆਂ ਨਾਲ ਮੁਲਾਕਾਤ ਕਰਦੇ ਹਨ। ਕੈਪਟਨ ਨੇ ਚੌਧਰੀ ਨੂੰ ਤਾਅਨਾ ਮਾਰਦਿਆਂ ਕਿਹਾ ਕਿ ਇਥੋਂ ਤਕ ਕਿ ਤੁਹਾਡਾ ਨਵਾਂ ਮੁੱਖ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਮਿਲਦਾ ਹੈ ਅਤੇ ਤੁਹਾਡੇ ਮੂਰਖ਼ਤਾ ਪੂਰਨ ਤਰਕ ਮੁਤਾਬਕ ਤਾਂ ਉਸ ਨੂੰ ਵੀ ਭਾਜਪਾ ਨਾਲ ਸਮਝੌਤਾ ਕਰ ਲੈਣਾ ਚਾਹੀਦਾ ਹੈ ਅਤੇ ਅਪਣੇ ਆਪ ਨੂੰ ਬਰਖ਼ਾਸਤ ਕੀਤੇ ਜਾਣ ਦੀ ਉਡੀਕ ਕਰਨੀ ਚਾਹੀਦੀ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਕਿਸੇ ਪਾਰਟੀ ਇੰਚਾਰਜ ਨੇ ਸੂਬੇ ਨੂੰ ਅਪਣਾ ਪੱਕਾ ਟਿਕਾਣਾ ਬਣਾਇਆ ਹੈ। ਉਨ੍ਹਾਂ ਕਿਹਾ ਕਿ ਮੈਂ ਪਾਰਟੀ ਦੇ 14 ਇੰਚਾਰਜਾਂ ਜਿਵੇਂ ਪ੍ਰਣਬ ਮੁਖਰਜੀ, ਮੋਹਸਿਨਾ ਕਿਦਵਈ, ਜਨਰਾਧਨ ਦਿਵੇਦੀ ਨਾਲ ਕੰਮ ਕੀਤਾ ਹੈ, ਅਤੇ ਉਹ ਪੰਜਾਬ ਵਿੱਚ ਬਹੁਤ ਹੀ ਘੱਟ ਦਖਲ ਦਿੰਦੇ ਹਨ। ਜਦੋਂਕਿ ਪੰਜਾਬ ਆਉਣਾ ਜਾਂ ਏਥੇ ਹੀ ਸੈਟਲ ਹੋਣਾ ਤਾਂ ਬਾਅਦ ਦੀ ਗੱਲ ਹੈ।

 ਕੈਪਟਨ ਨੇ ਯਾਦ ਕਰਵਾਇਆ ਕਿ ਇਕ ਪਾਰਟੀ ਇੰਚਾਰਜ ਨੂੰ ਸੂਬੇ ਵਿਚ ਹੀ ਸੈਟਲ ਹੋਣ ਦੀ ਜ਼ਰੂਰਤ ਨਹੀਂ। ਉਸ ਦਾ ਕੰਮ ਸਿਰਫ਼ ਆਪਸੀ ਤਾਲਮੇਲ ਬਣਾ ਕੇ ਰੱਖਣਾ ਅਤੇ ਪਾਰਟੀ ਹਾਈ ਕਮਾਂਡ ਨੂੰ ਜ਼ਰੂਰੀ ਫ਼ੀਡਬੈਕ ਦੇਣਾ ਹੈ। ਕੈਪਟਨ ਨੇ ਅੱਗੇ ਕਿਹਾ ਕਿ ਪਰ ਇੱਥੇ ਪੰਜਾਬ ਵਿਚ ਇਕ ਅਜਿਹਾ ਵਿਅਕਤੀ ਹੈ, ਜਿਸ ਨੂੰ ਉਸਦੇ ਗ੍ਰਹਿ ਰਾਜ ਵਿਚ ਇਕ ਕਤਲ ਕੇਸ ਵਿਚ ਨਾਮਜ਼ਦ ਕੀਤੇ ਜਾਣ ਕਾਰਨ ਸਰਕਾਰ ਤੋਂ ਬਰਖ਼ਾਸਤ ਕੀਤਾ ਗਿਆ ਹੈ, ਅਤੇ ਹੁਣ ਉਹ “ਪੰਜਾਬ ਵਿਚ ਮੁੱਖ ਮੰਤਰੀ ਦੀ ਸ਼ਕਤੀ ਅਤੇ ਵਿਸ਼ੇਸ਼ ਅਧਿਕਾਰਾਂ ਦਾ ਆਨੰਦ ਮਾਣ ਰਿਹਾ ਹੈ ਅਤੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਨੂੰ ਇਕ ਰਬੜ ਸਟੈਂਪ ਸਮਝ ਕੇ ਹਦਾਇਤਾਂ ਜਾਰੀ ਕਰ ਰਿਹਾ ਹੈ।