ਨਵਜੋਤ ਸਿੱਧੂ ਨੇ ਚੰਨੀ ਸਰਕਾਰ ਨੂੰ ਮੁੜ ਘੇਰਿਆ, ਬੇਅਦਬੀ ਤੇ ਨਸ਼ੇ ਦੇ ਮੁੱਦੇ 'ਤੇ ਚੁਕੇ ਸਵਾਲ,

ਏਜੰਸੀ

ਖ਼ਬਰਾਂ, ਪੰਜਾਬ

ਨਵਜੋਤ ਸਿੱਧੂ ਨੇ ਚੰਨੀ ਸਰਕਾਰ ਨੂੰ ਮੁੜ ਘੇਰਿਆ, ਬੇਅਦਬੀ ਤੇ ਨਸ਼ੇ ਦੇ ਮੁੱਦੇ 'ਤੇ ਚੁਕੇ ਸਵਾਲ, ਜਾਖੜ 'ਤੇ ਵੀ ਵਿੰਨਿ੍ਹਆ ਨਿਸ਼ਾਨਾ

image

ਜਾਖੜ 'ਤੇ ਵੀ ਵਿੰਨਿ੍ਹਆ ਨਿਸ਼ਾਨਾ

ਅੰਮਿ੍ਤਸਰ, 26 ਨਵੰਬਰ (ਪਪ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਇਕ ਵਾਰ ਫਿਰ ਬੇਅਦਬੀ ਅਤੇ ਨਸ਼ਿਆਂ ਨੂੰ  ਲੈ ਕੇ ਅਪਣੀ ਹੀ ਸਰਕਾਰ ਵਿਰੁਧ ਭੜਾਸ ਕਢਦੇ ਨਜ਼ਰ ਆਏ | ਸਿੱਧੂ ਨੇ ਸਪੱਸ਼ਟ ਕਿਹਾ ਕਿ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਨ ਅਤੇ ਸੀਐਮ ਬਦਲਣ ਤੋਂ ਬਾਅਦ ਨਵਾਂ ਸੀਐਮ ਬਣਨ ਦੇ ਵੀ ਇਹ ਦੋ ਮੁੱਦੇ ਆਧਾਰ ਸਨ | ਇਸ ਮਾਮਲੇ ਨੂੰ  ਜ਼ੁਬਾਨੀ ਰਖਣਾ ਮੇਰਾ ਫ਼ਰਜ਼ ਅਤੇ ਧਰਮ ਹੈ | ਇਸ ਸਬੰਧੀ ਹਾਈ ਕੋਰਟ ਵਲੋਂ ਤਿੰਨ ਵਾਰ ਨਿਰਦੇਸ਼ ਦਿਤੇ ਜਾ ਚੁਕੇ ਹਨ | 2021 'ਚ ਹਾਈ ਕੋਰਟ ਨੇ ਸਪੱਸ਼ਟ ਕਿਹਾ ਸੀ ਕਿ ਡਰੱਗ ਮਾਫ਼ੀਆ ਨੂੰ  ਸਿਆਸੀ ਸੁਰੱਖਿਆ ਹਾਸਲ ਹੈ ਅਤੇ ਕਾਰਵਾਈ ਛੋਟੀਆਂ ਮੱਛੀਆਂ 'ਤੇ ਹੀ ਹੋ ਰਹੀ ਹੈ | ਜਦੋਂ 1200000 ਟਰਾਮਾਡੋਲ ਗੋਲੀਆਂ ਫੜੀਆਂ ਗਈਆਂ ਸਨ ਤਾਂ ਹਾਈ ਕੋਰਟ ਨੇ ਕਿਹਾ ਸੀ ਕਿ ਸਿਆਸੀ ਲੋਕ ਜਾਣਬੁੱਝ ਕੇ ਡਰੱਗ ਮਾਫ਼ੀਆ ਨੂੰ  ਸਰਪ੍ਰਸਤੀ ਦਿੰਦੇ ਹਨ | ਐਨਡੀਪੀਐਸ ਦੀ ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਨਸ਼ਿਆਂ ਨਾਲ ਸਬੰਧਤ ਅਪਰਾਧਾਂ 'ਚ ਪੰਜਾਬ ਦੇਸ਼ ਵਿਚ ਪਹਿਲੇ ਨੰਬਰ 'ਤੇ ਹੈ | ਕੈਪਟਨ ਦਾ ਨਾਂ ਲਏ ਬਿਨਾਂ ਸਿੱਧੂ ਨੇ ਕਿਹਾ ਕਿ 4 ਹਫ਼ਤਿਆਂ 'ਚ ਨਸ਼ਾ ਖ਼ਤਮ ਕਰਨ ਦਾ ਦਾਅਵਾ ਕੌਣ ਕਰਦਾ ਸੀ, ਇਹ ਉਸ ਦੀ ਅਸਲੀਅਤ ਹੈ |
 ਸਿੱਧੂ ਨੇ ਕਿਹਾ ਕਿ ਸੱਭ ਤੋਂ ਪਹਿਲਾਂ ਨਵੰਬਰ 2017 'ਚ ਹਾਈ ਕੋਰਟ ਦੇ ਨਿਰਦੇਸ਼ਾਂ 'ਤੇ ਨਸ਼ੇ ਦੀ ਰਿਪੋਰਟ ਐਸਟੀਐਫ਼ ਨੂੰ  ਸੌਂਪੀ ਗਈ ਸੀ | ਐਸ.ਟੀ.ਐਫ਼ ਦੀ ਰਿਪੋਰਟ ਫ਼ਰਵਰੀ 2018 'ਚ ਹਾਈ ਕੋਰਟ 'ਚ ਦਾਇਰ ਕੀਤੀ ਗਈ ਸੀ | ਦੋਵੇਂ ਵਾਰ ਹਾਈ ਕੋਰਟ ਨੇ ਹਦਾਇਤ ਕੀਤੀ ਹੈ ਕਿ ਕਾਨੂੰਨ ਨੂੰ  ਧਿਆਨ ਵਿਚ ਰਖਦਿਆਂ ਕਾਰਵਾਈ ਕੀਤੀ ਜਾਵੇ | ਮੈਨੂੰ ਸਮਝ ਨਹੀਂ ਆਉਂਦੀ ਕਿ ਸਾਡੇ ਨਾਲ ਕੀ ਸਮੱਸਿਆ ਹੈ | ਕੌਣ ਡਰ ਰਿਹਾ ਹੈ ਅਤੇ ਕੌਣ ਰਿਪੋਰਟ ਪੇਸ਼ ਕਰਨ ਤੋਂ ਰੋਕ ਰਿਹਾ ਹੈ | ਬੇਅਦਬੀ 'ਤੇ ਕਾਰਵਾਈ ਕਿਵੇਂ ਹੋ ਸਕਦੀ ਹੈ, ਜਦੋਂ ਮੁੱਖ ਦੋਸ਼ੀ ਸੁਮੇਧ ਸਿੰਘ ਸੈਣੀ ਨੂੰ  ਬਲੈਂਕੇਟ ਬੇਲ ਦਿਵਾ ਦਿਤੀ ਜਾਵੇ | ਲੋਕ ਪੁੱਛ ਰਹੇ ਹਨ ਕਿ ਇਸ ਵਿਚ ਸਰਕਾਰ ਦੀ ਕੀ ਮਨਸ਼ਾ ਹੈ | ਜਦੋਂ ਸੈਣੀ ਨੂੰ  ਬਲੈਂਕੇਟ ਬੇਲ ਮਿਲ ਗਈ ਤਾਂ ਕੀ ਸਰਕਾਰ ਨੇ ਐਸਐਲਪੀ ਪਾਈ | ਬਲੈਂਕੇਟ ਬੇਲ ਮਿਲੇ ਤਿੰਨ ਮਹੀਨੇ ਹੋ ਗਏ ਹਨ, ਜੇਕਰ ਇਸ ਦੌਰਾਨ ਸਰਕਾਰ ਨੇ ਐਲਐਲਪੀ ਪਾਈ ਹੁੰਦੀ ਤਾਂ ਲਗਦਾ ਕਿ ਸਰਕਾਰ ਇਸ ਨੂੰ  ਲੈ ਕੇ ਗੰਭੀਰ ਹੈ |
 ਇਹ ਪੁੱਛੇ ਜਾਣ 'ਤੇ ਕੀ ਬਤੌਰ ਪ੍ਰਧਾਨ ਤੁਹਾਡੀ ਸੁਣਵਾਈ ਨਹੀਂ ਹੋ ਰਹੀ? ਸਿੱਧੂ ਨੇ ਕਿਹਾ ਕਿ ਬਿਜਲੀ ਤੇ ਰੇਤ ਵਾਲਾ ਮਾਮਲਾ ਵੀ ਉਨ੍ਹਾਂ ਰਖਿਆ ਸੀ, ਕਾਰਵਾਈ ਹੋਈ ਹੈ | ਮੈਂ ਤਾਂ ਖ਼ੁਦ ਕਹਿ ਰਿਹਾ ਹਾਂ ਕਿ ਅਸੀਂ ਲੋਕਾਂ ਵਿਚਕਾਰ ਜਾਣਾ ਹੈ ਤੇ ਨਵੀਂ ਸਰਕਾਰ ਨੂੰ  ਬਣੇ ਵੀ 70 ਦਿਨ ਹੋ ਗਏ ਹਨ | ਉਨ੍ਹਾਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ 'ਤੇ ਵੀ ਹਮਲਾ ਬੋਲਿਆ | ਉਨ੍ਹਾਂ ਕਿਹਾ ਕਿ ਜੋ ਪਹਿਲੇ ਪ੍ਰਧਾਨ ਸਨ, ਉਹ ਬੜੇ ਜ਼ੋਰ-ਸ਼ੋਰ ਨਾਲ ਟਵੀਟ ਅਜਕਲ ਪਾਉਂਦੇ ਹਨ | ਉਨ੍ਹਾਂ ਤਾਂ ਕਦੀ ਇਹ ਮਾਮਲੇ ਨਹੀਂ ਉਠਾਏ | ਅੱਜ ਤੁਹਾਡੇ ਲੋਕਾਂ ਵਿਚਕਾਰ ਜਾ ਕੇ ਦੇਖੋ, ਇਹ ਬਹੁਤ ਹੀ ਵੱਡੇ ਮੁੱਦੇ ਹਨ | ਇਹ ਜਾਂਚ ਉਦੋਂ ਤਕ ਪੂਰੀ ਨਹੀਂ ਹੋਵੇਗੀ ਜਦੋਂ ਤਕ ਬਲੈਂਕੇਟ ਬੇਲ ਟੁੱਟੇਗੀ ਨਹੀਂ |
 ਕੈਪਟਨ 'ਤੇ ਹਮਲਾ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਇਹ ਦਿਨ ਆ ਗਏ ਹਨ ਕਿ ਪਟਿਆਲਾ ਦੇ ਮੇਅਰ ਨੂੰ  ਬਚਾਉਂਦੇ ਫਿਰ ਰਹੇ ਹਨ, ਰੋਂਦੂ ਬੱਚਾ ਹੈ | ਪਹਿਲਾਂ ਕੈਪਟਨ ਹੀ ਸੀਐਮ ਤੇ ਗ੍ਰਹਿ ਮੰਤਰੀ ਸਨ, ਹੁਣ ਤਾਂ ਸਾਡੇ ਕੋਲ ਦੋਧਾਰੀ ਤਲਵਾਰ ਹੈ | ਇਕ ਪਾਸੇ ਚੰਨੀ ਹਨ ਤੇ ਦੂਜੇ ਪਾਸੇ ਗ੍ਰਹਿ ਮੰਤਰੀ ਸੁਖਵਿੰਦਰ ਸਿੰਘ ਰੰਧਾਵਾ, ਤਾਂ ਉਹ ਇਨ੍ਹਾਂ ਦੇ ਭੇਦ ਖੋਲ੍ਹਣ | ਜਦੋਂ ਤਕ ਸਾਹ ਹੈ ਉਦੋਂ ਤਕ ਆਸ ਹੈ | ਉਨ੍ਹਾਂ ਕਿਸਾਨਾਂ ਦੇ ਸੰਘਰਸ਼ ਦੀ ਲਗਾਤਾਰਤਾ ਨੂੰ  ਸਮਾਜਿਕ ਲਹਿਰ ਕਰਾਰ ਦਿੰਦਿਆਂ ਸ਼ਹੀਦ ਕਿਸਾਨਾਂ ਨੂੰ  ਸ਼ਰਧਾਂਜਲੀ ਭੇਟ ਕੀਤੀ | ਉਨ੍ਹਾਂ ਸਰਕਾਰ ਅੱਗੇ ਸਿਰ ਝੁਕਾਇਆ ਤੇ ਦਸਿਆ ਕਿ ਲੋਕਤੰਤਰ ਦੀ ਤਾਕਤ ਕੀ ਹੈ | ਪਗੜੀ ਸੰਭਾਲ ਲਹਿਰ ਤੋਂ ਬਾਅਦ ਇਹ ਸੰਘਰਸ਼ ਸੁਨਹਿਰੀ ਅੱਖ਼ਰਾਂ 'ਚ ਲਿਖਿਆ ਜਾਵੇਗਾ | ਕਿਸੇ ਵੀ ਸਿਆਸੀ ਆਗੂ ਨੂੰ  ਇਸ ਸੰਘਰਸ਼ ਦਾ ਸਿਹਰਾ ਨਹੀਂ ਲੈਣਾ ਚਾਹੀਦਾ | ਇਸ ਦੀ ਅਸਲ ਜਿੱਤ ਕਦੋਂ ਹੋਵੇਗੀ, ਜਿਸ ਦਿਨ ਇਹ ਸਮਾਜਿਕ ਲਹਿਰ ਕਿਸਾਨਾਂ ਦੀ ਆਰਥਿਕ ਤਾਕਤ ਬਣ ਜਾਵੇਗੀ |