ਪ੍ਰਧਾਨ ਮੰਤਰੀ ਨੇ ਮਾਫ਼ੀ ਮੰਗ ਕੇ ਖ਼ੁਦ ਨੂੰ ਨਾਲਾਇਕ ਸ਼ਾਸਕ ਮੰਨ ਲਿਆ: ਡਾ. ਦਰਸ਼ਨ ਪਾਲ

ਏਜੰਸੀ

ਖ਼ਬਰਾਂ, ਪੰਜਾਬ

ਪ੍ਰਧਾਨ ਮੰਤਰੀ ਨੇ ਮਾਫ਼ੀ ਮੰਗ ਕੇ ਖ਼ੁਦ ਨੂੰ ਨਾਲਾਇਕ ਸ਼ਾਸਕ ਮੰਨ ਲਿਆ: ਡਾ. ਦਰਸ਼ਨ ਪਾਲ

image

 

ਨਵੀਂ ਦਿੱਲੀ, 26 ਨਵੰਬਰ: ਕਿਸਾਨੀ ਸੰਘਰਸ਼ ਦਾ ਇਕ ਸਾਲ ਪੂਰਾ ਹੋਣ ਮੌਕੇ ਕਿਸਾਨ ਆਗੂ ਡਾ. ਦਰਸ਼ਨਪਾਲ ਨੇ ਰੋਜ਼ਾਨਾ ਸਪੋਕਸਮੈਨ ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਨਾਲ ਗੱਲ ਕਰਦਿਆਂ ਕਿਹਾ ਕਿ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ ਤਾਂ ਅਸੀਂ ਬਿਲਕੁਲ ਨਹੀਂ ਸੀ ਸੋਚਿਆ ਕਿ ਇਹ ਅੰਦੋਲਨ ਬੁਲੰਦੀਆਂ ਤਕ ਜਾਵੇਗਾ | ਉਨ੍ਹਾਂ ਕਿਹਾ ਕਿ ਜਦੋਂ ਅਸੀਂ ਦਿੱਲੀ ਕੂਚ ਕਰਨ ਦੀ ਯੋਜਨਾ ਬਣਾਈ ਤਾਂ ਅਸੀਂ ਸੋਚਿਆ ਸੀ ਕਿ ਸਾਨੂੰ ਰਸਤੇ ਵਿਚ ਰੋਕ ਲਿਆ ਜਾਵੇਗਾ ਅਤੇ ਅਸੀਂ ਰਸਤੇ ਵਿਚ ਹੀ ਧਰਨਿਆਂ 'ਤੇ ਬੈਠ ਜਾਵਾਂਗੇ ਜਾਂਸਾਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ ਪਰ 26 ਨਵਬੰਰ 2020 ਨੂੰ  ਅਜਿਹੀ ਕਰਾਮਾਤ ਹੋਈ ਕਿ ਪੰਜਾਬੀਆਂ, ਪੰਜਾਬ ਦੇ ਕਿਸਾਨਾਂ, ਸਿੱਖ ਭਾਈਚਾਰੇ ਦੇ ਲੋਕਾਂ ਨੇ, ਧਾਰਮਕ ਸੰਪਰਦਾਵਾਂ ਨੇ, ਨੌਜਵਾਨਾਂ, ਕਲਾਕਾਰਾਂ ਨੇ ਲੋਕਾਂ ਵਿਚ ਅਜਿਹਾ ਹੌਂਸਲਾ ਲਿਆਂਦਾ ਕਿ ਗੁਆਢੀਆਂ ਸੂਬੇ ਅਤੇ ਪੰਜਾਬ ਦੇ ਲੋਕ ਬੈਰੀਕੇਡਾਂ ਸਾਹਮਣੇ ਨਹੀਂ ਰੁਕੇ ਅਤੇ ਮਾਰਚ ਕਰਦੇ ਹੋਏ ਮਾਣ ਤੇ ਸਤਿਕਾਰ ਨਾਲ ਦਿੱਲੀ ਵੱਲ ਗਏ | ਉਨ੍ਹਾਂ ਨੂੰ  ਪੂਰੀ ਦੁਨੀਆਂ ਦੇਖ ਰਹੀ ਸੀ ਤੇ ਉਨ੍ਹਾਂ ਲਈ ਵਿਦੇਸ਼ਾਂ ਵਿਚ ਬੈਠੇ ਲੋਕਾਂ ਨੇ ਵੀ ਅਰਦਾਸਾਂ ਕੀਤੀਆਂ ਤੇ ਇਸ ਤੋਂ ਬਾਅਦ ਇਹੀ ਲੋਕ ਦਿੱਲੀ ਦੀਆਂ ਬਰੂਹਾਂ 'ਤੇ ਪਹੁੰਚੇ |
ਕਿਸਾਨ ਆਗੂ ਨੇ ਦਸਿਆ ਕਿ ਉਨ੍ਹਾਂ ਨੂੰ  ਇੰਝ ਲੱਗਦਾ ਸੀ ਕਿ ਸ਼ਾਇਦ ਸਰਕਾਰ ਤਿੰਨ-ਚਾਰ ਦਿਨਾਂ ਵਿਚ ਮੰਨ ਜਾਵੇਗੀ ਪਰ ਸਰਕਾਰ ਨੇ ਅਜਿਹਾ ਰੁਖ ਅਪਣਾਇਆ ਕਿ ਦੇਸ਼ ਭਰ ਦੇ ਕਿਸਾਨਾਂ ਦੀ ਏਕਤਾ ਅਤੇ ਸੈਂਕੜੇ ਕਿਸਾਨਾਂ ਨਾਲ ਬਣਿਆ ਸੰਯੁਕਤ ਕਿਸਾਨ ਮੋਰਚਾ ਇਕ ਸਾਲ ਬਾਅਦ ਇਹ ਜਿੱਤ ਹਾਸਲ ਕਰ ਸਕਿਆ, ਜਿਸ ਦੀ ਕਿਸੇ ਨੂੰ  ਆਸ ਵੀ ਨਹੀਂ ਸੀ | ਉਨ੍ਹਾਂ ਕਿਹਾ ਕਿ ਸਰਕਾਰ ਨੂੰ  ਵੀ ਨਹੀਂ ਪਤਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਨੂੰ  ਇੰਨਾ ਜ਼ਿਆਦਾ ਝੁਕਣਾ ਪਵੇਗਾ, ਕਾਰਪੋਰੇਟ ਘਰਾਣਿਆਂ ਨੂੰ  ਵੀ ਨਹੀਂ ਪਤਾ ਸੀ ਕਿ ਸਾਡੇ ਲਈ ਬਣਾਏ ਕਾਨੂੰਨ ਸਰਕਾਰ ਨੂੰ  ਵਾਪਸ ਲੈਣੇ ਪੈਣਗੇ | ਪੰਜਾਬੀਆਂ, ਸਿੱਖਾਂ ਅਤੇ ਕਿਸਾਨਾਂ ਨੇ ਮਾਣ ਸਤਿਕਾਰ ਨੂੰ  ਕਾਇਮ ਰੱਖ ਕੇ ਇਹ ਅੰਦੋਲਨ ਜਿਤਿਆ |
ਕਿਸਾਨ ਆਗੂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦੀ ਏਕਤਾ ਨਾਲ 7 ਨਵੰਬਰ ਨੂੰ  ਸੰਯੁਕਤ ਕਿਸਾਨ ਮੋਰਚਾ ਬਣਿਆ | ਇਸ ਤੋਂ ਬਾਅਦ 26 ਨੂੰ  ਦਿੱਲੀ ਕੂਚ ਕੀਤਾ ਗਿਆ ਅਤੇ ਫਿਰ ਦਿੱਲੀ ਵਿਚ ਬੈਠ ਕੇ ਜੋ ਫੈਸਲੇ ਲਏ ਗਏ, ਇਹ ਸੱਭ ਇਤਿਹਾਸਕ ਪਲ ਸਨ | ਉਨ੍ਹਾਂ ਦਸਿਆ ਕਿ ਅੰਦੋਲਨ ਦੌਰਾਨ ਕੌਮਾਂਤਰੀ ਪੱਧਰ ਦੀਆਂ ਜਥੇਬੰਦੀਆਂ ਨੇ ਵੀ ਇਕਜੁੱਟਤਾ ਜ਼ਾਹਰ ਕੀਤੀ ਹੈ |

ਉਨ੍ਹਾਂ ਕਿਹਾ ਕਿ ਇਸ ਅੰਦੋਲਨ ਨੇ ਲੋਕਾਂ ਨੂੰ  ਬਹੁਤ ਕੱੁਝ ਸਿਖਾਇਆ, ਲੋਕ ਅਪਣੀ ਆਵਾਜ਼ ਬੁਲੰਦ ਕਰਨ ਲਈ ਜਾਗਰੂਕ ਹੋਏ ਹਨ | ਇਸ ਅੰਦੋਲਨ ਤੋਂ ਪ੍ਰਭਾਵਿਤ ਹੋ ਕਿ ਲੋਕ ਭਵਿੱਖ ਵਿਚ ਅਪਣੀਆਂ ਮੰਗਾਂ ਲਈ ਸੰਘਰਸ਼ ਕਰਨਗੇ |
ਦਰਸ਼ਨ ਪਾਲ ਨੇ ਕਿਹਾ ਕਿ ਅੱਜ ਹਿੰਦੋਸਤਾਨ ਦੇ ਹਰ ਘਰ ਵਿਚ ਬੱਚੇ 'ਨਰਿੰਦਰ ਮੋਦੀ ਮੁਰਦਾਬਾਦ' ਤੇ 'ਸੰਯੁਕਤ ਕਿਸਾਨ ਮੋਰਚਾ ਜ਼ਿੰਦਾਬਾਦ' ਦੇ ਨਾਹਰੇ ਲਗਾ ਰਹੇ ਹਨ | ਜੇ ਇਸ ਅੰਦੋਲਨ ਦਾ ਹੱਲ ਤਿੰਨ-ਚਾਰ ਦਿਨਾਂ ਵਿਚ ਹੋ ਜਾਂਦਾ ਤਾਂ ਅਜਿਹੀ ਚੇਤਨਾ ਦਾ ਪ੍ਰਸਾਰ ਨਹੀਂ ਸੀ ਹੋਣਾ | ਇਸ ਤੋਂ ਇਲਾਵਾ ਅੰਦੋਲਨ ਦੇ ਚਲਦਿਆਂ ਕਿਸਾਨ ਆਗੂ ਵੀ ਇਕ ਦੂਜੇ ਨੂੰ  ਜ਼ਿਆਦਾ ਸਮਝਣ ਲੱਗੇ ਹਨ | ਸੱਭ ਤੋਂ ਅਹਿਮ ਗੱਲ ਜੋ ਇਸ ਅੰਦੋਲਨ ਦੌਰਾਨ ਸਾਨੂੰ ਸਮਝ ਆਈ ਕਿ ਕਿਸਾਨ ਵਰਗ ਦੇਸ਼ ਦੀ ਆਰਥਿਕਤਾ ਅਤੇ ਸਮਾਜ ਦੇ ਵਿਕਾਸ ਵਿਚ ਵਿਚ ਬਹੁਤ ਵੱਡੀ ਭੂਮਿਕਾ ਨਿਭਾ ਸਕਦਾ ਹੈ | ਇਸ ਅੰਦੋਲਨ ਨੇ ਪਿਹਲੀ ਵਾਰ ਇਹ ਸਿੱਧ ਕੀਤਾ ਕਿ ਕਿਸਾਨ ਕਾਰਪੋਰੇਟ ਜਗਤ ਵਿਰੁਧ ਲੜਾਈ ਲੜ ਸਕਦੇ ਹਨ | ਹੱਕ-ਸੱਚ ਦੀ ਇਹ ਲੜਾਈ ਵੱਖ-ਵੱਖ ਜਾਤਾਂ ਅਤੇ ਧਰਮਾਂ ਦੇ ਲੋਕਾਂ ਨੂੰ  ਇਕੱਠੇ ਕਰ ਸਕਦੀ ਹੈ | ਇਹ ਵੀ ਪਹਿਲੀ ਵਾਰ ਹੋਇਆ ਕਿ ਕਿਸਾਨਾਂ ਨੇ ਤਾਕਤਵਰ ਲੋਕਾਂ ਨੂੰ  ਝੁਕਣ ਲਈ ਮਜਬੂਰ ਕੀਤਾ |
ਕਿਸਾਨ ਆਗੂ ਦਰਸ਼ਨਪਾਲ ਨੇ ਕਿਹਾ ਕਿ ਇਸ ਅੰਦੋਲਨ ਨੇ ਇਤਿਹਾਸ ਬਣਾਇਆ ਹੈ ਤੇ ਭਵਿੱਖ ਵਿਚ ਲੋਕ ਕਿਸਾਨੀ ਸੰਘਰਸ਼ 'ਤੇ ਕਿਤਾਬਾਂ ਲਿਖਣਗੇ, ਖੋਜ ਕਰਨਗੇ | ਕਿਸਾਨ ਆਗੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਫ਼ੀ ਮੰਗ ਕੇ ਇਹ ਮੰਨਿਆ ਹੈ ਕਿ ਉਹ ਨਾਲਾਇਕ ਸ਼ਾਸਕ ਹਨ | ਅਸੀਂ ਨਾਲਾਇਕ ਆਗੂ ਹਾਂ ਜੋ ਸਾਲ ਵਿਚ ਵੀ ਸਮਝਾ ਨਹੀਂ ਸਕੇ | ਉਨ੍ਹਾਂ ਕਿਹਾ ਕਿ ਜੋ ਵੀ ਅੰਦੋਲਨ 'ਤੇ ਸਾਹਿਤ ਲਿਖਿਆ ਜਾਵੇਗਾ, ਉਹ ਦੱਸੇਗਾ ਕਿ ਸਰਕਾਰ ਸੱਚੀ ਵਿਚ ਹੀ ਕਾਰਪੋਰੇਟਾਂ ਦੀ ਏਜੰਟ ਹੈ ਜਾਂ ਨਹੀਂ |
ਕਿਸਾਨ ਆਗੂ ਨੇ ਦਸਿਆ ਜਦੋਂ ਕਿਸਾਨਾਂ ਦੀ ਸਰਕਾਰ ਨਾਲ ਗੱਲਬਾਤ ਹੁੰਦੀ ਸੀ ਤਾਂ ਉਨ੍ਹਾਂ ਪਹਿਲਾਂ ਇਹੀ ਪੁਛਿਆ ਸੀ ਕਿ ਕਿਹੜੇ ਆਗੂ ਗੱਲ ਕਰਨ ਲਈ ਆਉਣਗੇ, ਜਦੋਂ ਉਨ੍ਹਾਂ ਐਮਐਸਪੀ ਮਾਹਰ ਕਵਿਤਾ ਅਤੇ ਯੋਗਿੰਦਰ ਯਾਦਵ ਦਾ ਨਾਂਅ ਲਿਆ ਤਾਂ ਅਮਿਤ ਸ਼ਾਹ ਨੇ ਸਿੱਧੀ ਨਾਂਹ ਕਰ ਦਿਤੀ | ਉਹ ਚਾਹੁੰਦੇ ਸਨ ਕਿ ਅਜਿਹੇ ਕਿਸਾਨ ਗੱਲਬਾਤ ਲਈ ਆਉਣ ਜਿਨ੍ਹਾਂ ਨੂੰ  ਅਸੀਂ ਅਪਣੀਆਂ ਗੱਲਾਂ ਵਿਚ ਉਲਝਾ ਸਕੀਏ |
ਕਿਸਾਨ ਆਗੂ ਨੇ ਦਸਿਆ ਕਿ ਅਸੀਂ ਸਰਕਾਰ ਨੂੰ  ਚਿੱਠੀ ਭੇਜੀ ਹੈ ਕਿ ਆਉ ਬੈਠ ਕੇ ਬਾਕੀ ਮੁੱਦਿਆਂ 'ਤੇ ਵੀ ਗੱਲ ਕਰੀਏ | ਸ਼ਹੀਦ ਕਿਸਾਨਾਂ ਦੇ ਪਰਵਾਰਾਂ ਲਈ ਮੁਆਵਜ਼ਾ, ਕਿਸਾਨਾਂ ਵਿਰੁਧ ਦਰਜ ਕੇਸ ਵਾਪਸ ਲੈਣੇ ਆਦਿ ਕਈ ਮੁੱਦਿਆਂ 'ਤੇ ਫ਼ੈਸਲਾ ਬਾਕੀ ਹੈ | ਉਨ੍ਹਾਂ ਕਿਹਾ ਕਿ ਸਾਡੇ ਕੋਲ ਮਾਹਰ ਵੀ ਹਨ ਅਤੇ ਤੱਥ ਵੀ ਹਨ, ਜਦੋਂ ਵੀ ਸਾਨੂੰ ਬੁਲਾਇਆ ਜਾਵੇਗਾ, ਅਸੀਂ ਗੱਲਬਾਤ ਲਈ ਪੂਰੀ ਤਰ੍ਹਾਂ ਤਿਆਰ ਹਾਂ |

Tਪੰਜਾਬ ਦੇ ਘਰ-ਘਰ ਵਿਚ ਅੱਜ 'ਨਰਿੰਦਰ ਮੋਦੀ' ਮੁਰਦਾਬਾਦ ਦੇ ਨਾਹਰੇ ਲਗਦੇ ਨੇU