ਟੈਂਕੀ 'ਤੇ ਚੜ੍ਹਨ ਵਾਲਿਆਂ ਅਤੇ ਰੁਕਾਵਟਾਂ ਪਾਉਣ ਵਾਲਿਆਂ 'ਤੇ ਹੋਵੇਗਾ ਪਰਚਾ ਦਰਜ : CM ਚੰਨੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ ਕਿ ਇਹ ਪ੍ਰਦਰਸ਼ਨਕਾਰੀ ਜਾਂ ਤਾਂ ਮੇਰੇ ਨਾਲ ਆ ਕੇ ਗੱਲ ਕਰਨ ਜਾਂ ਫਿਰ ਅਜਿਹੇ ਪ੍ਰਦਰਸ਼ਨ ਨਾ ਕਰਨ।

CM Charanjit Singh channi

ਮਹਿਲ ਕਲਾਂ  : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਦੋਂ ਮਹਿਲ ਕਲਾਂ ਅਨਾਜ ਮੰਡੀ ਵਿਚ ਆਪਣਾ ਭਾਸ਼ਣ ਸ਼ੁਰੂ ਕੀਤਾ ਤਿਉਂ ਹੀ ਬੇਰੁਜ਼ਗਾਰਾਂ ਵਲੋਂ  ਚਰਨਜੀਤ ਚੰਨੀ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿਤੀ ਗਈ।

ਪੁਲੀਸ ਵਲੋਂ ਭਾਵੇਂ ਨਾਅਰੇ ਲਗਾਉਣ ਵਾਲੇ ਪ੍ਰਦਰਸ਼ਨਕਾਰੀਆਂ ਨੂੰ ਮੌਕੇ 'ਤੇ ਹੀ ਦਬੋਚ ਲਿਆ ਗਿਆ ਪਰ ਚਰਨਜੀਤ ਚੰਨੀ ਨੇ ਮੰਚ ਤੋਂ ਇਹ ਸੰਬੋਧਨ ਕੀਤਾ ਕਿ ਜੋ ਟੈਂਕੀ ਤੇ ਚੜ੍ਹ ਕੇ ਪ੍ਰਦਰਸ਼ਨ ਕਰਦੇ ਹਨ ਜਾਂ ਚੱਲ ਰਹੀ ਸਟੇਜ ਦੇ ਵਿਚ ਰੁਕਾਵਟ ਪਾਉਂਦੇ ਹਨ ਉਨ੍ਹਾਂ ਖ਼ਿਲਾਫ਼ ਹੁਣ ਪਰਚੇ ਦਰਜ ਹੋਣਗੇ।  ਉਨ੍ਹਾਂ ਕਿਹਾ ਕਿ ਇਹ ਪ੍ਰਦਰਸ਼ਨਕਾਰੀ ਜਾਂ ਤਾਂ ਮੇਰੇ ਨਾਲ ਆ ਕੇ ਗੱਲ ਕਰਨ ਜਾਂ ਫਿਰ ਅਜਿਹੇ ਪ੍ਰਦਰਸ਼ਨ ਨਾ ਕਰਨ।

ਇਸ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਦਰਸ਼ਨਕਾਰੀਆਂ ਨੂੰ ਮੰਚ ਤੋਂ ਚਿਤਾਵਨੀ ਦਿੰਦਿਆਂ ਕਿਹਾ ਕਿ ਭਾਵੇਂ ਪਹਿਲਾਂ ਵਾਲਾ ਮੁੱਖ ਮੰਤਰੀ ਸੁੱਤਾ ਨਹੀਂ ਉੱਠਦਾ ਸੀ ਤੇ ਮੈਂ ਹੁਣ ਸੌਂ ਕੇ ਨਹੀਂ ਵੇਖਿਆ। ਜਦੋਂ ਮਰਜ਼ੀ ਮੇਰੇ ਦਰਬਾਰ ਆਉ ਤੇ ਆਪਣੇ ਮਸਲੇ ਹੱਲ ਕਰਵਾਉ। ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਕਿ ਜੇਕਰ ਦਸ ਹਜ਼ਾਰ ਦੇ ਇਕੱਠ 'ਚੋਂ ਦਸ ਬੰਦੇ ਆ ਕੇ ਪ੍ਰਦਰਸ਼ਨ ਕਰਦੇ ਹਨ ਤਾਂ ਉਨ੍ਹਾਂ ਖ਼ਿਲਾਫ਼ ਹੁਣ ਪਰਚੇ ਦਰਜ ਕੀਤੇ ਜਾਣਗੇ।

ਜ਼ਿਕਰਯੋਗ ਹੈ ਕਿ ਜ਼ਿਲ੍ਹਾ ਬਰਨਾਲਾ ਵਿੱਚ ਅੱਜ ਮਹਿਲ ਕਲਾਂ ਬਰਨਾਲਾ ਅਤੇ ਤਪਾ ਮੰਡੀ ਵਿਖੇ ਚਰਨਜੀਤ ਚੰਨੀ ਦੀ ਫੇਰੀ ਦੌਰਾਨ ਬੇਰੁਜ਼ਗਾਰ ਆਂਗਨਵਾੜੀ ਅਤੇ  ਕਿਸਾਨ ਜਥੇਬੰਦੀਆਂ ਆਦਿ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ।