ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਪਹੁੰਚੇ

ਏਜੰਸੀ

ਖ਼ਬਰਾਂ, ਪੰਜਾਬ

ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਪਹੁੰਚੇ

image

 

ਅੱਜ ਹੋਵੇਗੀ ਕਿਸਾਨ ਮੋਰਚੇ ਦੀ ਅਹਿਮ ਮੀਟਿੰਗ, ਭਵਿਖ ਦੇ ਫ਼ੈਸਲਿਆਂ 'ਤੇ ਹੋਵੇਗੀ ਚਰਚਾ

ਗਾਜ਼ੀਆਬਾਦ, 26 ਨਵੰਬਰ : ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨਾਂ ਦੇ ਪ੍ਰਦਰਸ਼ਨ ਦੇ ਇਕ ਸਾਲ ਪੂਰਾ ਹੋਣ ਮੌਕੇ ਸ਼ੁਕਰਵਾਰ ਨੂੰ  ਦਿੱਲੀ-ਉਤਰ ਪ੍ਰਦੇਸ਼ ਸਰਹੱਦ ਸਥਿਤ ਗਾਜ਼ੀਪੁਰ ਵਿਚ ਟਰੈਕਟਰਾਂ ਨਾਲ ਵੱਡੀ ਗਿਣਤੀ ਵਿਚ ਕਿਸਾਨ ਪਹੁੰਚੇ | ਕਿਸਾਨ ਸਮੂਹਾਂ ਨੇ ਇਸ ਦੌਰਾਨ ਮੁੜ ਕਿਹਾ ਕਿ ਉਨ੍ਹਾਂ ਦਾ ਵਿਰੋਧ ਜਾਰੀ ਰਹੇਗਾ | ਅੱਜ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਤਿੰਨ ਖੇਤੀ ਕਾਨੂੰਨਾਂ ਵਿਰੁਧ ਅੰਦੋਲਨ ਦੀ ਪਹਿਲੀ ਵਰ੍ਹੇਗੰਢ ਮਨਾਉਣ ਲਈ ਸਿੰਘੂ, ਟਿਕਰੀ, ਗਾਜ਼ੀਪੁਰ ਅਤੇ ਹੋਰ ਸਰਹੱਦਾਂ 'ਤੇ ਪਹੁੰਚੇ ਹੋਏ ਹਨ |  ਇਨ੍ਹਾਂ ਵਿਚੋਂ ਕਈ ਲੋਕ ਅਪਣੇ ਟਰੈਕਟਰ-ਟਰਾਲੀਆਂ 'ਤੇ ਸਬਜ਼ੀਆਂ, ਆਟਾ ਅਤੇ ਦਾਲਾਂ ਦੇ ਬੋਰੇ, ਮਸਾਲੇ ਅਤੇ ਖਾਣਾ ਪਕਾਉਣ ਵਾਲੇ ਤੇਲ ਪੀਪਿਆਂ ਨਾਲ ਆਏ | ਉਨ੍ਹਾਂ ਕਿਹਾਂ ਕਿ ਉਹ ਲੰਮੀ ਲੜਾਈ ਲਈ ਤਿਆਰ ਹਨ | ਪਛਮੀ ਉਤਰ ਪ੍ਰਦੇਸ਼ ਦਾ ਇਕ ਪ੍ਰਭਾਵਸ਼ਾਲੀ ਕਿਸਾਨ ਸੰਗਠਨ ਭਾਰਤੀ ਕਿਸਾਨ ਯੂਨੀਅਨ (ਭਾਕਿਯੂ) ਪਿਛਲੇ ਸਾਲ ਨਵੰਬਰ ਤੋਂ ਗਾਜ਼ੀਪੁਰ ਸਰਹੱਦ 'ਤੇ ਮੋਰਚਾ ਸੰਭਾਲ ਰਿਹਾ ਹੈ |
ਭਾਕਿਯੂ, ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਦਾ ਹਿੱਸਾ ਹੈ | ਕਿਸਾਨਾਂ ਦਾ ਇਹ ਸਮੂਹ ਤਿੰਨ ਵਿਵਾਦਤ ਖੇਤੀ ਕਾਨੂੰਨਾਂ ਨੂੰ  ਵਾਪਸ ਲੈਣ ਅਤੇ ਫ਼ਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ (ਐਮਐਸਪੀ) 'ਤੇ ਕਾਨੂੰਨੀ ਗਾਰੰਟੀ ਲਈ ਪ੍ਰਦਰਸ਼ਨ ਦੀ ਅਗਵਾਈ ਕਰ ਰਿਹਾ ਹੈ | ਭਾਕਿਯੂ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਟਵੀਟ ਕੀਤਾ,''ਇਕ ਸਾਲ ਲੰਮਾ ਸੰਘਰਸ਼ ਬੇਮਿਸਾਲ, ਥੋੜ੍ਹੀ ਖ਼ੁਸ਼ੀ, ਥੋੜ੍ਹਾ ਗ਼ਮ, ਲੜ ਰਹੇ ਹਾਂ, ਜਿੱਤ ਰਹੇ ਹਾਂ, ਲੜਾਂਗੇ ਤੇ ਜਿੱਤਾਂਗੇ | ਐਮਐਸਪੀ ਕਾਨੂੰਨ ਕਿਸਾਨਾਂ ਦਾ ਅਧਿਕਾਰ |'' ਇਸ ਤੋਂ ਇਲਾਵਾ ਬਿਜਲੀ ਸੋਧ ਬਿਲ ਰੱਦ ਕਰਨਾ, ਅੰਦੋਲਨਕਾਰੀ ਕਿਸਾਨਾਂ ਵਿਰੁਧ ਮਾਮਲੇ ਵਾਪਸ ਲੈਣਾ ਅਤੇ ਵਿਰੋਧ ਪ੍ਰਦਰਸ਼ਨ ਦੌਰਾਨ ਜਾਨ ਗੁਆਉਣ ਵਾਲੇ ਕਿਸਾਨਾਂ ਦੇ ਪ੍ਰਵਾਰਾਂ ਨੂੰ  ਮਦਦ ਰਾਸ਼ੀ ਦੇਣਾ ਵੀ ਉਨ੍ਹਾਂ ਦੀ ਮੰਗ ਦਾ ਹਿੱਸਾ ਹੈ | ਸੰਗਠਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਪੁਲਿਸ ਵੀਰਵਾਰ ਤੋਂ ਗਾਜ਼ੀਪੁਰ ਸਰਹੱਦ 'ਤੇ ਦਿੱਲੀ-ਮੇਰਠ ਐਲੀਵੇਟਡ ਹਾਈਵੇਅ ਦੇ ਇਕ ਹਿੱਸੇ ਅਤੇ ਉਸ ਦੇ ਹੇਠਾਂ ਗੇਟ 'ਤੇ ਬੈਰੀਕੇਡ ਵਧਾ ਰਹੀ ਹੈ | ਉਨ੍ਹਾਂ ਕਿਹਾ ਕਿ ਪ੍ਰਦਰਸ਼ਨ ਸਥਾਨ 'ਤੇ ਸ਼ੁਕਰਵਾਰ ਰਾਤ ਤਕ ਭੀੜ ਵਧੇਗੀ | ਉਨ੍ਹਾਂ ਦਸਿਆ ਕਿ ਸਨਿਚਰਵਾਰ ਨੂੰ  ਐਮਕੇਐਸ ਦੀ ਬੈਠਕ ਹੈ ਅਤੇ ਸਾਡੀ ਭਵਿਖ ਦੀ ਕਾਰਵਾਈ ਸਬੰਧੀ ਉਸ ਵਿਚ ਫ਼ੈਸਲੇ ਲਏ ਜਾਣੇ ਹਨ |
ਭਾਕਿਯੂ ਦੇ ਬੁਲਾਰੇ ਸੌਰਭ ਉਪਾਧਿਆਏ ਨੇ ਕਿਹਾ,''ਅਸੀਂ 29 ਨਵੰਬਰ ਨੂੰ  ਦਿੱਲੀ ਵਲ ਇਕ ਜਲੂਸ ਕੱਢਣ ਦੀ ਯੋਜਨਾ ਬਣਾਈ ਹੈ, ਪਰ ਐਸਕੇਐਮ ਸਨਿਚਰਵਾਰ ਨੂੰ  ਇਸ ਬਾਰੇ ਫ਼ੈਸਲਾ ਕਰੇਗੀ |'' ਉਨ੍ਹਾਂ ਕਿਹਾ,''ਸ਼ੁਕਰਵਾਰ ਦੇਰ ਤਕ 50,000 ਤੋਂ ਵੱਧ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ |'' ਟਰੈਕਟਰ-ਟਰਾਲੀਆਂ ਦੇ ਇਕ ਸਮੂਹ ਵਿਚ ਸ਼ਾਮਲ ਹੋ ਕੇ ਮੁਜ਼ਫ਼ਰਨਗਰ ਤੋਂ ਸਵੇਰੇ ਗਾਜ਼ੀਪੁਰ ਪਹੁੰਚੇ ਭਾਕਿਯੂ ਦੇ ਇਕ ਸਮਰਥਕ ਨੇ ਕਿਹਾ ਕਿ ਉਹ ਭੋਜਨ ਅਤੇ ਰਹਿਣ ਦਾ ਇੰਤਜ਼ਾਮ ਕਰ ਕੇ ਹੀ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਆਏ ਹਨ | ਉਸ ਨੇ ਕਿਹਾ,''ਇਕ ਸਾਲ ਹੋ ਗਿਆ ਹੈ, ਕਿਸਾਨ ਕਈ ਸਾਲ ਤਕ ਅਪਣੇ ਅਧਿਕਾਰਾਂ ਲਈ ਵਿਰੋਧ ਜਾਰੀ ਰੱਖ ਸਕਦੇ ਹਨ |'' ਯਾਦ ਰਹੇ ਕਿ ਪ੍ਰਧਾਨ ਮੰਤਰੀ ਨੇ ਪਿਛਲੇ ਹਫ਼ਤੇ ਵਿਵਾਦਤ ਖੇਤੀ ਕਾਨੂੰਨਾਂ ਨੂੰ  ਰੱਦ ਕਰਨ ਦੇ ਅਪਣੀ ਸਰਕਾਰ ਦੇ ਫ਼ੈਸਲੇ ਦਾ ਐਲਾਨ ਕੀਤਾ ਸੀ |     (ਪੀਟੀਆਈ)