ਪੰਜਾਬ 'ਚ ਦਸੰਬਰ ਦੇ ਪਹਿਲੇ ਹਫ਼ਤੇ ਬਦਲੇਗਾ ਮੌਸਮ, ਬਾਰਿਸ਼ ਦੇ ਬਣ ਰਹੇ ਹਨ ਆਸਾਰ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ 'ਚ ਦਸੰਬਰ ਦੇ ਪਹਿਲੇ ਹਫ਼ਤੇ ਬਦਲੇਗਾ ਮੌਸਮ, ਬਾਰਿਸ਼ ਦੇ ਬਣ ਰਹੇ ਹਨ ਆਸਾਰ

image


ਲੁਧਿਆਣਾ, 26 ਨਵੰਬਰ (ਗਿੱਲ): ਜਿਉਂ-ਜਿਉਂ ਨਵੰਬਰ ਮਹੀਨਾ ਖ਼ਤਮ ਹੋ ਰਿਹਾ ਹੈ, ਪੰਜਾਬ 'ਚ ਠੰਢ ਵੀ ਤੇਜ਼ੀ ਨਾਲ ਵਧ ਰਹੀ ਹੈ | ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਪੰਜਾਬ 'ਚ 30 ਨਵੰਬਰ ਤਕ ਮੌਸਮ ਖੁਸ਼ਕ ਰਹੇਗਾ | ਨਵੰਬਰ 'ਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ | ਹਾਲਾਂਕਿ ਦਸੰਬਰ ਦੇ ਪਹਿਲੇ ਹਫ਼ਤੇ ਮੌਸਮ ਪੂਰੀ ਤਰ੍ਹਾਂ ਬਦਲ ਜਾਵੇਗਾ |
ਮੌਸਮ ਵਿਭਾਗ ਅਨੁਸਾਰ ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਪੰਜਾਬ ਦੇ ਕਈ ਜ਼ਿਲਿ੍ਹਆਂ ਵਿਚ ਮੀਂਹ ਪੈ ਸਕਦਾ ਹੈ | ਇਸ ਤੋਂ ਬਾਅਦ ਠੰਢ ਵੀ ਅਚਾਨਕ ਵਧ ਜਾਵੇਗੀ | ਦੂਜੇ ਪਾਸੇ ਸਨਿਚਰਵਾਰ ਨੂੰ  ਪੰਜਾਬ 'ਚ ਪਠਾਨਕੋਟ ਅਤੇ ਜਲੰਧਰ ਸਭ ਤੋਂ ਠੰਢੇ ਰਹੇ | ਇਥੇ ਘੱਟੋ-ਘੱਟ ਤਾਪਮਾਨ 5.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਅਤੇ ਲੋਕਾਂ ਨੇ ਠੰਢ ਵੀ ਮਹਿਸੂਸ ਕੀਤੀ | ਇਨ੍ਹਾਂ ਦੋਵਾਂ ਜ਼ਿਲਿ੍ਹਆਂ 'ਚ ਸਵੇਰ ਵੇਲੇ ਵੀ ਸੰਘਣੀ ਧੁੰਦ ਨੇ ਕਈ ਥਾਵਾਂ ਨੂੰ  ਅਪਣੀ ਲਪੇਟ 'ਚ ਲੈ ਲਿਆ | ਦੂਜੇ ਪਾਸੇ ਬਠਿੰਡਾ 'ਚ 6 ਡਿਗਰੀ ਤੇ ਰੋਪੜ 'ਚ 6.6 ਡਿਗਰੀ ਰਿਹਾ | ਫਰੀਦਕੋਟ 'ਚ 7 ਡਿਗਰੀ, ਲੁਧਿਆਣਾ 'ਚ 8.6 ਡਿਗਰੀ, ਗੁਰਦਾਸਪੁਰ 'ਚ 8 ਡਿਗਰੀ, ਪਟਿਆਲਾ 'ਚ 9.4 ਡਿਗਰੀ, ਅੰਮਿ੍ਤਸਰ 'ਚ 7.4 ਡਿਗਰੀ ਤਾਪਮਾਨ ਰਿਹਾ | ਇਸ ਤੋਂ ਪਹਿਲਾਂ ਸ਼ੁਕਰਵਾਰ ਨੂੰ  ਬਠਿੰਡਾ ਪੰਜਾਬ 'ਚ ਸਭ ਤੋਂ ਠੰਢਾ ਰਿਹਾ | ਇੱਥੇ ਘੱਟੋ-ਘੱਟ ਤਾਪਮਾਨ 6.2 ਡਿਗਰੀ ਤੇ ਵੱਧ ਤੋਂ ਵੱਧ 29.4 ਡਿਗਰੀ ਰਿਹਾ | ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਤਿੰਨ ਡਿਗਰੀ ਵੱਧ ਸੀ | ਜਦੋਂਕਿ ਗੁਰਦਾਸਪੁਰ 'ਚ ਘੱਟੋ-ਘੱਟ ਤਾਪਮਾਨ 7 ਡਿਗਰੀ ਤੇ ਵੱਧ ਤੋਂ ਵੱਧ 24.5 ਡਿਗਰੀ ਰਿਹਾ | ਇਥੇ ਘੱਟੋ-ਘੱਟ ਤੇ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਦੋ ਡਿਗਰੀ ਘੱਟ ਰਿਹਾ |