ਨਵੀਆਂ ਸ਼ਰਤਾਂ ਨਾਲ ਲੰਗਾਹ ਦੀ ਹੋਈ ਪੰਥ ਵਾਪਸੀ

ਏਜੰਸੀ

ਖ਼ਬਰਾਂ, ਪੰਜਾਬ

ਨਵੀਆਂ ਸ਼ਰਤਾਂ ਨਾਲ ਲੰਗਾਹ ਦੀ ਹੋਈ ਪੰਥ ਵਾਪਸੀ

image

 

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਾਧੂ ਲਗਾਂ ਮਾਤਰਾਂ ਲਗਾ ਕੇ ਛਪਵਾਉਣ ਵਾਲਾ ਥਮਿੰਦਰ ਸਿੰਘ ਪੰਥ 'ਚੋਂ ਖ਼ਾਰਜ, ਹੋਰ ਤਿੰਨ ਸਾਥੀਆਂ ਨੂੰ  ਮਿਲੀ ਸਜ਼ਾ

ਅੰਮਿ੍ਤਸਰ, 26 ਨਵੰਬਰ (ਪਰਮਿੰਦਰ) : ਸਾਬਕਾ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਦੀ ਅੱਜ ਸ਼ਰਤਾਂ ਸਹਿਤ ਪੰਥ ਵਾਪਸੀ ਹੋ ਗਈ ਹੈ | ਲੰਗਾਹ ਬਾਰੇ ਫ਼ੈਸਲਾ ਲੈਂਦਿਆਂ ਜਥੇਦਾਰ ਨੇ ਲੰਗਾਹ ਕੋਲੋਂ ਪੰਜ ਵਾਰ ਕਹਾਇਆ ਕਿ ਮੇਰੇ ਕੋਲੋ ਬਜਰ ਕੂਰਹਿਤ ਹੋਈ ਹੈ, ਮੈਂ ਸੰਗਤ ਕੋਲੋਂ ਮੁਆਫ਼ੀ ਮੰਗਦਾ ਹਾਂ | ਜਥੇਦਾਰ ਨੇ ਲੰਗਾਹ ਨੂੰ  21 ਦਿਨ ਸ੍ਰੀ ਦਰਬਾਰ ਸਾਹਿਬ ਵਿਖੇ ਭਾਂਡੇ ਧੋਣ, ਇਕ ਘੰਟਾ ਪ੍ਰਕਰਮਾਂ ਵਿਚ ਬੈਠ ਕੇ ਕੀਰਤਨ ਸਰਵਨ ਕਰਨ ਤੇ 21 ਪਾਠ ਜਪੁਜੀ ਸਾਹਿਬ ਦੇ ਕਰਨ ਦਾ ਹੁਕਮ ਦਿਤਾ | ਜਥੇਦਾਰ ਨੇ ਨਾਲ ਹੀ ਕਿਹਾ ਕਿ ਇਸ ਸੇਵਾ ਦੀਆਂ ਤਸਵੀਰਾਂ ਸ਼ੋਸ਼ਲ ਮੀਡੀਆ 'ਤੇ ਨਹੀਂ ਪਾਉਣੀਆਂ | ਉਨ੍ਹਾਂ ਅਗੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਢਾਡੀ ਜਥਿਆਂ ਨੂੰ  ਪ੍ਰਤੀ ਜੱਥਾ 5100 ਭੇਟਾ ਦੇਣੀ ਹੋਵੇਗੀ | ਨਾਲ ਹੀ ਇਨ੍ਹਾਂ ਢਾਡੀ ਜਥਿਆਂ ਨੂੰ  ਘਰੋਂ ਤਿਆਰ ਕਰ ਕੇ ਪ੍ਰਸ਼ਾਦਾ ਲਿਆਉਣਾ ਹੋਵੇਗਾ ਤੇ ਇਨ੍ਹਾਂ ਜਥਿਆਂ ਨੂੰ  ਛਕਾ ਕੇ ਜੂਠੇ ਭਾਂਡੇ ਸਾਫ਼ ਕਰਨ ਦੀ ਸੇਵਾ ਖ਼ੁਦ ਕਰਨੀ ਹੋਵੇਗੀ | ਜਥੇਦਾਰ ਨੇ ਅੱਗੇ ਕਿਹਾ ਕਿ ਸੇਵਾ ਪੂਰੀ ਹੋਣ ਤੇ 5100 ਰੁਪਏ ਦੀ ਦੇਗ ਕਰਵਾਉਣੀ ਹੋਵੇਗੀ | ਉਨ੍ਹਾਂ ਕਿਹਾ ਕਿ ਲੰਗਾਹ 5 ਸਾਲ ਤਕ ਕਿਸੇ ਵੀ ਗੁਰਦਵਾਰਾ ਕਮੇਟੀ ਦਾ ਮੈਂਬਰ ਨਹੀ ਬਣ ਸਕੇਗਾ, ਰਾਜਨੀਤਕ ਖੇਤਰ ਵਿਚ ਲੰਗਾਹ ਵਿਚਰ ਸਕਦਾ ਹੈ |
 ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਤਿਹਾਸਕ ਫ਼ਸੀਲ ਤੋਂ ਅੱਜ ਅਹਿਮ ਫ਼ੈਸਲੇ ਲੈਂਦਿਆਂ ਤਖ਼ਤਾਂ ਦੇ ਜਥੇਦਾਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਵਿਚ ਵਾਧੂ ਲਗਾ ਮਾਤਰਾਂ ਲਗਾ ਕੇ ਬੇਅਦਬੀ ਕਰਨ ਦੇ ਜ਼ਿੰਮੇਵਾਰ ਥਮਿੰਦਰ ਸਿੰਘ ਨੂੰ  ਪੰਥ ਵਿਚੋਂ ਛੇਕਣ ਦਾ ਐਲਾਨ ਕੀਤਾ | ਉਨ੍ਹਾਂ ਪੰਥ ਨੂੰ  ਆਦੇਸ਼ ਕੀਤਾ ਕਿ ਥਮਿੰਦਰ ਸਿੰਘ ਨਾਲ ਕਿਸੇ ਤਰ੍ਹਾਂ ਦੀ ਰੋਟੀ ਬੇਟੀ ਦੀ ਸਾਂਝ ਨਾ ਰਖੀ ਜਾਵੇ | ਜਥੇਦਾਰਾਂ ਨੇ ਨਾਲ ਹੀ ਪਰ ਇਸਤਰੀ ਗ਼ਮਨ ਦੇ ਦੋਸ਼ ਵਿਚ ਪੰਥ ਵਿਚੋਂ ਛੇਕੇ ਗਏ ਸੁੱਚਾ ਸਿੰਘ ਲੰਗਾਹ ਨੂੰ  ਸ਼ਰਤਾਂ ਸਹਿਤ ਮੁੜ ਪੰਥ ਦਾ ਫ਼ੈਸਲਾ ਸੁਣਾਇਆ | ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਤਿਹਾਸਕ ਫ਼ਸੀਲ ਤੋਂ ਵਿਚ ਪੰਜ ਸਿੰਘ ਸਾਹਿਬਾਨ ਨੇ ਥਮਿੰਦਰ ਸਿੰਘ ਦਾ ਸਾਥ ਦੇਣ ਵਾਲੇ ਡਾਕਟਰ ਰਾਜਵੰਤ ਸਿੰਘ ਈਕੋ ਸਿੱਖ ਵਾਲੇ, ਭਜਨੀਕ ਸਿੰਘ ਤੇ ਗੁਰਦਰਸ਼ਨ ਸਿੰਘ ਨੂੰ  ਤਨਖ਼ਾਹ ਲਗਾਈ |
  ਇਸ ਮੌਕੇ ਤੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਥਮਿੰਦਰ ਸਿੰਘ ਨੇ ਚੀਨ ਤੋਂ ਵਾਧੂ ਲਗਾਂ ਮਾਤਰਾਂ ਲਗਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਛਪਵਾ ਕੇ ਡਬਿਆਂ ਵਿਚ ਬੰਦ ਕਰ ਕੇ ਅਮਰੀਕਾ ਲਿਆਂਦਾ ਤੇ ਵੱਖ-ਵੱਖ ਗੁਰੂ ਘਰਾਂ ਨੂੰ  ਭੇਜੇ ਤੇ ਇਸ ਦੀ ਮਦਦ ਡਾਕਟਰ ਰਾਜਵੰਤ ਸਿੰਘ, ਭਜਨੀਕ ਸਿੰਘ ਤੇ ਗੁਰਦਰਸ਼ਨ ਸਿੰਘ ਨੇ ਕੀਤੀ | ਜਥੇਦਾਰ ਨੇ ਕਿਹਾ ਕਿ ਇਨ੍ਹਾਂ ਸਰੂਪਾਂ ਵਿਚ ਅੰਕ ਰੋਮਨ ਸ਼ਬਦਾਂ ਵਿਚ ਲਿਖੇ ਹਨ ਬਾਕੀ ਪੜਤਾਲ ਜਾਰੀ ਹੈ | ਕਿਉਂਕਿ ਡਾਕਟਰ ਗੁਰਦਰਸਿੰਘ ਪਾਸਪੋਰਟ ਨਾ ਹੋਣ ਕਾਰਨ ਭਾਰਤ ਨਹੀ ਆ ਸਕੇ ਤੇ ਉਨ੍ਹਾਂ ਈ ਮੇਲ ਰਾਹੀ ਮੁਆਫ਼ੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਭੇਜੀ ਹੈ |
  ਜਥੇਦਾਰ ਨੇ ਡਾਕਟਰ ਰਾਜਵੰਤ ਸਿੰਘ ਬਾਰੇ ਇਹ ਵੀ ਕਿਹਾ ਕਿ ਉਸ ਨੇ ਪੜਤਾਲੀਆਂ ਕਮੇਟੀ ਦੀ ਤੋਹੀਨ ਕੀਤੀ ਹੈ | ਡਾਕਟਰ ਰਾਜਵੰਤ ਸਿੰਘ 11 ਦਿਨ ਅਮਰੀਕਾ ਦੇ ਕਿਸੇ ਗੁਰੂ ਘਰ ਵਿਚ ਇਕ ਘੰਟਾ ਜੋੜੇ ਸਾਫ਼ ਕਰਨੇ, ਭਾਂਡੇ ਸਾਫ਼ ਕਰਨੇ ਅਤੇ ਕਥਾ ਜਾਂ ਕੀਰਤਨ ਸੁਣਨਾ ਹੈ |
  ਇਸ ਦੇ ਨਾਲ-ਨਾਲ 125 ਡਾਲਰ ਗੁਰੂ ਕੀ ਗੋਲਕ ਵਿਚ ਪਾਉਣੇ ਹਨ | ਜਥੇਦਾਰ ਨੇ ਅਗੇ ਕਿਹਾ ਇਸ ਦੇ ਨਾਲ ਨਾਲ ਇਕ ਸਹਿਜ ਪਾਠ ਆਪ ਕਰਨਾ ਹੈ | ਗੁਰੂ ਘਰ ਦੇ ਗ੍ਰੰਥੀ ਸਿੰਘ ਕੋਲੋਂ ਅਰਦਾਸ ਕਰਵਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ  ਲਿਖਤੀ ਸੂਚਨਾ ਦੇਣੀ ਹੋਵੇਗੀ |  ਭਜਨੀਕ ਸਿੰਘ ਤੇ ਗੁਰਦਰਸਿੰਘ ਨੂੰ  ਸਜ਼ਾ ਲਗਾਉਦਿਆਂ ਜਥੇਦਾਰ ਨੇ ਕਿਹਾ ਕਿ ਇਹ ਦੋਵੇਂ 7 ਦਿਨ ਤਕ ਕਿਸੇ ਗੁਰੂ ਘਰ ਵਿਚ ਇਕ ਘੰਟਾ ਜੋੜੇ ਸਾਫ਼ ਕਰਨ, ਭਾਂਡੇ ਸਾਫ਼ ਕਰਨ ਅਤੇ ਕਥਾ ਜਾਂ ਕੀਰਤਨ ਸੁਣਨਗੇ | ਇਸ ਦੇ ਨਾਲ ਨਾਲ 125 ਡਾਲਰ ਗੁਰੂ ਕੀ ਗੋਲਕ ਵਿਚ ਪਾਉਣੇ ਹਨ ਅਤੇ ਇਕ ਸਹਿਜ ਪਾਠ ਆਪ ਕਰਨਾ ਹੈ |