ਰਾਣੀਆਂ ਪਿੰਡ ਵਿਚ ਬੀਜ ਫ਼ਾਰਮ ਦੇ ਨਾਂ 'ਤੇ ਬਾਦਲ ਸਰਕਾਰ ਵੇਲੇ ਖ਼ਰੀਦੀ ਗਈ ਜ਼ਮੀਨ ਦੀ ਹੋਵੇਗੀ ਜਾਂਚ : ਧਾਲੀਵਾਲ

ਏਜੰਸੀ

ਖ਼ਬਰਾਂ, ਪੰਜਾਬ

ਰਾਣੀਆਂ ਪਿੰਡ ਵਿਚ ਬੀਜ ਫ਼ਾਰਮ ਦੇ ਨਾਂ 'ਤੇ ਬਾਦਲ ਸਰਕਾਰ ਵੇਲੇ ਖ਼ਰੀਦੀ ਗਈ ਜ਼ਮੀਨ ਦੀ ਹੋਵੇਗੀ ਜਾਂਚ : ਧਾਲੀਵਾਲ

image

ਬਾਦਲ ਸਰਕਾਰ ਦੇ ਕਾਰਜਕਾਲ ਵੇਲੇ 32 ਕਰੋੜ ਰੁਪਏ ਨਾਲ ਕੰਡਿਆਲੀ ਤਾਰ ਤੋਂ ਪਾਰ ਖ਼ਰੀਦੀ 700 ਏਕੜ ਜ਼ਮੀਨ ਖੇਤੀਬਾੜੀ ਮੰਤਰੀ ਨੇ ਲੱਭੀ

ਅੰਮਿ੍ਤਸਰ/ਚੋਗਾਵਾਂ, 27 ਨਵੰਬਰ (ਸੁਰਜੀਤ ਸਿੰਘ ਖਾਲਸਾ, ਬਲਦੇਵ ਸਿੰਘ ਕੰਬ) : ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਸਰਹੱਦ ਉਤੇ ਸਥਿਤ ਰਾਣੀਆਂ ਪਿੰਡ ਵਿਚ ਖੇਤੀਬਾੜੀ ਵਿਭਾਗ ਵਲੋਂ ਖ਼ਰੀਦੀ ਗਈ 700 ਏਕੜ ਜ਼ਮੀਨ ਦਾ ਦੌਰਾ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਸਾਲ 2008 ਵਿਚ 32 ਕਰੋੜ ਰੁਪਏ ਨਾਲ ਬੀਜ ਫ਼ਾਰਮ ਲਈ ਸਰਕਾਰ ਵਲੋਂ ਖ਼ਰੀਦੀ ਗਈ ਇਸ ਜ਼ਮੀਨ ਦੀ ਜਾਂਚ ਕਰਵਾਈ ਜਾਵੇਗੀ | 
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਜਦੋਂ ਸੁੱਚਾ ਸਿੰਘ ਲੰਗਾਹ ਖੇਤੀਬਾੜੀ ਮੰਤਰੀ ਅਤੇ ਕਾਹਨ ਸਿੰਘ ਪੰਨੂ ਅੰਮਿ੍ਤਸਰ ਦੇ ਡਿਪਟੀ ਕਮਿਸ਼ਨਰ ਸਨ, ਵੇਲੇ ਇਹ ਜ਼ਮੀਨ ਬਹੁਤ ਮਹਿੰਗੇ ਮੁੱਲ ਖ਼ਰੀਦੀ ਗਈ | ਉਨ੍ਹਾਂ ਕਿਹਾ ਕਿ ਇਹ ਜ਼ਮੀਨ ਰਾਵੀ ਦਰਿਆ ਅਤੇ ਸਰਹੱਦ ਉੱਤੇ ਲੱਗੀ ਕੰਡਿਆਲੀ ਤਾਰ ਤੋਂ ਵੀ ਪਾਰ ਹੈ ਅਤੇ ਸਰਕਾਰ ਨੇ ਸਾਲ 2008 ਵਿਚ ਸਾਢੇ ਚਾਰ ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਇਹ ਜ਼ਮੀਨ ਖ਼ਰੀਦੀ | 
ਬੀ.ਐਸ.ਐਫ਼ ਦੀ ਆਗਿਆ ਤੋਂ ਬਿਨਾਂ ਤੁਸੀਂ ਜ਼ਮੀਨ ਵਿਚ ਦਾਖ਼ਲ ਤਕ ਨਹੀਂ ਹੋ ਸਕਦੇ ਅਤੇ ਉਸ ਵੇਲੇ ਕਿਸ 'ਸਕੀਮ' ਤਹਿਤ ਇਹ ਜ਼ਮੀਨ ਖ਼ਰੀਦੀ ਗਈ ਦੀ ਜਾਂਚ ਕਰਵਾਈ ਜਾਵੇਗੀ | ਉਨ੍ਹਾਂ ਕਿਹਾ ਕਿ ਇਸ ਲਈ ਸਰਕਾਰ ਨੂੰ  ਰਜਿਸਟਰੀ ਕਰਵਾਉਣ ਵਾਲੇ ਕਿਸਾਨ ਅਤੇ ਉਸ ਤੋਂ ਪਹਿਲਾਂ ਦੇ ਮਾਲਕ ਪ੍ਰਵਾਰਾਂ ਨੂੰ  ਲੱਭਿਆ ਜਾਵੇਗਾ ਤਾਂ ਜੋ ਸਾਰੀ ਸਚਾਈ ਸਾਹਮਣੇ ਆ ਸਕੇ | 
ਅੱਜ ਉਕਤ ਜ਼ਮੀਨ ਜਿਸ ਨੂੰ  ਕੇਵਲ ਤਿੰਨ ਚਾਰ ਸੀਜ਼ਨ ਹੀ ਵਾਹਿਆ ਜਾ ਸਕਿਆ, ਵਿਚ ਪੈਦਾ ਹੋ ਚੁਕੇ ਕਾਨੇ ਅਤੇ ਸਰਕੰਡੇ, ਵੇਖ ਕੇ ਦੁਖੀ ਹੁੰਦੇ ਧਾਲੀਵਾਲ ਨੇ ਕਿਹਾ ਕਿ ਸਮਝ ਨਹੀਂ ਆਉਂਦਾ ਕਿ ਤਿੰਨੇ ਸੌਦਾ ਕਰਨ ਵਾਲੇ ਕਿਸਾਨ ਪ੍ਰਵਾਰ ਵਿਚੋਂ ਹੋਣ ਤੇ ਅਜਿਹੀ ਜ਼ਮੀਨ ਮਹਿੰਗੇ ਭਾਅ ਖ਼ਰੀਦ ਲੈਣ? ਉਨ੍ਹਾਂ ਕਿਹਾ ਕਿ ਇਸ ਜ਼ਮੀਨ ਵਿਚ ਪਾਣੀ ਲਈ 30 ਸਬਮਰਸੀਬਲ ਟਿਊਬਵੈੱਲ, ਬਿਜਲੀ ਅਤੇ ਖੇਤੀ ਸੰਦ ਜਿਸ ਵਿਚ ਟਰੈਕਟਰ, ਜਨਰੇਟਰ ਅਤੇ ਹੋਰ ਮਸ਼ੀਨਰੀ ਸ਼ਾਮਲ ਹੈ, ਦੀ ਖ਼ਰੀਦ ਉਤੇ ਵੀ 8 ਕਰੋੜ ਰੁਪਏ ਦੇ ਕਰੀਬ ਖ਼ਰਚਾ ਹੋਇਆ | ਉਨ੍ਹਾਂ ਕਿਹਾ ਕਿ ਅੱਜ ਮੈਂ ਇਸ ਫਾਰਮ ਨੂੰ  ਵੇਖਿਆ ਹੈ ਅਤੇ ਮਨ ਦੁਖੀ ਹੋਇਆ ਹੈ ਕਿ ਕਿਸ ਤਰ੍ਹਾਂ ਸਰਕਾਰੀ ਪੈਸੇ ਦੀ ਦੁਰਵਰਤੋਂ ਕੀਤੀ ਗਈ ਹੈ | ਉਨ੍ਹਾਂ ਦਸਿਆ ਕਿ ਅੱਜ ਵੀ ਫਾਰਮ ਉਤੇ ਖ਼ਰੀਦੀ ਗਈ ਮਸ਼ੀਨਰੀ ਖਰਾਬ ਹੋ ਰਹੀ ਹੈ ਅਤੇ ਜ਼ਮੀਨ ਬੰਜਰ ਹੋ ਚੁੱਕੀ ਹੈ | 
ਉਨ੍ਹਾਂ ਕਿਹਾ ਕਿ ਹੁਣ ਦੁਬਾਰਾ ਇਸ ਜ਼ਮੀਨ ਦੀ ਵਰਤੋਂ ਕਰਨ ਬਾਰੇ ਵਿਚਾਰ ਕੀਤਾ ਜਾਵੇਗਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨੋਟਿਸ ਵਿਚ ਲਿਆ ਕੇ ਕੇਂਦਰ ਸਰਕਾਰ ਨਾਲ ਤਾਲਮੇਲ ਕਰ ਕੇ, ਕਿਉਂਕਿ ਇਸ ਦਾ ਰਸਤਾ ਹੀ ਬੀ ਐਸ ਐਫ਼ ਅਧੀਨ ਹੈ, ਇਸ ਦੀ ਢੁਕਵੀਂ ਵਰਤੋਂ ਕੀਤੀ ਜਾਵੇਗੀ | ਇਸ ਮੌਕੇ ਚੇਅਰਮੈਨ ਬਲਦੇਵ ਸਿੰਘ ਸਿੰਘ ਮਿਆਦੀਆਂ, ਜਿਲਾ ਖੇਤੀ ਅਫ਼ਸਰ ਡਾ  ਜਤਿੰਦਰ ਸਿੰਘ ਗਿੱਲ, ਐਸ.ਡੀ ਐਮ ਰਾਜੇਸ਼ ਕੁਮਾਰ ਸ਼ਰਮਾ, ਓ. ਐੱਸ. ਡੀ ਚਰਨਜੀਤ ਸਿੰਘ ਸਿੱਧੂ, ਦਫਤਰ ਸਕੱਤਰ ਗੁਰਜੰਟ ਸਿੰਘ ਸੋਹੀ, ਨਾਇਬ ਤਹਿਸੀਲਦਾਰ ਜਗਸੀਰ ਸਿੰਘ, ਵਿਸਥਾਰ ਅਫਸਰ ਪ੍ਰਭਦੀਪ ਗਿੱਲ ਚੇਤਨਪੁਰਾ, ਡਿਪਟੀ ਕਮਾਂਡੈਂਟ ਪਰਵਿੰਦਰ ਸਿੰਘ ਬਾਜਵਾ, ਐੱਸ.ਐਚ.ਓ ਲੋਪੋਕੇ ਹਰਪਾਲ ਸਿੰਘ ਸੋਹੀ, ਖੇਤੀ ਅਫਸਰ ਕੁਲਵੰਤ ਸਿੰਘ, ਅਸਵਨੀ ਕੁਮਾਰ ਆਦਿ ਹਾਜ਼ਰ ਸਨ | 
ਕੈਪਸ਼ਨ : ਰਾਣੀਆਂ ਖੇਤੀ ਫਾਰਮ ਦਾ ਦੌਰਾ ਕਰਦੇ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ |