ਹਜ਼ਾਰਾਂ ਕਿਸਾਨਾਂ ਨੇ ਪੰਜਾਬ ਰਾਜਭਵਨ ਵਲੋਂ ਰੋਸ ਮਾਰਚ ਕਰ ਕੇ ਕਿਸਾਨ ਮੋਰਚੇ ਦੇ ਦੂਜੇ ਪੜਾਅ ਦੀ ਕੀਤੀ ਸ਼ੁਰੂਆਤ

ਏਜੰਸੀ

ਖ਼ਬਰਾਂ, ਪੰਜਾਬ

ਹਜ਼ਾਰਾਂ ਕਿਸਾਨਾਂ ਨੇ ਪੰਜਾਬ ਰਾਜਭਵਨ ਵਲੋਂ ਰੋਸ ਮਾਰਚ ਕਰ ਕੇ ਕਿਸਾਨ ਮੋਰਚੇ ਦੇ ਦੂਜੇ ਪੜਾਅ ਦੀ ਕੀਤੀ ਸ਼ੁਰੂਆਤ

image

33 ਜਥੇਬੰਦੀਆਂ ਨੇ ਰਾਜਪਾਲ ਨੂੰ  ਮਿਲ ਕੇ ਰਾਸ਼ਟਰਪਤੀ ਨੂੰ  ਭੇਜਿਆ ਮੰਗ ਪੱਤਰ, 8 ਦਸੰਬਰ ਤਕ ਮੰਗਾਂ ਪੂਰੀਆਂ ਕਰਨ ਲਈ ਦਿਤਾ ਅਲਟੀਮੇਟਮ

ਚੰਡੀਗੜ੍ਹ/ਮੋਹਾਲੀ 26 ਨਵੰਬਰ (ਭੁੱਲਰ,ਸੋਈ) : ਸੰਯੁਕਤ ਕਿਸਾਨ ਮੋਰਚੇ ਦੇ ਦੇਸ਼ ਵਿਆਪੀ ਸੱਦੇ ਉਪਰ ਕੇਂਦਰ ਸਰਕਾਰ ਵਲੋਂ ਦਿੱਲੀ 'ਚ ਇਤਿਹਾਸਕ ਕਿਸਾਨ ਮੋਰਚੇ ਦੀ ਸਮਾਪਤੀ ਮੌਕੇ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਤੋਂ ਇਲਾਵਾ ਪ੍ਰਵਾਨ ਕੀਤੀਆਂ ਬਾਕੀ ਮੰਗਾਂ ਪੂਰੀਆਂ ਨਾ ਕੀਤੇ ਜਾਣ ਦੇ ਵਿਰੋਧ 'ਚ ਅੱਜ ਪੰਜਾਬ  ਦੀਆਂ 33 ਕਿਸਾਨ ਜਥੇਬੰਦੀਆਂ ਵਲੋਂ ਅੱਜ ਪੰਜਾਬ ਰਾਜ ਭਵਨ ਵਲ ਰੋਸ ਮਾਰਚ ਕੀਤਾ ਗਿਆ | ਰੋਸ ਮਾਰਚ ਤੋਂ ਪਹਿਲਾਂ ਮੋਹਾਲੀ ਵਿਖੇ ਇਕੱਠੇ ਹੋਏ ਹਜ਼ਾਰਾਂ ਕਿਸਾਨਾਂ ਨੇ ਵਿਸ਼ਾਲ ਰੈਲੀ ਕਰ ਕੇ ਸ਼ਕਤੀ ਪ੍ਰਦਰਸ਼ਨ ਕੀਤਾ ਅਤੇ ਮੋਰਚੇ ਦੇ ਆਗੂਆਂ ਵਲੋਂ 8 ਦਸੰਬਰ ਤਕ ਦਾ ਅਲਟੀਮੇਟਮ ਕੇਂਦਰ ਸਰਕਾਰ ਨੂੰ  ਬਾਕੀ ਮੰਗਾਂ ਪੂਰੀਆਂ ਕਰਨ ਲਈ ਦਿਤਾ ਗਿਆ ਹੈ | ਬਾਕੀ ਲੰਬਿਤ ਮੰਗਾਂ ਤੋਂ ਇਲਾਵਾ ਸ਼ੁਰੂ ਹੋਏ ਦੂਜੇ ਪੜਾਅ ਦੇ ਇਸ ਕਿਸਾਨ ਸੰਘਰਸ਼ 'ਚ ਤਿੰਨ ਹੋਰ ਨਵੀਆਂ ਮੰਗਾਂ ਕਿਸਾਨਾਂ ਦੀ ਮੁਕੰਮਲ ਕਰਜ਼ਾ ਮੁਆਫ਼ੀ, ਪੈਨਸ਼ਨ ਦੇਣ ਅਤੇ ਕੁਦਰਤੀ ਆਫਤਾਂ ਤੇ ਬੀਮਾਰੀਆਂ ਨਾਲ ਫ਼ਸਲਾਂ ਦੇ ਨੁਕਸਾਨ ਦੀ ਭਰਪਾਈ ਲਈ ਨਵੀਂ ਬੀਮਾ ਯੋਜਨਾ ਬਣਾ ਕੇ ਲਾਗੂ ਕਰਨ ਦੀ ਰੱਖੀ ਗਈ ਹੈ |
8 ਦਸੰਬਰ ਨੂੰ  ਕਰਨਾਲ 'ਚ ਮੋਰਚੇ ਦੀ ਮੀਟਿੰਗ 'ਚ ਅਗਲੇ ਐਕਸ਼ਨ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ | ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਮੁੜ ਦਿੱਲੀ ਵੱਲ ਵੀ ਕੂਚ ਕੀਤਾ ਜਾ ਸਕਦਾ ਹੈ ਅਤੇ ਇਸ ਵਾਰ ਕਿਸੇ ਹੋਰ ਰੂਪ 'ਚ ਪਹਿਲਾਂ ਨਾਲੋਂ ਵੱਡਾ ਤੇ ਤਿੱਖਾ ਸੰਘਰਸ਼ ਵੀ ਕੀਤਾ ਜਾਵੇਗਾ | ਅੱਜ ਕਿਸਾਨ ਟਰੈਕਟਰਾਂ-ਟਰਾਲੀਆਂ ਅਤੇ ਹੋਰ ਵਾਹਨਾਂ ਰਾਹੀਂ ਵੱਡੇ ਵੱਡੇ ਕਾਫਲਿਆਂ ਦੇ ਰੂਪ 'ਚ ਸਵੇਰੇ ਹੀ ਮੋਹਾਲੀ ਪਹੁੰਚਣੇ ਸ਼ੁਰੂ ਹੋ ਗਏ ਸਨ ਅਤੇ ਇਨ੍ਹਾਂ 'ਚ ਔਰਤਾਂ ਵੀ ਵੱਡੀ ਗਿਣਤੀ 'ਚ ਸ਼ਾਮਲ ਸਨ | ਇਕ ਵਾਰ ਤਾਂ ਵਿਸ਼ਾਲ ਇਕੱਠ ਹੋਣ ਬਾਅਦ ਦਿੱਲੀ ਮੋਰਚੇ ਵਰਗਾ ਮਹੌਲ ਬਣ ਗਿਆ ਸੀ | 24 ਘੰਟੇ ਤਕ ਚੱਲੀ ਰੈਲੀ 'ਚ ਪ੍ਰਮੁੱਖ ਬੁਲਾਰਿਆਂ ਦੇ ਭਾਸ਼ਨਾਂ ਬਾਅਦ ਪੰਜਾਬ ਰਾਜ ਭਵਨ ਵੱਲ ਕੂਚ ਕੀਤਾ ਗਿਆ ਅਤੇ ਕਿਸਾਨ ਮੋਹਾਲੀ ਹੱਦ ਤੋਂ ਅੱਗੇ ਲੰਘ ਕੇ ਚੰਡੀਗੜ੍ਹ 'ਚ ਦਾਖ਼ਲ ਹੋਣ ਵਿਚ ਸਫ਼ਲ ਰਹੇ | ਚੰਡੀਗੜ੍ਹ 'ਚ ਦਾਖ਼ਲ ਹੋ ਕੇ ਮੁੜ ਰੈਲੀ ਸ਼ੁਰੂ ਕਰ ਕੇ ਧਰਨਾ ਲਾਉਣ ਬਾਅਦ ਅੱਗੇ ਵਧਣ ਦੀ ਚੇਤਾਵਨੀ ਦੇ ਬਾਅਦ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਏਡੀਸੀ ਖੁਦ ਪ੍ਰਦਰਸ਼ਨਕਾਰੀਆਂ ਕੋਲ ਪਹੁੰਚੇ ਅਤੇ ਮੰਗ ਪੱਤਰ ਲੈਣ ਬਾਅਦ ਰਾਜਪਾਲ ਨਾਲ ਮੀਟਿੰਗ ਲਈ ਸੱਦਾ ਦਿਤਾ | ਇਸ ਤੋਂ ਬਾਅਦ 33 ਕਿਸਾਨ ਆਗੂਆਂ ਦੇ ਵਫ਼ਦ ਨੂੰ  ਰਾਜਪਾਲ ਨਾਲ ਗੱਲਬਾਤ ਲਈ ਪੰਜਾਬ ਰਾਜਭਵਨ ਚੰਡੀਗੜ੍ਹ ਲੈ ਜਾਇਆ ਗਿਆ |
ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਨੂੰ  ਭਵਿੱਖ 'ਚ ਸੰਘਰਸ਼ ਤੇਜ਼ ਕਰਨ ਦੀ ਚੇਤਾਵਨੀ ਦਿੰਦਿਆਂ ਕਿਹਾ ਕਿ ਅੱਜ ਦੇ ਇਕੱਠ ਨੂੰ  ਦੇਖ ਕੇ ਭਰਮ ਦੂਰ ਹੋ ਜਾਣਾ ਚਾਹੀਦਾ ਹੈ ਕਿ ਕਿਸਾਨ ਮੋਰਚਾ ਟੁੱਟ ਗਿਆ ਹੈ ਜਾਂ ਸੰਘਰਸ਼ ਖ਼ਤਮ ਹੋ ਚੁੱਕਾ ਹੈ | ਬੁਲਾਰਿਆਂ ਦਾ ਕਹਿਣਾ ਸੀ ਕਿ ਦਿੱਲੀ ਮੋਰਚਾ ਖ਼ਤਮ ਨਹੀਂ ਮੁਲਤਵੀ ਕੀਤਾ ਗਿਆ ਸੀ | ਅੱਜ ਮੋਰਚੇ ਦਾ ਦੂਜਾ ਪੜਾਅ ਸ਼ੁਰੂ ਹੋ ਚੁੱਕਾ ਹੈ | ਕਿਸਾਨ ਆਗੂਆਂ ਨੇੇ ਕਿਹਾ ਕਿ ਐਮ.ਐਸ.ਪੀ ਦੀ ਗਰੰਟੀ ਦਾ ਕਾਨੂੰਨ ਬਣਾਉਣ, ਲਖੀਮਪੁਰ ਖੇੜੀ ਦੇ ਕਤਲਕਾਂਡ ਦੀ ਸਾਜ਼ਸ਼ 'ਚ ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਨੂੰ  ਬਰਖ਼ਾਸਤ ਕਰਨ, ਮੋਰਚੇ ਸਮੇਂ ਕਿਸਾਨਾਂ 'ਤੇ ਦਰਜ ਕੇਸ ਵਾਪਸ ਲੈਣ ਅਤੇ ਸ਼ਹੀਦ ਕਿਸਾਨ ਪ੍ਰਵਾਰਾਂ ਨੂੰ  ਮੁਆਵਜ਼ਾ ਦੇਣ ਬਾਰੇ ਲਿਖਤੀ ਸਮਝੌਤੇ 'ਚ ਮੰਨੀਆਂ ਮੰਗਾਂ ਨੂੰ  ਅੱਜ ਤਕ ਵੀ ਪੂਰਾ ਨਹੀਂ ਕੀਤਾ ਗਿਆ | ਪੰਜਾਬ ਰਾਜ ਭਵਨ ਵੱਲ ਹੋਏ ਮਾਰਚ ਦੀ ਅਗਵਾਈ ਕਰਨ ਵਾਲੇ 33 ਕਿਸਾਨ ਜਥੇਬੰਦੀਆਂ ਦੇ ਪ੍ਰਮੁੱਖ ਆਗੂਆਂ 'ਚ ਜੋਗਿੰਦਰ ਸਿੰਘ ਉਗਰਾਹਾਂ, ਡਾ.ਦਰਸ਼ਨ ਪਾਲ, ਬੂਟਾ ਸਿੰਘ ਬੁਰਜ ਗਿੱਲ, ਨਿਰਭੈ ਸਿੰਘ ਢੁਡੀਕੇ, ਸੁਖਦੇਵ ਸਿੰਘ ਕੋਕਰੀ ਕਲਾਂ, ਕੁਲਵੰਤ ਸੰਧੂ, ਹਰਮੀਤ ਕਾਦੀਆਂ, ਹਰਿੰਦਰ ਸਿੰਘ ਲੱਖੋਵਾਲ, ਮਨਜੀਤ ਸਿੰੰਘ ਰਾਏ, ਜੰਗਵੀਰ ਸਿੰਘ ਚੌਹਾਨ, ਰੁਲਦੂ ਸਿੰਘ, ਸਤਨਾਮ ਸਿੰਘ ਬਹਿਰੂ, ਸੁਰਜੀਤ ਸਿੰਘ ਫੁਲ, ਬੂਟਾ ਸਿੰਘ ਸ਼ਾਦੀਪੁਰ, ਰਾਜਵਿੰਦਰ ਕੌਰ ਰਾਜੂ, ਰਮਿੰਦਰ ਸਿੰਘ ਅਤੇ ਜਗਮੋਹਨ ਸਿੰਘ ਪਟਿਆਲਾ ਦੇ ਨਾਂ ਵਰਨਣਯੋਗ ਹਨ |
ਡੱਬੀ
ਦੇਸ਼ ਭਰ 'ਚ 25 ਰਾਜਾਂ 'ਚ 3000 ਥਾਵਾਂ ਤੇ ਹੋਏ ਰੋਸ ਮਾਰਚ
ਸੰਯੁਕਤ ਕਿਸਾਨ ਮੋਰਚੇ ਦੇ ਬੁਲਾਰੇ ਅਨੁਸਾਰ ਅੰਜ ਦੇਸ਼ ਭਰ 'ਚ 25 ਰਾਜਾਂ 'ਚ ਕਿਸਾਨਾਂ ਨੇ 3000 ਥਾਵਾਂ ਉਪਰ ਰੋਸ ਮਾਰਚ ਕੀਤੇ ਹਲ | ਇਹ ਸੁਬਿਆਂ ਦੇ ਰਾਜ ਭਵਨਾਂ ਤੇ ਜ਼ਿਲ੍ਹਾ ਕੇਂਰਦਾਂ ਵਿਖੇ ਹੋਏ | ਲਖਨਊ, ਪਟਨਾ, ਕੋਲਕਾਤਾ, ਤਿਰਵੇਂਦਰਮ,ਚੇਨਈ, ਭੋਪਾਲ, ਹੈਦਰਾਬਾਦ ਤੇ ਜੈਪੁਰ ਸਮੇਤ ਹੋਰ ਥਾਵਾਂ ਉਪਰ ਕੇਂਦਰ ਸਰਕਾਰ ਵਿਰੁਧ ਹੋਏ ਇਨ੍ਹਾਂ ਰੋਸ ਪ੍ਰਦਰਸ਼ਨਾਂ 'ਚ 5 ਲੱਖ ਤੋਂ ਵਧ ਕਿਸਾਨ ਸ਼ਾਮਲ ਹੋਏ ਹਨ | ਅਗਲੇ ਐਕਸ਼ਨ ਤੋਂ ਪਹਿਲਾਂ 1 ਤੋਂ 11 ਦਸੰਬਰ ਤਕ ਦੇਸ਼ ਭਰ 'ਚ ਸਾਰੀਆਂ ਸਿਆਸੀ ਪਾਰਟੀਆਂ ਦੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਨੂੰ  ਮੰਗ ਪੱਤਰ ਸੌਂਪੇ ਜਾਣਗੇ ਅਤੇ ਕਿਸਾਨਾਂ ਦੀਆਂ ਮੰਗਾਂ ਦੇ ਸਮਰਥਨ ਦਾ ਵਾਅਦਾ ਲਿਆ ਜਾਵੇਗਾ | ਸਮਰਥਨ ਨਾ ਦੇੇਣ ਵਾਲੇ ਮੈਂਬਰਾਂ ਦਾ ਬਾਈਕਾਟ ਕਰ ਕੇ ਪਿੰਡਾਂ 'ਚ ਆਉਣ 'ਤੇ ਵਿਰੋਧ ਕੀਤਾ ਜਾਵੇਗਾ |