Gurdaspur New bus terminal: ਗੁਰਦਾਸਪੁਰ ਨੂੰ ਮਿਲਣ ਜਾ ਰਿਹਾ ਨਵਾਂ ਬੱਸ ਟਰਮੀਨਲ; 2 ਦਸੰਬਰ ਨੂੰ ਹੋਵੇਗੀ ਸ਼ੁਰੂਆਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਕਰਨਗੇ ਉਦਘਾਟਨ

Gurdaspur New bus terminal inauguration

Gurdaspur New bus terminal: ਗੁਰਦਾਸਪੁਰ-ਮੁਕੇਰੀਆਂ ਰੋਡ 'ਤੇ ਸਥਿਤ ਇੰਪਰੂਵਮੈਂਟ ਟਰੱਸਟ ਦੀ ਸਕੀਮ ਨੰਬਰ 7 ਵਿਚ ਬਣੇ ਅਤਿ ਆਧੁਨਿਕ ਬਾਬਾ ਬੰਦਾ ਸਿੰਘ ਬਹਾਦਰ ਬੱਸ ਟਰਮੀਨਲ ਦਾ ਕੰਮ ਮੁਕੰਮਲ ਹੋ ਗਿਆ ਹੈ। 26 ਨਵੰਬਰ ਨੂੰ ਰਾਜ ਪੱਧਰੀ ਸਮਾਗਮ ਦੌਰਾਨ ਇਸ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਕੀਤਾ ਜਾਣਾ ਸੀ ਪਰ ਕੁੱਝ ਕਾਰਨਾਂ ਕਰਕੇ ਇਹ ਸਮਾਗਮ ਮੁਲਤਵੀ ਕਰਨਾ ਪਿਆ। ਹੁਣ ਮੁੱਖ ਮੰਤਰੀ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 2 ਦਸੰਬਰ ਨੂੰ ਟਰਮੀਨਲ ਦਾ ਉਦਘਾਟਨ ਕਰਨ ਜਾ ਰਹੇ ਹਨ। ਇਸ ਦੌਰਾਨ ਕੇਜਰੀਵਾਲ ਇਕ ਜਨ ਸਭਾ ਨੂੰ ਵੀ ਸੰਬੋਧਨ ਕਰਨਗੇ।

ਦੱਸ ਦੇਈਏ ਕਿ ਇਸ ਬੱਸ ਸਟੈਂਡ ਦੀ ਸ਼ੁਰੂਆਤ ਗੁਰਦਾਸਪੁਰ ਤੋਂ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵਲੋਂ ਜਨਵਰੀ 2021 ਵਿਚ ਕਰਵਾਈ ਗਈ ਸੀ ਅਤੇ ਬੱਸ ਸਟੈਂਡ ਦੇ ਨਿਰਮਾਣ ਲਈ ਸਾਰੇ ਫੰਡ ਜਾਰੀ ਕਰ ਦਿਤੇ ਗਏ ਸਨ ਅਤੇ ਇਸ ਦਾ 100 ਫ਼ੀ ਸਦੀ ਕੰਮ ਪੂਰਾ ਹੋ ਚੁੱਕਾ ਹੈ।

ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਜੀਵ ਸ਼ਰਮਾ ਨੇ ਦਾਅਵਾ ਕੀਤਾ ਹੈ ਕਿ ਹੁਣ 2 ਦਸੰਬਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵਤ ਸਿੰਘ ਮਾਨ ਵਲੋਂ ਬੱਸ ਸਟੈਂਡ ਦਾ ਉਦਘਾਟਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਇਹ ਟਰਮੀਨਲ 14.50 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ, ਜੋ ਕਿ 6 ਏਕੜ ਵਿਚ ਫੈਲਿਆ ਹੈ।

ਪੂਰੇ ਟਰਮੀਨਲ ਨੂੰ ਸੀਸੀਟੀਵੀ ਕੈਮਰਿਆਂ ਨਾਲ ਲੈਸ ਕੀਤਾ ਗਿਆ ਹੈ। ਟਰਮੀਨਲ ਦੇ ਆਲੇ-ਦੁਆਲੇ 40 ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਉਦਘਾਟਨ ਨਾਲ ਪੁਰਾਣਾ ਬੱਸ ਸਟੈਂਡ ਸ਼ਿਫਟ ਹੋ ਜਾਵੇਗਾ। ਵੱਖ-ਵੱਖ ਰੂਟਾਂ ਲਈ 24 ਕਾਊਂਟਰ ਲਗਾਏ ਗਏ ਹਨ। ਇਸ ਤੋਂ ਇਲਾਵਾ ਦਿੱਲੀ ਲਈ ਵਿਸ਼ੇਸ਼ ਬੱਸ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ। ਇਹ ਬੱਸ ਬਟਾਲਾ ਤੋਂ ਸ਼ੁਰੂ ਹੋ ਕੇ ਗੁਰਦਾਸਪੁਰ ਤੋਂ ਹੋ ਕੇ ਦਿੱਲੀ ਵੱਲ ਜਾਵੇਗੀ। ਇਸ ਤੋਂ ਇਲਾਵਾ ਟਰਮੀਨਲ ਲਈ ਮਾਲੀਆ ਪੈਦਾ ਕਰਨ ਲਈ ਇਸ਼ਤਿਹਾਰਬਾਜ਼ੀ ਲਈ ਯੂਨੀਪੋਲ ਲਗਾਏ ਜਾਣਗੇ।

ਦੂਰ-ਦੁਰਾਡੇ ਤੋਂ ਆਉਣ ਵਾਲੇ ਯਾਤਰੀਆਂ ਦੀ ਸਹੂਲਤ ਲਈ ਪਹਿਲੀ ਮੰਜ਼ਿਲ 'ਤੇ ਸੱਤ ਕਮਰੇ ਬਣਾਏ ਗਏ ਹਨ। ਇਨ੍ਹਾਂ ਵਿਚ ਅਟੈਚਡ ਵਾਸ਼ਰੂਮ ਦੀ ਸਹੂਲਤ ਹੈ। ਇਹ ਕਮਰੇ ਯਾਤਰੀਆਂ ਨੂੰ ਸਿਰਫ਼ 500 ਰੁਪਏ ਵਿਚ ਉਪਲਬਧ ਕਰਵਾਏ ਜਾਣਗੇ। ਇਸ ਤੋਂ ਇਲਾਵਾ ਆਟੋ ਚਾਲਕਾਂ ਲਈ ਵੱਖਰੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਟਰਮੀਨਲ ਦੇ ਰੱਖ-ਰਖਾਅ ਦਾ ਸਾਰਾ ਕੰਮ ਠੇਕੇਦਾਰ ਵਲੋਂ ਕੀਤਾ ਜਾਵੇਗਾ। ਪਖਾਨਿਆਂ ਦੀ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ। ਜਿਥੇ ਈ-ਰਿਕਸ਼ਾ ਲਈ ਸਟੈਂਡਾਂ ਦਾ ਪ੍ਰਬੰਧ ਹੋਵੇਗਾ, ਉਥੇ ਆਮ ਲੋਕਾਂ ਲਈ ਕਾਰ-ਬਾਈਕ ਪਾਰਕਿੰਗ ਵੀ ਉਪਲਬਧ ਹੋਵੇਗੀ।

(For more news apart from Gurdaspur New bus terminal inauguration, stay tuned to Rozana Spokesman)