ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲੱਖਾਂ ਪੁੱਤਰ ਅੱਜ ਦਿੱਲੀ ਸਰਹੱਦ ’ਤੇ ਜ਼ੁਲਮ ਵਿਰੁਧ ਡਟੇ - ਆਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

‘ਆਪ’ ਦੀ ਸਮੁੱਚੀ ਲੀਡਰਸ਼ਿਪ ਸ਼ਹੀਦੀ ਜੋੜ ਮੇਲ ਮੌਕੇ ਹੋਈ ਨਤਮਸਤਕ

AAP leadership pays obeisance at Shaheedi Jor Mel

ਚੰਡੀਗੜ੍ਹ: ਸ਼ਹੀਦੀ ਜੋੜ ਮੇਲ ਮੌਕੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਾਰੇ ਆਗੂ ਸ੍ਰੀ ਫਤਹਿਗੜ ਸਾਹਿਬ ਵਿਖੇ ਨਤਮਸਤਕ ਹੋਏ।  ਇਸ ਮੌਕੇ ‘ਆਪ’ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅੱਜ ਅਸੀਂ ਨਿਗੂਣੇ ਸਿੱਖ ਹੁੰਦੇ ਹੋਏ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਅੱਗੇ ਸਿਰ ਝੁਕਾਉਣ ਲਈ ਪੁੱਜੇ ਹਾਂ। ਵਾਹਿਗੁਰੂ ਅੱਗੇ ਅਰਦਾਸ ਕੀਤੀ ਹੈ ਕਿ ਸਾਨੂੰ ਗੁਰੂ ਵੱਲੋਂ ਦਿਖਾਏ ਗਏ ਜ਼ਬਰ ਜ਼ੁਲਮ ਵਿਰੁੱਧ ਲੜਨ ਲਈ ਹਿੰਮਤ ਬਖਸ਼ਣ। 

‘ਆਪ’ ਆਗੂਆਂ ਨੇ ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਕਿਹਾ ਕਿ ਉਸ ਸਮੇਂ ਦੇ ਜ਼ਾਲਮ ਅੱਗੇ ਹੱਕ, ਸੱਚ, ਜ਼ੁਲਮ ਵਿਰੁੱਧ ਡਟਦਿਆਂ ਆਪਣਾ ਸਿਦਕ ਨਿਭਾਉਂਦੇ ਹੋਏ ਕੁਰਬਾਨੀ ਦਿੱਤੀ। ਉਹਨਾਂ ਕਿਹਾ ਕਿ ਉਸ ਸਮੇਂ ਦੇ ਜ਼ਾਲਮਾਂ ਤੇ ਮੌਜੂਦਾਂ ਸਰਕਾਰਾਂ ਵਿੱਚ ਕੋਈ ਬਹੁਤ ਅੰਤਰ ਨਹੀਂ ਹੈ, ਸਿਰਫ ਬਦਲਿਆਂ ਹੈ ਤਾਂ ਉਹ ਇਕ ਜ਼ੁਲਮ ਕਰਨ ਦਾ ਤਰੀਕਾ ਬਦਲਿਆ ਹੈ। ਉਸ ਸਮੇਂ ਵੀ ਜ਼ੁਲਮ ਵਿਰੁਧ ਆਵਾਜ਼ ਉਠਾਉਣ ਵਾਲਿਆਂ ਉੱਤੇ ਅੱਤਿਆਚਾਰ ਕੀਤਾ ਜਾਂਦਾ ਸੀ ਅਤੇ ਅੱਜ ਵੀ ਉਹਨਾਂ ਉੱਤੇ ਅੱਤਿਆਚਾਰ ਕੀਤਾ ਜਾ ਰਿਹਾ ਹੈ।

ਉਹਨਾਂ ਭਾਵੁਕ ਹੁੰਦੇ ਹੋਏ ਕਿਹਾ ਕਿ ਇਹ ਕੁਦਰਤ ਦੇ ਹੀ ਰੰਗ ਹਨ ਕਿ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਮੇਂ ਵੀ ਪੋਹ ਦੀਆਂ ਠੰਢੀਆਂ ਰਾਤਾਂ ਸਨ ਅਤੇ ਇਸ ਪੋਹ ਮਹੀਨੇ ’ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਮਾਂ ਅਤੇ ਚਾਰੇ ਪੁੱਤਰਾਂ ਨੂੰ ਵਾਰ ਦਿੱਤਾ ਸੀ। ਅੱਜ ਵੀ ਉਹ ਹੀ ਠੰਢਾ ਪੋਹ ਮਹੀਨਾ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਦਿਖਾਏ ਰਾਹ ਉੱਤੇ ਚੱਲਣ ਵਾਲੇ ਸ਼ਰਧਾਲੂ ਪੋਹ ਦੀਆਂ ਠੰਢੀਆਂ ਰਾਤਾਂ ਵਿੱਚ ਅੱਜ ਦੇ ਹਾਕਮ ਵਿਰੁੱਧ ਖੁੱਲੇ ਅਸਮਾਨ ਹੇਠ ਡਟੇ ਹੋਏ ਹਨ। 

‘ਆਪ’ ਆਗੂਆਂ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਸੰਬੋਧਤ ਹੁੰਦੇ ਹੋਏ ਕਿਹਾ ਕਿ ਮੋਦੀ ਸਰਕਾਰ ਕਿਰਤੀ ਲੋਕਾਂ ਉੱਤੇ ਜ਼ੁਲਮ ਢਾਹਉਣ ਤੋਂ ਪਹਿਲਾਂ ਪੰਜਾਬ ਦਾ ਇਤਿਹਾਸ ਚੰਗੀ ਤਰਾਂ ਪੜ ਲਵੇ। ਅੱਜ ਜੋ ਦਿੱਲੀ ਦੀ ਸਰਹੱਦ ਉਤੇ ਖੁੱਲੇ ਅਸਮਾਨ ਹੇਠ ਅੰਦੋਲਨ ਕਰ ਰਹੇ ਹਨ ਇਹ ਉਹ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਨ ਜਿਨਾਂ ਨੇ ਪੋਹ ਦੇ ਮਹੀਨੇ ਵਿੱਚ ਆਪਣੇ ਪੁੱਤਰ ਕੁਰਬਾਨ ਕਰ ਦਿੱਤੇ ਸਨ ਅਤੇ ਫਿਰ ਵੀ ਚੜਦੀ ਕਲਾਂ ’ਚ ਰਹਿਣ ਦਾ ਸੰਦੇਸ਼ ਦਿੱਤਾ ਸੀ।

ਅੱਜ ਅਸੀਂ ਕੋਈ ਰਾਜਨੀਤੀ ਟਿੱਪਣੀ ਨਹੀਂ ਕਰਨੀ ਕਿਉਂਕਿ ਅਸੀਂ ਸਿਰਫ ਸ਼ਹੀਦਾਂ ਦੀ ਕੁਰਬਾਨੀ ਨੂੰ ਨਤਮਸਤਕ ਹੋਣ ਆਏ ਹਾਂ। ਗੁਰੂ ਵੱਲੋਂ ਜ਼ੁਲਮ ਵਿਰੁੱਧ ਆਵਾਜ਼ ਚੁੱਕਣ ਦੇ ਵਿਖਾਏ ਗਏ ਮਾਰਗ ਉੱਤੇ ਚੱਲਣਾ ਸਾਡਾ ਧਰਮ ਹੈ। ਅਸੀਂ ਵਹਿਗੁਰੂ ਅੱਗੇ ਅਰਦਾਸ਼ ਕੀਤੀ ਹੈ ਕਿ ਸਾਡੇ ਉਤੇ ਅਜਿਹਾ ਕੋਈ ਸਮਾਂ ਨਾ ਆਵੇ ਜਿਥੇ ਅਸੀਂ ਆਪਣਾ ਧਰਮ ਨਾ ਨਿਭਾਅ ਸਕੀਏ।

ਉਹਨਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਵਰਕਰ ਅਤੇ ਲੀਡਰਸ਼ਿਪ ਵਾਹਿਗੁਰੂ ਅੱਗੇ ਅਰਦਾਸ ਕਰਨਗੇ ਕਿ ਮੋਦੀ ਸਰਕਾਰ ਨੂੰ ਸੁਮੱਤ ਬਖਸ਼ੇ ਤਾਂ ਜੋ ਦੇਸ਼ ਦੇ ਉਹਨਾਂ ਲੱਖਾਂ ਕਿਸਾਨਾਂ ਦੀ ਗੱਲ ਸੁਣਨ ਜੋ ਦਿੱਲੀ ਦੇ ਬਾਰਡਰਾਂ ਤੇ ਆਪਣੇ  ਹੱਕ ਹਕੂਕਾਂ ਅਤੇ ਹੋਂਦ ਦੀ ਲੜਾਈ ਲੜ ਰਹੇ ਹਨ।

ਮੋਦੀ ਸਰਕਾਰ ਏਨੇ ਹੰਕਾਰ ਚ ਹੈ ਕਿ ਨਾ ਉਸਨੂੰ ਅੰਨਦਾਤਾ ਦੀ ਆਵਾਜ਼ ਸੁਣਾਈ ਦੇ ਰਹੀ ਹੈ ਤੇ ਨਾ ਹੀ ਓਹਨਾ ਮਾਵਾਂ, ਬਜ਼ੁਰਗਾਂ ਤੇ ਛੋਟੋ ਛੋਟੇ ਬੱਚਿਆਂ ਦੀ ਆਵਾਜ਼ ਸੁਣਾਈ ਦੇ ਰਹੀ ਹੈ ਜੋ ਇਸ ਪੋਹ ਦੀਆਂ ਸਰਦ ਹਵਾਵਾਂ ਚ ਖੁਲੇ ਆਸਮਾਨ ਦੇ ਥੱਲੇ ਪਿਛਲੇ ਇੱਕ ਮਹੀਨੇ ਤੋਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹਨ। ਆਮ ਆਦਮੀ ਪਾਰਟੀ ਕਿਸਾਨਾਂ ਦੇ ਅੰਦੋਲਨ ਚ ਲਗਾਤਾਰ ਬਿਨਾਂ ਕਿਸੇ ਪਾਰਟੀ ਨਿਸ਼ਾਨ ਤੋਂ ਇਸ ਅੰਦੋਲਨ ਚ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇ ਰਹੀ ਹੈ ਤੇ ਦਿੰਦੀ ਰਹੇਗੀ।