ਖੇਤੀ ਕਾਨੂੰਨਾਂ ਦਾ ਇਕ ਵੀ ਫਾਇਦਾ ਨਹੀਂ ਗਿਣਾ ਸਕੇ ਭਾਜਪਾ ਦੇ ਮੰਤਰੀ - ਅਰਵਿੰਦ ਕੇਜਰੀਵਾਲ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੋਣ ਬਹੁਤ ਸਾਰੇ ਮੁੱਦਿਆ 'ਤੇ ਲੜੀ ਜਾਂਦੀ ਹੈ ਬਿਹਾਰ ਦੇ ਵੋਟਰਾਂ ਨੇ ਭਾਵੇ ਭਾਜਪਾ ਨੂੰ ਵੋਟ ਦਿੱਤਾ ਪਰ ਇਸ ਦਾ ਮਤਲਬ ਇਹ ਨਹੀਂ ਕਿ ਕਾਨੂੰਨ ਠੀਕ ਹਨ।

File Photo

ਨਵੀਂ ਦਿੱਲੀ (ਨਿਮਰਤ ਕੌਰ) - ਕਿਸਾਨੀ ਅੰਦੋਲਨ ਨੂੰ ਪੂਰਾ ਇਕ ਮਹੀਨਾ ਹੋ ਗਿਆ ਹੈ ਤੇ ਇਸ ਅੰਦੋਲਨ ਦੌਰਾਨ ਸਪੋਕਸਮੈਨ ਟੀਵੀ ਨਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਖਾਸ ਗੱਲਬਾਤ ਕੀਤੀ ਇਸ ਗੱਲਬਾਤ ਦੌਰਾਨ ਉਹਨਾਂ ਨੇ ਸਭ ਤੋਂ ਪਹਿਲਾਂ ਕੇਂਦਰ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਜੋ ਦਿੱਲੀ ਦੀਆਂ ਸੜਕਾਂ 'ਤੇ ਲੋਕ ਬੈਠੇ ਨੇ ਉਹ ਸਾਡੇ ਹੀ ਦੇਸ਼ ਦੇ ਲੋਕ ਹਨ ਸਾਡੀਆਂ ਹੀ ਮਾਵਾਂ ਭੈਣਾਂ ਹਨ, ਉਹਨਾਂ ਨੂੰ ਦਿੱਲੀ ਦੇ 2 ਡਿਗਰੀ ਤਾਪਮਾਨ ਵਿਚ ਮਜ਼ਬੂਰੀ ਨਾਲ ਰਹਿਣਾ ਪੈ ਰਿਹਾ ਹੈ ਜੋ ਕਿ ਬਹੁਤ ਔਖਾ ਹੈ।

ਇਸ ਲਈ ਸਰਕਾਰ ਨੂੰ ਉਹਨਾਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ। ਉਹਨਾਂ ਅੱਗੇ ਕਿਹਾ ਕਿ ਹੁਣ ਤੱਕ 40 ਤੋਂ ਵੱਧ ਕਿਸਾਨ ਇਸ ਸੰਘਰਸ਼ ਵਿਚ ਸ਼ਹੀਦ ਹੋ ਚੁੱਕੇ ਹਨ ਤੇ ਸਰਕਾਰ ਸਾਡੇ ਦੇਸ਼ ਦੇ ਲੋਕਾਂ 'ਤੇ ਐਨਾ ਜ਼ੁਲਮ ਨਾ ਕਰੇ। ਉਹਨਾਂ ਕਿਹਾ ਕਿ ਹੁਣ ਤੱਕ ਕਿਸੇ ਵੀ ਸਰਕਾਰ ਨੇ ਕਿਸਾਨਾਂ ਦੀ ਸਾਰ ਨਹੀਂ ਲਈ, ਕਿਸਾਨ ਕੜਾਕੇ ਦੀ ਠੰਢ ਵਿਚ ਸੜਕਾਂ 'ਤੇ ਬੈਠਣ ਲਈ ਮਜ਼ਬੂਰ ਹਨ, ਰਾਜਨੀਤੀਕ ਪਾਰਟੀਆਂ ਮਹੱਤਵਪੂਰਨ ਨਹੀਂ, ਲੋਕ ਮਹੱਤਵਪੂਰਨ ਨਹੀਂ ਜੇ ਲੋਕ ਕਾਨੂੰਨ ਵਾਪਿਸ ਲੈਣ ਦੀ ਮੰਗ ਕਰ ਰਹੇ ਹਨ ਤਾਂ ਕੇਂਦਰ ਸਰਕਾਰ ਨੂੰ ਮੰਨ ਜਾਣਾ ਚਾਹੀਦਾ ਹੈ।

ਕੇਜਰੀਵਾਲ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਭਾਜਪਾ ਨੇ ਆਪਣੇ ਸਾਰੇ ਮੰਤਰੀਆਂ ਨੂੰ ਇਹਨਾਂ ਕਾਨੂੰਨਾਂ ਦੇ ਫਾਇਦੇ ਗਿਣਾਉਣ ਵਿਚ ਲਗਾਇਆ ਹੋਇਆ ਹੈ ਪਰ ਹੁਣ ਤੱਕ ਕੋਈ ਵੀ ਕਾਨੂੰਨਾਂ ਦੇ ਫਾਇਦੇ ਨਹੀਂ ਦੱਸ ਸਕਿਆ। ਬਸ ਇਹੋ ਰੱਟ ਲਗਾਈ ਹੋਈ ਹੈ ਕਿ ਕਿਸਾਨਾਂ ਦੀ ਜ਼ਮੀਨ ਨਹੀਂ ਖੁਸੇਗੀ ਪਰ ਇਹ ਤਾਂ ਕੋਈ ਫਾਇਦਾ ਨਹੀਂ ਹੋਇਆ। ਕਿਹਾ ਜਾ ਰਿਹਾ ਹੈ ਕਿ ਕਿਸਾਨ ਮੰਡੀ 'ਚ ਕਿਤੇ ਵੀ ਫਸਲ ਵੇਚ ਸਕਦਾ ਹੈ ਬਿਹਾਰ ਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੂੰ ਦੱਸੋ ਕਿ ਉਹ ਆਪਣੀ ਕਿਥੇ ਫਸਲ ਵੇਚਣ ਕਿਉਂਕਿ ਉਹਨਾਂ ਨੂੰ ਅੱਧੀ ਕੀਮਤ 'ਤੇ ਫਸਲ ਵੇਚਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। 

ਬਿਹਾਰ ਵਿਚ ਮੁੜ ਭਾਜਪਾ ਸਰਕਾਰ ਬਣਨ ਦੇ ਕਾਰਨਾਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਕੇਜਰੀਵਾਲ ਨੇ ਕਿਹਾ ਚੋਣ ਬਹੁਤ ਸਾਰੇ ਮੁੱਦਿਆ 'ਤੇ ਲੜੀ ਜਾਂਦੀ ਹੈ ਬਿਹਾਰ ਦੇ ਵੋਟਰਾਂ ਨੇ ਭਾਵੇ ਭਾਜਪਾ ਨੂੰ ਵੋਟ ਦਿੱਤਾ ਪਰ ਇਸ ਦਾ ਮਤਲਬ ਇਹ ਨਹੀਂ ਕਿ ਕਾਨੂੰਨ ਠੀਕ ਹਨ। ਅਸੀਂ ਸ਼ੁਰੂ ਤੋਂ ਹੀ ਕਿਸਾਨਾਂ ਦੇ ਨਾਲ ਖੜੇ ਹਾਂ ਮੈਂ ਖ਼ੁਦ ਅੰਦੋਲਨ 'ਚੋਂ ਨਿਕਲਿਆ ਹੋਇਆਂ ਹਾਂ ਮੈਂ ਖੁਦ ਸਟੇਡੀਅਮ ਦੀਆਂ ਜੇਲ੍ਹਾਂ 'ਚ ਰਿਹਾ ਹਾਂ ਇਸ ਲਈ ਮੈਂ ਕੇਂਦਰ ਦਾ ਭਾਰੀ ਦਬਾਅ ਹੋਣ ਦੇ ਬਾਵਜੂਦ ਖੁੱਲ੍ਹੀ ਜੇਲ੍ਹ ਬਣਾਉਣ ਦੇ ਮਨਜ਼ੂਰੀ ਨਹੀਂ ਦਿੱਤੀ ਕਿਉਂਕਿ ਕੇਂਦਰ ਸਰਕਾਰ ਦੀ ਮਨਸ਼ਾ ਸੀ ਕਿ ਕਿਸਾਨਾਂ ਨੂੰ ਸਟੇਡੀਅਮਾਂ ਵਿਚ ਬਿਠਾ ਦਿੱਤਾ ਜਵੇਗਾ।

ਉਹਨਾਂ ਕਿਹਾ ਕਿ ਮੇਰੇ ਸਾਰੇ ਵਿਧਾਇਕ ਬਿਨ੍ਹਾਂ ਪਾਰਟੀ ਦੇ ਝੰਡੇ ਤੋਂ ਅੰਦੋਲਨ 'ਚ ਸੇਵਾਦਾਰ ਬਣ ਕੇ ਕੰਮ ਕਰ ਰਹੇ ਹਨ ਅਸੀਂ ਨਵੇਂ ਕਿਸਮ ਦੀ ਰਾਜਨੀਤੀ ਕਰ ਰਹੇ ਹਾਂ ਇਸ ਕਾਰਨ ਕੇਂਦਰ ਸਰਕਾਰ ਵੀ ਮੇਰੇ ਨਾਲ ਨਰਾਜ਼ ਹੋ ਗਈ ਤੇ ਮੈਨੂੰ ਘਰ ਵਿਚ ਹੀ ਨਜ਼ਰਬੰਦ ਕਰਕੇ ਰੱਖਿਆ ਤੇ ਮੈਨੂੰ ਕਿਸਾਨ ਅੰਦੋਲਨ ਵਿਚ ਸ਼ਾਮਲ ਹੋਣ ਲਈ ਘਰ ਤੋਂ ਬਾਹਰ ਨਹੀਂ ਨਿਕਲ ਦਿੱਤਾ। ਇਹਨਾਂ ਹੀ ਨਹੀਂ 50 ਦੇ ਕਰੀਬ ਗੁੰਡੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਦੇ ਘਰ ਵਿਚ ਘੁਸ ਗਏ ਤੇ ਭੰਨਤੋੜ ਕੀਤੀ ਜੇ ਅਸੀ ਕਿਸਾਨਾਂ ਦੇ ਨਾਲ ਹਾਂ ਇਸੇ ਕਰਕੇ ਕੇਂਦਰ ਸਰਕਾਰ ਮੇਰੇ ਨਾਲ ਨਰਾਜ ਹੈ ਪਰ ਮੈਂ ਸਦਾ ਕਿਸਾਨਾਂ ਦੇ ਨਾਲ ਖੜ੍ਹਾ ਹਾਂ।

ਇਸ ਅੰਦੋਲਨ 'ਚੋਂ ਕੀ ਨਿਕਲ ਕੇ ਆਵੇਗਾ ਬਾਰੇ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਐਨਾ ਵੱਡਾ ਕਿਸਾਨ ਅੰਦੋਲਨ ਨਹੀਂ ਦੇਖਿਆ। ਇਹ ਅੰਦੋਲਨ ਲੰਬੇ ਸਮੇਂ ਤੋਂ ਕਿਸਾਨਾਂ ਦੇ ਹੋ ਰਹੇ ਸੋਸ਼ਣ ਦਾ ਨਤੀਜਾ ਹੈ। ਕਿਸਾਨਾਂ ਦਾ ਸੋਸ਼ਣ ਬੰਦ ਹੋਣਾ ਚਾਹੀਦਾ ਹੈ ਤੇ ਇਹ ਕਾਲੇ ਕਾਨੂੰਨ ਵੀ ਰੱਦ ਹੋਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਕਿਸਾਨਾਂ ਕੋਲੋਂ 50 ਪੈਸੇ ਦੀ ਚੀਜ਼ 25 ਰਪੁਏ ਵਿਚ ਵੇਚੀ ਜਾਂਦੀ ਹੈ ਪਰ ਕਿਸਾਨਾਂ ਦੇ ਹੱਥ ਕੁੱਝ ਨਹੀਂ ਰਹਿੰਦਾ। ਆਮ ਲੋਕ ਮਹਿੰਗਾਈ 'ਚ ਪਿਸ ਰਹੇ ਹਨ ਤੇ ਭਾਜਪਾ ਵਾਲੇ ਇਹਨਾਂ ਕਾਨੂੰਨਾਂ ਦਾ ਇਕ ਵੀ ਫਾਇਦਾ ਨਹੀਂ ਦੱਸ ਸਕੇ। ਹੁਣ ਸਰਕਾਰ ਕਿਸਾਨਾਂ ਹੱਥੋਂ ਖੇਤੀ ਖੋਹ ਕੇ ਕਾਰਪੋਰੇਟ ਨੂੰ ਦੇਣਾ ਚਹੁੰਦੀ ਹੈ। 

ਇੱਕ ਸਵਾਲ ਦੇ ਜਵਾਬ ਵਿਚ ਕੇਜਰੀਵਾਲ ਨੇ ਕਿਹਾ ਕਿ ਸਾਨੂੰ ਕਾਰਪੋਰੇਟ ਨਹੀਂ ਚਾਹੀਦੇ ਕਰੋੜਾਂ ਕਿਸਾਨਾ ਦੀ ਖੁਸਹਾਲੀ ਚਾਹੀਦੀ ਹੈ ਨਾ ਕਿ ਕੁੱਝ ਕੁ ਪੂੰਜੀਪਤੀ ਘਰਾਣਿਆਂ ਦੀ। ਉਹਨਾਂ ਕਿਹਾ ਕਿ ਮੈਂ ਮੁੱਖ ਮੰਤਰੀ ਬਾਅਦ 'ਚ ਹਾਂ ਪਹਿਲਾਂ ਇਸ ਦੇਸ਼ ਦਾ ਨਾਗਰਿਕ ਹਾਂ ਇਹਨਾਂ ਕਾਨੂੰਨਾਂ ਨਾਲ ਮਹਿੰਗਾਈ ਵਧੇਗੀ। ਜਮਾਖੋਰੀ ਕੂੰਨਨ 'ਚ ਵੀ ਪਾਪ ਹੈ ਤੇ ਧਰਮ 'ਚ ਵੀ ਪਰ ਇਹਨਾਂ ਕਾਨੂੰਨਾਂ ਵਿਚ ਜਮਾਂਖੋਰੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਜਦੋਂ ਤੱਕ ਕਿਸੇ ਵਸਤੂ ਦੇ ਰੇਟ ਦੁੱਗਣੇ ਨਹੀਂ ਹੋ ਜਾਂਦੇ ਉਦੋਂ ਤੱਕ ਕਾਰਪੋਰੇਟ ਘਰਾਣੇ ਜਮਾਖੋਰੀ ਕਰ ਸਕਦੇ ਹਨ। 

ਰਾਜਨੀਤੀਕ ਪਾਰਟੀਆਂ ਕਾਰਪੋਰੇਟਸ 'ਤੇ ਕਿੰਨੀਆਂ ਨਿਰਭਰ ਹਨ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਚੋਣ ਐਨੀ ਜ਼ਿਆਦਾ ਮਹਿੰਗੀ ਹੋ ਗਈ ਹੈ ਇਸ ਲਈ ਬਹੁਤ ਸਾਰੀਆਂ ਪਾਰਟੀਆਂ ਨੂੰ ਕਾਰਪੋਰੇਟ ਘਰਾਣਿਆਂ 'ਤੇ ਨਿਰਭਰ ਹੋਣਾ ਪੈ ਗਿਆ ਹੈ। ਉਹਨਾਂ ਕਿਹਾ ਕਿ ਇਹ ਦੇਸ਼ ਦਾ ਮਾੜੀ ਕਿਸਮਤ ਹੀ ਹੈ ਜੋ ਕਿਸਾਨਾਂ ਨੂੰ ਸੜਕਾਂ 'ਤੇ ਰੁਲਣਾ ਪੈ ਰਿਹਾ ਹੈ ਤੇ ਸਰਕਾਰ ਸੰਸਦ ਵਿਚ ਅਜਿਹੇ ਕਾਲੇ ਕਾਨੂੰਨ ਪਾਸ ਕਰ ਰਹੀ ਹੈ।