‘ਦਿੱਲੀ ਮੋਰਚਾ ਹੋਰ ਭਖਾਉ’ ਮੁਹਿੰਮ: ਉਗਰਾਹਾਂ ਵਲੋਂ 16000 ਤੋਂ ਵੱਧ ਕਿਸਾਨਾਂ ਦਾ ਕਾਫ਼ਲਾ ਦਿੱਲੀ ਰਵਾ
‘ਦਿੱਲੀ ਮੋਰਚਾ ਹੋਰ ਭਖਾਉ’ ਮੁਹਿੰਮ: ਉਗਰਾਹਾਂ ਵਲੋਂ 16000 ਤੋਂ ਵੱਧ ਕਿਸਾਨਾਂ ਦਾ ਕਾਫ਼ਲਾ ਦਿੱਲੀ ਰਵਾਨਾ
ਖੜਖੜ ਟੌਲ ਪਲਾਜ਼ਾ ਪੱਕੇ ਤੌਰ ’ਤੇ ਕਰਵਾਇਆ ਬੰਦ
ਚੰਡੀਗੜ੍ਹ, 26 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ) : ਭਾਕਿਯੂ (ਏਕਤਾ ਉਗਰਾਹਾਂ) ਵਲੋਂ ਵਿੱਢੀ ਗਈ ਦਿੱਲੀ ਮੋਰਚਾ ਹੋਰ ਭਖਾਓ ਮੁਹਿੰਮ ਤਹਿਤ ਅੱਜ 454 ਟਰਾਲੀਆਂ, 50 ਬਸਾਂ, 60 ਟਰੱਕ/ਟਰਾਲੇ/ਕੈਂਟਰਾਂ ਅਤੇ 400 ਤੋਂ ਵੱਧ ਦਰਮਿਆਨੀਆਂ ਤੇ ਛੋਟੀਆਂ ਗੱਡੀਆਂ ’ਤੇ ਸਵਾਰ 16000 ਤੋਂ ਵੱਧ ਕਿਸਾਨਾਂ ਮਜ਼ਦੂਰਾਂ ਔਰਤਾਂ ਨੌਜਵਾਨਾਂ ਦਾ ਕਾਫ਼ਲਾ ਖਨੌਰੀ ਬਾਡਰ ਤੋਂ ਦਿੱਲੀ ਵਲ ਰਵਾਨਾ ਹੋਇਆ।
ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦਸਿਆ ਕਿ ਇਹ ਕਾਫ਼ਲਾ ਖੜਖੜ ਟੌਲ ਪਲਾਜਾ ਬੰਦ ਕਰ ਕੇ ਉਡੀਕ ਰਹੇ ਸੈਂਕੜੇ ਹਰਿਆਣਵੀ ਕਿਸਾਨਾਂ ਵਿਚ ਜਾ ਰਲਿਆ। ਇਥੇ ਕੀਤੀ ਗਈ ਸਾਂਝੀ ਰੈਲੀ ਨੂੰ ਹਰਿਆਣਵੀ ਕਿਸਾਨ ਆਗੂਆਂ ਜੋੋੋਗਿੰਦਰ ਛਾਬੜਾ, ਸਤਬੀਰ ਪਹਿਲਵਾਨ ਅਤੇ ਮੇਵਾ ਸਿੰਘ ਤੋਂ ਇਲਾਵਾ ਜਥੇਬੰਦੀ ਵਲੋਂ ਜਗਤਾਰ ਸਿੰਘ ਕਾਲਾਝਾੜ, ਕਮਲਜੀਤ ਕੌਰ ਬਰਨਾਲਾ, ਜੋੋੋਗਿੰਦਰ ਸਿੰਘ ਦਿਆਲਪੁਰਾ, ਜਨਕ ਸਿੰਘ ਭੁਟਾਲ, ਬੁੱਕਣ ਸਿੰਘ ਸੱਦੋਵਾਲ, ਅਜੈਬ ਸਿੰਘ ਲੱਖੇਵਾਲ, ਸਰਬਜੀਤ ਮਲੇਰਕੋਟਲਾ ਅਤੇ ਜਗਰੂਪ ਸਿੰਘ (ਨਿਊਜ਼ ਟੂਡੇ) ਨੇ ਸੰਬੋਧਨ ਕੀਤਾ।
ਬੁਲਾਰਿਆਂ ਨੇ ਮੋਦੀ ਹਕੂਮਤ ਉੱਤੇ ਕਾਰਪੋਰੇਟਾਂ ਦੀ ਸੇਵਾਦਾਰ ਹੋਣ ਦਾ ਦੋਸ਼ ਲਾਉਂਦਿਆਂ ਕਿਸਾਨਾਂ ਨੂੰ ਤਬਾਹ ਕਰਨ ਵਾਲੇ ਕਾਨੂੰਨ ਮੜਨ ਲਈ ਢੀਠਤਾ ਭਰੀ ਜ਼ਿੱਦ ਫੜੀ ਹੋਈ ਹੈ।
ਸਰਕਾਰੀ ਕੂੜ ਪ੍ਰਚਾਰ ਦਾ ਪਰਦਾਫ਼ਾਸ਼ ਕਰਦਾ ਅਤੇ ਕਿਸਾਨਾਂ ਦਾ ਹੱਕੀ ਪੱਖ ਪੇਸ਼ ਕਰਦਾ ਹਿੰਦੀ ਵਿਚ 50000 ਦੀ ਗਿਣਤੀ ’ਚ ਛਾਪਿਆ ਹੱਥ ਪਰਚਾ ਅੱਜ ਦੀ ਰੈਲੀ ਵਿਚ ਵੀ ਵੰਡਿਆ ਗਿਆ। ਇਕੱਠ ਵਲੋਂ ਖੜ੍ਹੇ ਹੋ ਕੇ ਦੋ ਮਿੰਟ ਲਈ ਮੌਨ ਧਾਰ ਕੇ ਕਿਸਾਨ ਮੋਰਚੇ ਦੇ ਸਮੂਹ ਸ਼ਹੀਦਾਂ ਦੀ ਕੁਰਬਾਨੀ ਨੂੰ ਸਿਜਦਾ ਕੀਤਾ ਗਿਆ। ਉਨ੍ਹਾਂ ਨੇ ਐਲਾਨ ਕੀਤਾ ਕਿ ਇਥੇ ਦਾ ਟੌਲ ਪਲਾਜ਼ਾ ਪੰਜਾਬ ਹਰਿਆਣੇ ਦੇ ਕਿਸਾਨਾਂ ਦੀ ਇਕਜੁੱਟ ਤਾਕਤ ਨਾਲ ਪੱਕੇ ਤੌਰ ’ਤੇ ਬੰਦ ਰਖਿਆ ਜਾਵੇਗਾ। ਕੱਲ ਨੂੰ ਡੱਬਵਾਲੀ ਤੋਂ ਤੁਰਨ ਵਾਲੇ ਕਾਫ਼ਲੇ ਵਲੋਂ ਵੀ ਫ਼ਤਿਹਾਬਾਦ ਰਾਤ ਠਹਿਰਨ ਵੇਲੇ ਸ਼ਾਮੀਂ ਹਰਿਆਣਵੀ ਕਿਸਾਨਾਂ ਨਾਲ ਸਾਂਝੀ ਰੈਲੀ ਕੀਤੀ ਜਾਵੇਗੀ ਅਤੇ ਅਗਲੇ ਦਿਨ ਦਿੱਲੀ ਵਲ ਕੂਚ ਕੀਤਾ ਜਾਵੇਗਾ। ਖ਼ਬਰ ਲਿਖੇ ਜਾਣ ਤਕ 100 ਤੋਂ ਵੱਧ ਟਰਾਲੀਆਂ ਤੇ ਹੋਰ ਵਹੀਕਲਾਂ ’ਚ ਸਵਾਰ ਕਿਸਾਨ ਰਸਤੇ ਵਿਚ ਪਿੱਛੇ ਆ ਰਹੇ ਸਨ।