ਟੁੱਟੀ ਸਾਈਕਲ ਮੋਢੇ ’ਤੇ ਚੁੱਕ ਕੇ ਟਿਕਰੀ ਬਾਰਡਰ ਪਹੁੰਚੀ ਸੰਗਰੂਰ ਦੀ ਸਾਈਕਲਿਸਟ ਬਲਜੀਤ ਕੌਰ

ਏਜੰਸੀ

ਖ਼ਬਰਾਂ, ਪੰਜਾਬ

ਟੁੱਟੀ ਸਾਈਕਲ ਮੋਢੇ ’ਤੇ ਚੁੱਕ ਕੇ ਟਿਕਰੀ ਬਾਰਡਰ ਪਹੁੰਚੀ ਸੰਗਰੂਰ ਦੀ ਸਾਈਕਲਿਸਟ ਬਲਜੀਤ ਕੌਰ

image

ਪਿਤਾ ਕਰਜ਼ੇ ਕਰ ਕੇ ਖ਼ੁਦਕੁਸ਼ੀ ਕਰ ਗਿਆ ਸੀ

ਸੰਗਰੂਰ, 26 ਦਸੰਬਰ (ਭੁੱਲਰ) : ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ’ਚ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਦੀ ਹਮਾਇਤ ਕਰਨ ਲਈ ਸੰਗਰੂਰ ਦੀ ਸਾਈਕਲਿਸਟ 18 ਸਾਲਾ ਬਲਜੀਤ ਕੌਰ 250 ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਸਾਈਕਲ ’ਤੇ ਟਿਕਰੀ ਬਾਰਡਰ ਪਹੁੰਚੀ।
   ਸਵੇਰੇ ਸਾਢੇ ਤਿੰਨ ਵਜੇ ਬਲਜੀਤ ਕੌਰ ਸੰਗਰੂਰ ਤੋਂ ਸਾਈਕਲ ’ਤੇ ਸਵਾਰ ਹੋ ਕੇ ਦਿੱਲੀ ਰਵਾਨਾ ਹੋਈ ਅਤੇ ਸ਼ਾਮ ਸਾਢੇ ਅੱਠ ਵਜੇ ਟਿਕਰੀ ਬਾਰਡਰ ’ਤੇ ਕਿਸਾਨਾਂ ਦੇ ਧਰਨਾ ਸਥਾਨ ’ਤੇ ਜਾ ਪਹੁੰਚੀ। ਬਾਰਡਰ ਤੋਂ ਕਰੀਬ ਦੋ ਕਿਲੋਮੀਟਰ ਦੂਰ ਬਲਜੀਤ ਦੇ ਸਾਈਕਲ ਦਾ ਚਿਮਟਾ ਟੁੱਟ ਗਿਆ, ਪਰ ਫਿਰ ਵੀ ਬਲਜੀਤ ਕੌਰ ਦੇ ਕਦਮ ਨਹੀਂ ਰੁਕੇ, ਸਗੋਂ ਮੋਢੇ ’ਤੇ ਅਪਣੀ ਸਾਈਕਲ ਚੁੱਕ ਕੇ ਦੋ ਕਿਲੋਮੀਟਰ ਪੈਦਲ ਚੱਲ ਕੇ ਬਲਜੀਤ ਬਾਰਡਰ ’ਤੇ ਪਹੁੰਚੀ। ਦਿੱਲੀ ਪਹੁੰਚ ਕੇ ਬਲਜੀਤ ਕੌਰ ਨੇ ਕਿਸਾਨਾਂ ਦੇ ਹੱਕ ’ਚ ਨਾਹਰਾ ਲਾ ਕੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨੀ ਤੇ ਕਿਸਾਨਾਂ ਨੂੰ ਬਚਾਉਣ ਖ਼ਾਤਰ ਖੇਤੀ ਕਾਨੂੰਨਾਂ ਨੂੰ ਤੁਰਤ ਰੱਦ ਕਰੋ। ਜੇਕਰ ਦੇਸ਼ ਦਾ ਅੰਨਦਾਤਾ ਹੀ ਨਹੀਂ ਬਚੇਗਾ ਤਾਂ ਦੇਸ਼ ਦਾ ਪੇਟ ਕੌਣ ਭਰੇਗਾ?
   ਸੰਗਰੂਰ ਦੇ ਕਰਤਾਰਪੁਰਾ ਬਸਤੀ ਦੀ ਨਿਵਾਸੀ 18 ਸਾਲਾ ਬਲਜੀਤ ਕੌਰ ਬੇਹੱਦ ਗ਼ਰੀਬ ਪਰਵਾਰ ਨਾਲ ਸਬੰਧਤ ਹੈ। ਪਿਤਾ ਤਿਤਰੀ ਸਿੰਘ ਨੇ ਸੰਨ 2016 ’ਚ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰ ਲਈ ਸੀ। ਮਾਂ ਲੋਕਾਂ ਦੇ ਘਰਾਂ ’ਚ ਕੰਮਕਾਜ ਕਰ ਕੇ ਆਪਣੇ ਪਰਵਾਰ ਦਾ ਪੇਟ ਪਾਲਦੀ ਹੈ। ਬਲਜੀਤ ਕੌਰ ਨੂੰ ਸਕੂਲ ਸਮੇਂ ਤੋਂ ਹੀ ਸਾਈਕਲ ਚਲਾਉਣ ਦਾ ਬੇਹੱਦ ਸ਼ੌਕ ਹੈ, ਜਿਸ ਦੀ ਬਦੌਲਤ ਉਸ ਨੇ ਸਾਈਕਲਿੰਗ ਨੂੰ ਹੀ ਅਪਣਾ ਜਨੂੰਨ ਬਣਾ ਲਿਆ ਹੈ। ਹੁਣ ਤਕ ਚਾਰ ਸੋਨ ਤਮਗ਼ੇ, ਦੋ ਚਾਂਦੀ ਤਮਗ਼ਿਆਂ ਸਮੇਤ ਕੁੱਲ 11 ਤਮਗ਼ੇ ਜਿੱਤ ਚੁੱਕੀ ਹੈ। ਬਲਜੀਤ ਨੇ ਕਿਹਾ ਕਿ ਅੱਜ ਕਿਸਾਨਾਂ ਨੂੰ ਦਿੱਲੀ ਦੀ ਜ਼ਮੀਨ ’ਤੇ ਆਪਣੇ ਹੱਕਾਂ ਖ਼ਾਤਰ ਸਰਦੀ ਦੇ ਦਿਨਾਂ ’ਚ ਦਿਨ-ਰਾਤ ਸੰਘਰਸ਼ ’ਤੇ ਬੈਠੇ ਇਕ ਮਹੀਨੇ ਦਾ ਸਮਾਂ ਹੋ ਗਿਆ ਹੈ। ਉਹ ਵੀ ਕਿਸਾਨਾਂ ਦੀ ਹਮਾਇਤ ਲਈ ਕੁਝ ਕਰਨਾ ਚਾਹੁੰਦੀ ਸੀ, ਜਿਸ ਲਈ ਉਸ ਨੂੰ ਉਸ ਦੀ ਮਾਂ ਪਰਮਜੀਤ ਕੌਰ ਨੇ ਦਿੱਲੀ ਜਾਣ ਲਈ ਉਤਸਾਹਿਤ ਕੀਤਾ, ਜਿਸ ਤੋਂ ਬਾਅਦ ਤੁਰਤ ਉਸ ਨੇ ਦਿੱਲੀ ਸਾਈਕਲ ’ਤੇ ਜਾਣ ਦਾ ਮਨ ਬਣਾ ਲਿਆ।
   ਉਹ ਤੇ ਉਸ ਦਾ ਮਾਸੀ ਦਾ ਲੜਕਾ ਜੋਤ ਸਿੰਘ ਦੋਵੇਂ ਸਾਈਕਲ ’ਤੇ ਸਵਾਰ ਹੋ ਕੇ ਸੰਗਰੂਰ ਤੋਂ ਸਾਢੇ ਤਿੰਨ ਵਜੇ ਦਿੱਲੀ ਨਿਕਲ ਪਏ। ਸੰਗਰੂਰ ਤੋਂ ਚੱਲ ਕੇ ਖਨੌਰੀ, ਜੀਂਦ, ਰੋਹਤਕ ਹੁੰਦੇ ਹੋਏ ਟੀਕਰੀ ਬਾਰਡਰ ਪਹੁੰਚੇ। ਰਸਤੇ ’ਚ ਲੋਕਾਂ ਨੇ ਜਗ੍ਹਾ-ਜਗ੍ਹਾ ਉਸ ਦਾ ਸਵਾਗਤ ਕੀਤਾ ਅਤੇ ਹੌਂਸਲਾ ਵਧਾਇਆ। ਲੋਕ ਸਾਈਕਲ ’ਤੇ ਉਸ ਨੂੰ ਵੇਖ ਕੇ ਕਾਫ਼ੀ ਹੈਰਾਨ ਸਨ, ਪਰ ਸਾਰਿਆਂ ਨੇ ਉਸ ਦੇ ਹੌਸਲੇ ਦੀ ਤਾਰੀਫ਼ ਕੀਤੀ। ਸ਼ਾਮ ਤਕ ਉਸ ਨੂੰ ਟਿੱਕਰੀ ਬਾਰਡਰ ਪਹੁੰਚਣਾ ਸੀ, ਪਰ ਦਿਨ ਢਲ ਗਿਆ ਅਤੇ ਟੀਕਰੀ ਬਾਰਡਰ ਪਹੁੰਚਣ ਤੋਂ ਪਹਿਲਾਂ ਹੀ ਉਸ ਦੇ ਸਾਈਕਲ ਦਾ ਚਿਮਟਾ ਟੁੱਟ ਗਿਆ। ਪਰ ਉਹ ਰੁਕੀ ਨਹੀਂ, ਆਸ-ਪਾਸ ਸਈਕਲ ਮੁਰੰਮਤ ਲਈ ਕੋਈ ਬੰਦੋਬਸਤ ਨਹੀਂ ਸੀ ਤਾਂ ਉਹ ਸਾਈਕਲ ਮੋਢੇ ’ਤੇ ਚੁੱਕ ਕੇ ਹੀ ਅੱਗੇ ਵਧੀ ਅਤੇ ਕਰੀਬ ਦੋ ਕਿਲੋਮੀਟਰ ਮੋਢੇ ’ਤੇ ਸਾਈਕਲ ਲੈ ਕੇ ਬਾਰਡਰ ’ਤੇ ਪਹੁੰਚੀ। ਰਸਤੇ ’ਚ ਕਈ ਲੋਕ ਮਦਦ ਲਈ ਅੱਗੇ ਆਏ ਤੇ ਸਾਈਕਲ ਖ਼ੁਦ ਚੁੱਕ ਕੇ ਲਿਜਾਣ ਦੀ ਗੱਲ ਵੀ ਆਖੀ, ਪਰ ਉਹ ਖ਼ੁਦ ਤੋਂ ਸਾਈਕਲ ਨੂੰ ਵੱਖ ਨਹੀਂ ਕਰ ਸਕਦੀ, ਕਿਉਂਕਿ ਇਹ ਸਾਈਕਲ ਹੀ ਉਸ ਦਾ ਜਜ਼ਬਾ ਤੇ ਹੌਸਲਾ ਹੈ। ਬਲਜੀਤ ਕੌਰ ਨੇ ਕਿਹਾ ਕਿ ਸਨਿਚਰਵਾਰ ਦਾ ਦਿਨ, ਉਹ ਟਿੱਕਰੀ ਬਾਰਡਰ ’ਤੇ ਲਗਾਏਗੀ। ਉਸ ਤੋਂ ਬਾਅਦ ਉਸ ਦੀ ਮਾਸੀ ਤੇ ਮਾਂ ਵੀ ਦਿੱਲੀ ’ਚ ਕਿਸਾਨਾਂ ਦੀ ਹਮਾਇਤ ਲਈ ਪਹੁੰਚਣਗੀਆਂ, ਜਿਸ ਤੋਂ ਬਾਅਦ ਉਹ ਸਿੰਘੂ ਬਾਰਡਰ ਤੋਂ ਹੁੰਦੇ ਹੋਏ ਕੁਝ ਦਿਨਾਂ ਬਾਅਦ ਸੰਗਰੂਰ ਵਾਪਸ ਪਰਤ ਜਾਵੇਗੀ।
ਫ਼ੋਟੋ : ਸੰਗਰੂਰ--ਸਾਈਕਲ