ਮੈਨੂੰ ਡਰਾਉਣ ਲਈ 70 ਹਜ਼ਾਰ ਦਾ ਜੁਰਮਾਨਾ ਲਗਾ ਕੇ ਢਾਬਾ ਤੱਕ ਬੰਦ ਕਰਵਾ ਦਿੱਤਾ ਗਿਆ- ਦਮਨਪ੍ਰੀਤ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ ਦੇ ਦਮਨਪ੍ਰੀਤ ਸਿੰਘ ਨੇ ਵਾਰਡ ਨੰਬਰ 17 ਵਿਚ ਭਾਜਪਾ ਦੇ ਸੀਨੀਅਰ ਆਗੂ ਮੇਅਰ ਰਵੀਕਾਂਤ ਸ਼ਰਮਾ ਨੂੰ ਮਾਤ ਦਿੱਤੀ ਹੈ।

AAP Leader Damanpreet Singh

ਚੰਡੀਗੜ੍ਹ (ਜਗਸੀਰ ਸਿੰਘ): ਚੰਡੀਗੜ੍ਹ ਨਗਰ ਨਿਗਮ ਚੋਣਾਂ ਵਿਚ ਭਾਜਪਾ ਨੂੰ ਵੱਡਾ ਝਟਕਾ ਲੱਗਿਆ ਹੈ। ਆਮ ਆਦਮੀ ਪਾਰਟੀ ਦੇ ਦਮਨਪ੍ਰੀਤ ਸਿੰਘ ਨੇ ਵਾਰਡ ਨੰਬਰ 17 ਵਿਚ ਭਾਜਪਾ ਦੇ ਸੀਨੀਅਰ ਆਗੂ ਮੇਅਰ ਰਵੀਕਾਂਤ ਸ਼ਰਮਾ ਨੂੰ ਮਾਤ ਦਿੱਤੀ ਹੈ। ਸ਼ਾਨਦਾਰ ਜਿੱਤ ਤੋਂ ਬਾਅਦ ਦਮਨਪ੍ਰੀਤ ਸਿੰਘ ਨੇ ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਕਿਹਾ ਕਿ ਚੰਡੀਗੜ੍ਹ ਵਿਚ ਗੰਦਗੀ ਸਭ ਤੋਂ ਵੱਡਾ ਮੁੱਦਾ ਹੈ ਅਤੇ ਹੁਣ ਇਸ ਗੰਦਗੀ ’ਤੇ ‘ਆਪ’ ਦਾ ਝਾੜੂ ਫੇਰਿਆ ਜਾਵੇਗਾ।

‘ਆਪ’ ਆਗੂ ਨੇ ਦੱਸਿਆ ਕਿ ਉਹਨਾਂ ਡਰਾਉਣ ਅਤੇ ਧਮਕਾਉਣ ਲਈ ਉਹਨਾਂ ਉੱਤੇ 70 ਹਜ਼ਾਰ ਜੁਰਮਾਨਾ ਲਗਾਇਆ ਗਿਆ ਅਤੇ ਉਹਨਾਂ ਦਾ ਢਾਬਾ ਬੰਦ ਕਰਵਾ ਦਿੱਤਾ ਗਿਆ ਪਰ ਲੋਕਾਂ ਨੇ ਸਾਨੂੰ ਪੂਰਾ ਸਹਿਯੋਗ ਦਿੱਤਾ। ਉਹਨਾਂ ਕਿਹਾ ਕਿ ਉਹਨਾਂ ਦੇ ਢਾਬੇ ਦੇ ਇੰਨੇ ਜ਼ਿਆਦਾ ਚਲਾਣ ਕੀਤੇ ਗਏ ਕਿ ਉਹਨਾਂ ਨੂੰ ਅਪਣਾ ਢਾਬਾ ਬੰਦ ਕਰਨਾ ਪਿਆ। ਇਸ ਦੇ ਲਈ ਵੀ ਉਹਨਾਂ ਦਾ ਧੰਨਵਾਦ ਕਿਉਂਕਿ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਅੱਜ ਮੈਂ ਇੱਥੇ ਨਹੀਂ ਹੁੰਦਾ। ਦਮਨਪ੍ਰੀਤ ਸਿੰਘ ਨੇ ਲਗਾਤਾਰ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ, ਉਹਨਾਂ ਕਿਹਾ ਕਿ ਮੇਰੇ ਕੋਲ ਜ਼ਮੀਨ ਨਹੀਂ ਹੈ ਪਰ ਜ਼ਮੀਰ ਹੈ।

ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਸਾਡੇ ਰੋਲ ਮਾਡਲ ਹਨ ਅਤੇ ਉਹਨਾਂ ਦੇ ਕੰਮਾਂ ਨੂੰ ਦੇਖਦਿਆਂ ਹੀ ਚੰਡੀਗੜ੍ਹ ਦੇ ਲੋਕਾਂ ਨੇ ਸਾਨੂੰ ਪਿਆਰ ਅਤੇ ਮਾਣ ਬਖ਼ਸ਼ਿਆ ਹੈ। ਉਹਨਾਂ ਕਿਹਾ ਕਿ ਸਭ ਤੋਂ ਪਹਿਲਾਂ ਦਿੱਲੀ ਦੀ ਤਰਜ਼ ’ਤੇ ਚੰਡੀਗੜ੍ਹ ਦੀ ਸਿੱਖਿਆ ਪ੍ਰਣਾਲੀ ਵਿਚ ਸੁਧਾਰ ਲਿਆਂਦਾ ਜਾਵੇਗਾ। ਇਸ ਤੋਂ ਬਾਅਦ ਸਿਹਤ ਅਤੇ ਹੋਰ ਖੇਤਰਾਂ ਵੱਲ ਧਿਆਨ ਦਿੱਤਾ ਜਾਵੇਗਾ। ਦਮਨਪ੍ਰੀਤ ਸਿੰਘ ਨੇ ਕਿਹਾ ਕਿ ਸਰਕਾਰੀ ਦਫ਼ਤਰਾਂ ਵਿਚ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਉਹਨਾਂ ਨੂੰ ਹਰ ਸਹੂਲਤ ਉਹਨਾਂ ਦੇ ਦਰਵਾਜ਼ੇ ਤੱਕ ਪਹੁੰਚਾਈ ਜਾਵੇਗੀ।

‘ਆਪ’ ਆਗੂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਨੌਜਵਾਨ ਉਮੀਦਵਾਰਾਂ ਨੂੰ ਟਿਕਟ ਦਿੱਤੀ ਹੈ, ਅਜਿਹਾ ਕਰਕੇ ਉਹਨਾਂ ਨੇ ਨਵੀਂ ਪਹਿਲ ਕੀਤੀ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਹਰ ਉਮੀਦਵਾਰ ਨੂੰ ਉਸ ਵਲੋਂ ਕੀਤੇ ਗਏ ਕੰਮਾਂ ਦੇ ਅਧਾਰ ’ਤੇ ਜ਼ਿੰਮੇਵਾਰੀ ਸੌਂਪੀ ਹੈ ਅਤੇ ਜਨਤਾ ਨੇ ਵੀ ਸਾਨੂੰ ਪੂਰਾ ਮਾਣ ਬਖ਼ਸ਼ਿਆ।ਦਮਨਪ੍ਰੀਤ ਸਿੰਘ ਨੇ ਕਿਹਾ ਕਿ ਜਨਤਾ ਬਦਲਾਅ ਚਾਹੁੰਦੀ ਸੀ ਅਤੇ ਹੁਣ ਉਹ ਅਪਣੇ ਵਾਰਡ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਨ ਲਈ ਦਿਨ ਰਾਤ ਕੰਮ ਕਰਨਗੇ।

ਉਹਨਾਂ ਦਾ ਕਹਿਣਾ ਹੈ ਕਿ ਅਸੀਂ ਪੰਜ ਸਾਲ ਬਾਅਦ ਵੋਟ ਮੰਗਣ ਨਹੀਂ ਜਾਵਾਂਗੇ। ਅਸੀਂ ਰਿਪੋਰਟ ਕਾਰਡ ਪੇਸ਼ ਕਰਾਂਗੇ, ਜੇਕਰ ਕੰਮ ਸਹੀ ਲੱਗੇ ਤਾਂ ਹੀ ਵੋਟ ਦਿਓ। ਪੰਜਾਬ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਜਿੱਤ ਦਾ ਦਾਅਵਾ ਕਰਦਿਆਂ ਦਮਨਪ੍ਰੀਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਚੰਡੀਗੜ੍ਹ ਦੀ ਤਰ੍ਹਾਂ ਪੰਜਾਬ ਦੇ ਲੋਕ ਵੀ ਉਹਨਾਂ ਦੇ ਹੱਕ ਵਿਚ ਫੈਸਲਾ ਸੁਣਾਉਣਗੇ।