BJP ਨਾਲ ਮਿਲ ਕੇ ਚੋਣਾਂ ਲੜਨਗੇ ਕੈਪਟਨ ਤੇ ਢੀਂਡਸਾ, ਸਾਂਝਾ ਹੋਵੇਗਾ ਮੈਨੀਫੈਸਟੋ
CM ਚਿਹਰੇ ਨੂੰ ਲੈ ਕੇ ਹਾਲੇ ਨਹੀਂ ਹੋਇਆ ਕੋਈ ਫ਼ੈਸਲਾ
ਚੰਡੀਗੜ੍ਹ : ਅੱਜ ਦਿੱਲੀ ਵਿਚ ਭਾਜਪਾ ਲੀਡਰ ਗਜੇਂਦਰ ਸ਼ੇਖਾਵਤ ਤੇ ਅਮਿਤ ਸਾਹ ਵੱਲੋਂ ਕੈਪਟਨ ਅਮਰਿੰਦਰ ਸਿੰਘ ਤੇ ਸੁਖਦੇਵ ਸਿੰਘ ਢੀਂਡਸਾ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਮਗਰੋਂ ਸ਼ੇਖਾਵਤ ਨੇ ਕਿਹਾ ਕਿ ਭਾਜਪਾ, ਕੈਪਟਨ ਦੀ ਅਗਵਾਈ ਵਾਲੀ ਲੋਕ ਕਾਂਗਰਸ ਪਾਰਟੀ ਤੇ ਸੁਖਦੇਵ ਢੀਂਡਸਾ ਦੀ ਪਾਰਟੀ ਅਕਾਲੀ ਦਲ ਸੰਯੁਕਤ ਨਾਲ ਮਿਲ ਕੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲੜਨਗੇ।
ਉਨ੍ਹਾਂ ਕਿਹਾ ਕਿ ਹਰ ਪਾਰਟੀ ਦੇ ਦੋ-ਦੋ ਮੈਂਬਰਾਂ ਦੀ ਇੱਕ ਕਮੇਟੀ ਬਣਾਈ ਜਾਵੇਗੀ। ਇਸ ਕਮੇਟੀ ਦਾ ਆਉਣ ਵਾਲੇ ਇੱਕ ਜਾਂ ਦੋ ਦਿਨਾਂ ਵਿਚ ਐਲਾਨ ਕੀਤਾ ਜਾਵੇਗਾ। ਤਿੰਨੋਂ ਪਾਰਟੀਆਂ ਜੁਆਇੰਟ ਮੈਨੀਫੈਸਟੋ ਬਣਾਉਣਗੀਆਂ ਤੇ ਇਹ ਮੈਨੀਫੈਸਟੋ ਪੰਜਾਬ ਦੇ ਸਿੱਖਾਂ, ਖੇਤੀ ਤੇ OBC ਦੇ ਵਿਸ਼ਿਆਂ ਤਹਿਤ ਬਣੇਗਾ। ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਅਜੇ ਕੋਈ ਬਿਆਨ ਨਹੀਂ ਸਾਹਮਣੇ ਆਇਆ। ਇਸ ਮੀਟਿੰਗ ਵਿਚ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਵੀ ਸ਼ਾਮਲ ਸਨ।
ਸੂਤਰਾਂ ਦੀ ਮੰਨੀਏ ਤਾਂ ਸੀਟ ਵੰਡ ਤੇ ਗਠਜੋੜ ਦੇ ਉਮੀਦਵਾਰਾਂ ਦੀਆਂ ਸੀਟਾਂ 'ਤੇ ਚਰਚਾ ਵੀ ਹੋਈ ਹੈ। ਕੁੱਲ 117 ਵਿਧਾਨ ਸਭਾ ਸੀਟਾਂ 'ਚੋਂ ਭਾਜਪਾ 70 ਤੋਂ 82 ਸੀਟਾਂ 'ਤੇ ਚੋਣ ਲੜ ਸਕਦੀ ਹੈ ਤੇ ਬਾਕੀ ਸੀਟਾਂ 'ਤੇ ਪਾਰਟੀ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਤੇ ਢੀਂਡਸਾ ਨਾਲ ਚੋਣ ਲੜਨਗੇ।