ਮੁੱਖ ਮੰਤਰੀ ਚੰਨੀ ਨੇ ਡੇਰਾ ਬਾਬਾ ਮੁਰਾਦ ਸ਼ਾਹ ਅਤੇ ਦਰਬਾਰ ਅਲਮਸਤ ਬਾਪੂ ਲਾਲ ਬਾਦਸ਼ਾਹ ਵਿਖੇ ਮੱਥਾ

ਏਜੰਸੀ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਚੰਨੀ ਨੇ ਡੇਰਾ ਬਾਬਾ ਮੁਰਾਦ ਸ਼ਾਹ ਅਤੇ ਦਰਬਾਰ ਅਲਮਸਤ ਬਾਪੂ ਲਾਲ ਬਾਦਸ਼ਾਹ ਵਿਖੇ ਮੱਥਾ ਟੇਕਿਆ

image

ਨਕੋਦਰ, 26 ਦਸੰਬਰ (ਪੱਤਰ ਪ੍ਰੇਰਕ): ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਇਥੇ ਡੇਰਾ ਬਾਬਾ ਮੁਰਾਦ ਸ਼ਾਹ ਅਤੇ ਦਰਬਾਰ ਅਲਮਸਤ ਬਾਪੂ ਲਾਲ ਬਾਦਸ਼ਾਹ ਵਿਖੇ ਮੱਥਾ ਟੇਕਿਆ ਅਤੇ ਪੰਜਾਬ ਤੇ ਪੰਜਾਬੀਆਂ ਦੀ ਤਰੱਕੀ ਅਤੇ ਖ਼ੁਸ਼ਹਾਲੀ ਲਈ ਕਾਮਨਾ ਕੀਤੀ। 
ਸ਼ਾਹਕੋਟ ਤੋਂ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਸਾਬਕਾ ਮੰਤਰੀ ਅਮਰਜੀਤ ਸਿੰਘ ਸਮਰਾ, ਸਾਬਕਾ ਵਿਧਾਇਕ ਕੰਵਲਜੀਤ ਸਿੰਘ ਲਾਲੀ ਆਦਿ ਆਗੂਆਂ ਸਮੇਤ ਡੇਰਾ ਬਾਬਾ ਮੁਰਾਦ ਸ਼ਾਹ ਪਹੁੰਚੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੱਥਾ ਟੇਕਦਿਆਂ ਪੰਜਾਬ ਦੀ ਹੋਰ ਬਿਹਤਰ ਢੰਗ ਨਾਲ ਸੇਵਾ ਕਰਨ ਲਈ ਦੁਆ ਕੀਤੀ। ਡੇਰੇ ਦੇ ਟਰੱਸਟੀਆਂ ਵਲੋਂ ਮੁੱਖ ਮੰਤਰੀ ਨੂੰ ਸ਼ਾਲ ਭੇਟ ਕੀਤਾ ਗਿਆ। ਇਸ ਦੌਰਾਨ ਮੁੱਖ ਮੰਤਰੀ ਚੰਨੀ ਨੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਆਈ ਸੰਗਤ ਨਾਲ ਮੁਲਾਕਾਤ ਅਤੇ ਗੱਲਬਾਤ ਵੀ ਕੀਤੀ। ਇਸ ਉਪਰੰਤ ਮੁੱਖ ਮੰਤਰੀ ਨੇ ਚਾਹ ਦਾ ਲੰਗਰ ਵੀ ਛਕਿਆ। ਇਸੇ ਦੌਰਾਨ ਮੁੱਖ ਮੰਤਰੀ ਚੰਨੀ ਨੇ ਦਰਬਾਰ ਅਲਮਸਤ ਬਾਪੂ ਲਾਲ ਬਾਦਸ਼ਾਹ ਵਿਖੇ ਵੀ ਮੱਥਾ ਟੇਕਿਆ। ਮੱਥਾ ਟੇਕਣ ਉਪਰੰਤ ਮੁੱਖ ਮੰਤਰੀ ਨੇ ਦਰਬਾਰ ਕੰਪਲੈਕਸ ਦਾ ਚੱਕਰ ਲਾਉਂਦਿਆਂ ਸੰਗਤ ਨਾਲ ਗੱਲਬਾਤ ਵੀ ਕੀਤੀ। ਮੁੱਖ ਮੰਤਰੀ ਨੇ ਦੋਵਾਂ ਧਾਰਮਿਕ ਸਥਾਨਾਂ ਲਈ 11-11 ਲੱਖ ਰੁਪਏ ਦੀ ਗਰਾਂਟ ਦਾ ਐਲਾਨ ਵੀ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਆਈ ਜੀ ਜਲੰਧਰ ਜ਼ੋਨ ਜੀ. ਐਸ. ਢਿੱਲੋਂ, ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ, ਐਸ.ਐਸ. ਜਲੰਧਰ ਦਿਹਾਤੀ ਸਤਿੰਦਰ ਸਿੰਘ ਅਤੇ  ਕਾਂਗਰਸੀ ਆਗੂ ਨਵਜੋਤ ਦਹੀਆ, ਅਸ਼ਵਨ ਭੱਲਾ, ਸੋਨੂੰ ਢੇਸੀ, ਹਨੀ ਜੋਸ਼ੀ, ਸੁਖਵਿੰਦਰ ਕੋਟਲੀ, ਅੰਮ੍ਰਿਤਪਾਲ ਭੌਂਸਲੇ ਆਦਿ ਮੌਜੂਦ ਸਨ।