ਥਾਣੇਦਾਰ' 'ਤੇ ਬਿਆਨ ਦੇ ਕੇ ਫਸੇ ਨਵਜੋਤ ਸਿੱਧੂ,  DSP ਚੰਦੇਲ ਨੇ ਕੀਤਾ ਮਾਣਹਾਨੀ ਦਾ ਕੇਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੰਡੀਗੜ੍ਹ ਦੇ ਡੀ.ਐਸ.ਪੀ. ਦਿਲਸ਼ੇਰ ਸਿੰਘ ਚੰਦੇਲ ਨੇ ਨਵਜੋਤ ਸਿੱਧੂ ਵਿਰੁੱਧ ਮਾਨਹਾਨੀ ਦਾ ਕੇਸ ਦਰਜ ਕਰਵਾਇਆ ਹੈ।

DSP Chandel files defamation suit against Navjot Sidhu

ਚੰਡੀਗੜ੍ਹ : ਬੀਤੇ ਦਿਨੀਂ ਨਵਜੋਤ ਸਿੱਧੂ ਵਲੋਂ ਪੁਲਿਸ ਬਾਰੇ ਟਿੱਪਣੀ ਕਰਨੀ ਹੁਣ ਉਨ੍ਹਾਂ ਨੂੰ ਮਹਿੰਗੀ ਪੈਂਦੀ ਨਜ਼ਰ ਆ ਰਹੀ ਹੈ। ਹੁਣ ਇਸ ਮਾਮਲੇ ਵਿਚ ਚੰਡੀਗੜ੍ਹ ਦੇ ਡੀ.ਐਸ.ਪੀ. ਦਿਲਸ਼ੇਰ ਸਿੰਘ ਚੰਦੇਲ ਨੇ ਨਵਜੋਤ ਸਿੱਧੂ ਵਿਰੁੱਧ ਮਾਨਹਾਨੀ ਦਾ ਕੇਸ ਦਰਜ ਕਰਵਾਇਆ ਹੈ। ਦਰਅਸਲ ਨਵਜੋਤ ਸਿੱਧੂ ਵਲੋਂ ਇਕ ਰੈਲੀ ਦੌਰਾਨ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਹੱਕ ਵਿਚ ਰੈਲੀ ਕਰਦਿਆਂ ਹੋਇਆਂ ਥਾਣੇਦਾਰ ਸਬੰਧੀ ਇੱਕ ਬਿਆਨ ਦਿਤਾ ਸੀ। ਇਸ ਤੋਂ ਮਗਰੋਂ ਵਿਰੋਧੀ ਧਿਰਾਂ ਵਲੋਂ ਵੀ ਲਗਾਤਾਰ ਸਿੱਧੂ 'ਤੇ ਸਵਾਲ ਚੁੱਕੇ ਜਾ ਰਹੇ ਸਨ ਕਿ ਨਵਜੋਤ ਸਿੱਧੂ ਇਸ ਤਰ੍ਹਾਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਬਾਰੇ ਅਜਿਹੀ ਸ਼ਬਦਾਵਲੀ ਕਿਵੇਂ ਵਰਤ ਸਕਦੇ ਹਨ। 

ਦੱਸ ਦੇਈਏ ਕਿ ਕਾਂਗਰਸੀ ਵਿਧਾਇਕ ਨਵਤੇਜ ਚੀਮਾ ਦੀ ਹਮਾਇਤ ਦੇ ਜੋਸ਼ 'ਚ ਸਿੱਧੂ ਨੇ ਕਿਹਾ ਕਿ ਜੇਕਰ ਚੀਮਾ ਨੇ ਖੰਗੂਰਾ ਵੀ ਮਾਰਿਆ ਤਾਂ ਥਾਣੇਦਾਰ ਪੈਂਟ ਗਿੱਲੀ ਕਰ ਦੇਣਗੇ। ਜਿਸ ਤੋਂ ਬਾਅਦ ਪੁਲਿਸ ਫ਼ੋਰਸ 'ਚ ਸਿੱਧੂ ਖ਼ਿਲਾਫ਼ ਗੁੱਸਾ ਪਾਇਆ ਜਾ ਰਿਹਾ ਹੈ। ਇਸ ਸਬੰਧੀ ਡੀਐਸਪੀ ਦਿਲਸ਼ੇਰ ਸਿੰਘ ਚੰਦੇਲ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਸੀ ਜਿਸ ਵਿਚ ਸਭ ਤੋਂ ਪਹਿਲਾਂ ਆਪਣੀ ਸ਼ਾਇਰੀ ਦੇ ਅੰਦਾਜ਼ ਵਿੱਚ ਸਿੱਧੂ ਨੂੰ ਜਵਾਬ ਦਿੱਤਾ।

ਚੰਦੇਲ ਨੇ ਕਿਹਾ, 'ਸਿਆਸਤ ਦੇ ਰੰਗਾਂ 'ਚ ਇਨ੍ਹਾਂ ਨਾ ਡੁੱਬੋ ਕਿ ਸੂਰਬੀਰਾਂ ਦੀ ਸ਼ਹਾਦਤ ਵੀ ਯਾਦ ਨਾ ਆਉਣ, ਜ਼ੁਬਾਨ ਦਾ ਵਾਅਦਾ ਯਾਦ ਰੱਖੋ, ਜ਼ੁਬਾਨ ਦੇ ਬੋਲ ਯਾਦ ਰੱਖੋ।' ਇਸ ਤੋਂ ਬਾਅਦ ਚੰਦੇਲ ਨੇ ਕਿਹਾ ਕਿ 2-3 ਦਿਨਾਂ ਤੋਂ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਸਿੱਧੂ ਆਪਣੇ ਸਾਥੀ ਨੂੰ ਪੁਲਿਸ ਬਾਰੇ ਇਤਰਾਜ਼ਯੋਗ ਗੱਲਾਂ ਕਹਿ ਰਹੇ ਹਨ।

ਇਹ ਬਹੁਤ ਹੀ ਸ਼ਰਮ ਦੀ ਗੱਲ ਹੈ ਕਿ ਸੀਨੀਅਰ ਆਗੂ ਅਜਿਹੇ ਸ਼ਬਦ ਕਹਿ ਕੇ ਫੋਰਸ ਦਾ ਅਪਮਾਨ ਕਰਦੇ ਹਨ। ਇਹ ਫੋਰਸ ਉਨ੍ਹਾਂ ਦੇ ਪਰਿਵਾਰ ਸਮੇਤ ਉਨ੍ਹਾਂ ਦੀ ਰੱਖਿਆ ਕਰਦੀ ਹੈ। ਜੇ ਅਜਿਹਾ ਹੈ ਤਾਂ ਫੋਰਸ ਵਾਪਸ ਕਰੋ ਅਤੇ ਇਕੱਲੇ ਘੁੰਮੋ। ਸਿੱਧੂ ਆਪਣੇ ਨਾਲ 20 ਬੰਦਿਆਂ ਦੀ ਕੰਪਨੀ ਨਾਲ ਸਫ਼ਰ ਕਰਦਾ ਹੈ। ਜੇਕਰ ਫ਼ੋਰਸ ਨਾ ਹੋਵੇ ਤਾਂ ਰਿਕਸ਼ੇਵਾਲਾ ਵੀ ਗੱਲ ਨਹੀਂ ਸੁਣਦਾ।

ਉਨ੍ਹਾਂ ਸਿੱਧੂ ਦੇ ਸ਼ਬਦਾਂ ਦੀ ਨਿਖੇਧੀ ਕਰਦਿਆਂ ਪੰਜਾਬ, ਚੰਡੀਗੜ੍ਹ ਅਤੇ ਦੇਸ਼ ਦੀ ਪੁਲਿਸ ਵਲੋਂ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਪੁਲਿਸ ਦੀ ਜ਼ਮੀਰ ਵੀ ਹੈ ਤੇ ਸਤਿਕਾਰ ਵੀ | ਇਸ ਨੂੰ ਕਾਇਮ ਰੱਖਣਾ ਸਾਡੀ ਜ਼ਿੰਮੇਵਾਰੀ ਹੈ। ਮੈਂ ਸਿੱਧੂ ਦਾ ਧੰਨਵਾਦ ਕਰਦਾ ਹਾਂ ਕਿ ਉਸਨੇ ਪੂਰੀ ਪੁਲਿਸ ਫੋਰਸ ਨੂੰ ਸ਼ਰਮਸਾਰ ਕਰ ਦਿੱਤਾ ਹੈ।
ਨਵਜੋਤ ਸਿੱਧੂ ਵਿਵਾਦਿਤ ਭਾਸ਼ਣ ਨੂੰ ਲੈ ਕੇ ਕਈ ਵਾਰ ਘਿਰ ਚੁੱਕੇ ਹਨ।