ਮਜੀਠੀਆ ਖ਼ਿਲਾਫ਼ FIR ਸਿੱਧੂ ਦੇ ਕਹਿਣ 'ਤੇ ਨਹੀਂ ਸਗੋਂ ਆਪਣੇ ਗੁਨਾਹਾਂ ਕਰਕੇ ਹੋਈ: ਸੁਖਜਿੰਦਰ ਰੰਧਾਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਝੂਠੀਆਂ ਸਹੁੰਆਂ ਖਾਣ ਵਾਲੇ ਕੈਪਟਨ ਨੂੰ ਰੱਬ ਕੋਲੋਂ ਸਜ਼ਾ ਜ਼ਰੂਰ ਮਿਲੇਗੀ'

Sukhjinder Singh Randhawa

ਗੋਇੰਦਵਾਲ ਸਾਹਿਬ (ਲੰਕੇਸ਼ ਤ੍ਰਿਖਾ): ਪੰਜਾਬ ਦੇ ਉੱਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਐਸਟੀਐਫ ਦੀ ਰਿਪੋਰਟ ਵਿਚ ਸਪੱਸ਼ਟ ਲਿਖਿਆ ਗਿਆ ਹੈ ਕਿ ਬਿਕਰਮ ਸਿੰਘ ਮਜੀਠੀਆ ਦੀ ਤੁਰੰਤ ਜਾਂਚ ਹੋਣੀ ਚਾਹੀਦੀ ਹੈ ਪਰ ਕੈਪਟਨ ਅਮਰਿੰਦਰ ਸਿੰਘ ਇਸ ਦੀ ਜਾਂਚ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਇਸ ਦੇ ਉਲਟ ਉਹ ਹਾਈ ਕੋਰਟ ਵਿਚ ਤਰੀਕਾਂ ਹੀ ਲੈਂਦੇ ਰਹੇ। ਰੰਧਾਵਾ ਨੇ ਕਿਹਾ ਕਿ ਚਾਚੇ ਨੇ ਅਪਣੇ ਭਤੀਜੇ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਡਿਪਟੀ ਸੀਐਮ ਨੇ ਕਿਹਾ ਕਿ ਅਸੀਂ ਕਾਨੂੰਨ ਤੋਂ ਬਾਹਰ ਨਹੀਂ ਚੱਲ ਰਹੇ ਅਸੀਂ ਕਾਨੂੰਨ ਅਨੁਸਾਰ ਚੱਲ ਰਹੇ ਹਨ।

ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਮਜੀਠੀਆ ਖਿਲਾਫ਼ ਕਾਰਵਾਈ ਕਿਸੇ ਦੇ ਕਹਿਣ ਉੱਤੇ ਨਹੀਂ ਹੋਈ ਅਤੇ ਨਾ ਹੀ ਕਦੀ ਕਿਸੇ ਦੇ ਕਹਿਣ ਤੇ ਹੋਵੇਗੀ, ਉਹਨਾਂ ਕਿਹਾ ਕਿ ਸਭ ਕੁਝ ਕਾਨੂੰਨ ਮੁਤਾਬਕ ਹੁੰਦਾ ਹੈ। ਸ਼੍ਰੋਮਣੀ ਅਕਾਲੀ ਦਲ ਵਲੋਂ ਲਗਾਏ ਜਾ ਰਹੇ ਇਲਜ਼ਾਮਾਂ ਬਾਰੇ ਗੱਲ ਕਰਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਉਹਨਾਂ ਉੱਤੇ ਕਈ ਇਲਜ਼ਾਮ ਲੱਗੇ ਅਤੇ ਉਹਨਾਂ ਖਿਲਾਫ਼ ਕੋਰਟ ਕੇਸ ਵੀ ਕੀਤਾ ਗਿਆ ਕਿ ਉਹਨਾਂ ਦੇ ਗੈਂਗਸਟਰਾਂ ਨਾਲ ਸਬੰਧ ਹਨ। ਰੰਧਾਵਾ ਦਾ ਕਹਿਣਾ ਹੈ ਕਿ ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਉਹਨਾਂ ਨੇ ਗੈਂਗਸਟਰਾਂ ਨੂੰ ਨੱਥ ਪਾਉਣ ਦੀ ਕੋਸ਼ਿਸ਼ ਕੀਤੀ ਸੀ।

ਸੁਖਜਿੰਦਰ ਰੰਧਾਵਾ ਨੇ ਦੱਸਿਆ ਕਿ ਬਿਕਰਮ ਮਜੀਠੀਆ ਅਤੇ ਉਸ ਦੇ ਸਾਥੀਆਂ ਨੇ ਉਹਨਾਂ ਖਿਲਾਫ਼ ਕੇਸ ਵੀ ਕੀਤਾ, ਅਦਾਲਤ ਨੇ ਇਸ ਕੇਸ ਵਿਚ ਸੁਖਜਿੰਦਰ ਰੰਧਾਵਾ ਨੂੰ ਬਾਇੱਜ਼ਤ ਬਰੀ ਵੀ ਕੀਤਾ। ਸੁਖਜਿੰਦਰ ਰੰਧਾਵਾ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਖਿਲਾਫ਼ ਜਾਂਚ ਵੀ ਕਰਵਾਈ ਸੀ ਅਤੇ ਉਹਨਾਂ ਨੇ ਇਸ ਜਾਂਚ ਦਾ ਸਵਾਗਤ ਵੀ ਕੀਤਾ ਸੀ, ਉਹ ਮਜੀਠੀਆ ਦੀ ਤਰ੍ਹਾਂ ਜਾਂਚ ਤੋਂ ਭੱਜੇ ਨਹੀਂ। ਨਵਜੋਤ ਸਿੱਧੂ ਵਲੋਂ ਪੰਜਾਬ ਪੁਲਿਸ ਨੂੰ ਲੈ ਕੇ ਦਿੱਤੇ ਵਿਵਾਦਤ ਬਿਆਨ ਬਾਰੇ ਰੰਧਾਵਾ ਨੇ ਕਿਹਾ ਕਿ ਪੰਜਾਬ ਪੁਲਿਸ ਦੀ ਇਮਾਨਦਾਰੀ ਉੱਤੇ ਕੋਈ ਵੀ ਸ਼ੱਕ ਨਹੀਂ ਕਰ ਸਕਦਾ।

ਉਹਨਾਂ ਕਿਹਾ ਕਿ ਪੰਜਾਬ ਪੁਲਿਸ ਨੇ ਅਤਿਵਾਦ ਦਾ ਖਾਤਮਾ ਕੀਤਾ, ਪੰਜਾਬ ਪੁਲਿਸ ਵਿਚ ਕਈ ਇਮਾਨਦਾਰ ਅਤੇ ਨਿਡਰ ਅਫ਼ਸਰ ਹਨ ਜੋ ਪੰਜਾਬ ਵਿਚ ਨਸ਼ਿਆਂ ਦਾ ਖਾਤਮਾ ਕਰਨ ਲਈ ਦਿਨ ਰਾਤ ਕੰਮ ਕਰ ਰਹੇ ਹਨ। ਪੰਜਾਬ ਪੁਲਿਸ ਬਾਰੇ ਗਲਤ ਬਿਆਨ ਦੇਣਾ ਬਹੁਤ ਹੀ ਮੰਦਭਾਗਾ ਹੈ। ਭਾਜਪਾ, ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਵਿਚਾਲੇ ਹੋਏ ਸਮਝੌਤੇ ਬਾਰੇ ਰੰਧਾਵਾ ਨੇ ਕਿਹਾ ਕਿ ਕੈਪਟਨ ਸਾਬ੍ਹ ਦਾ ਦੋ ਸਾਲ ਪਹਿਲਾਂ ਹੀ ਸਫਾਇਆ ਕਰ ਦੇਣਾ ਚਾਹੀਦਾ ਸੀ, ਉਹਨਾਂ ਨੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ। ਉਹਨਾਂ ਨੂੰ ਝੂਠੀਆਂ ਸਹੁੰਆਂ ਖਾਣ ਦੀ ਸਜ਼ਾ ਜ਼ਰੂਰ ਮਿਲੇਗੀ।

ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਾਢੇ 19 ਸਾਲ ਕਾਂਗਰਸ ਵਿਚ ਵੱਡੇ ਅਹੁਦਿਆਂ ਉੱਤੇ ਰਹੇ ਪਰ ਬਹੁਤ ਦੁੱਖ ਦੀ ਗੱਲ ਹੈ ਕਿ ਜਦੋਂ ਉਹ ਗਵਰਨਰ ਕੋਲ ਅਪਣਾ ਅਸਤੀਫਾ ਦੇਣ ਗਏ ਤਾਂ ਉਹ ਪੰਜ ਬੰਦੇ ਵੀ ਇਕੱਠੇ ਨਹੀਂ ਕਰ ਸਕੇ। ਇਸ ਤੋਂ ਵੱਡੀ ਬੇਇੱਜ਼ਤੀ ਵਾਲੀ ਗੱਲ ਕੀ ਹੋ ਸਕਦੀ ਹੈ। ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਉਹ ਹਾਈ ਕਮਾਂਡ ਦੇ ਆਦੇਸ਼ ਅਨੁਸਾਰ ਚੱਲਦੇ ਹਨ, ਜਿੱਥੋਂ ਉਹਨਾਂ ਨੂੰ ਚੋਣ ਲੜਨ ਲਈ ਕਿਹਾ ਜਾਵੇਗਾ ਉਹ ਉੱਥੋਂ ਹੀ ਲੜਨਗੇ। ਉਹਨਾਂ ਕਿਹਾ ਕਿ ਅੱਜ ਤੱਕ ਕਾਂਗਰਸ ਵਿਚ ਟਿਕਟਾਂ ਦਾ ਫੈਸਲਾ ਹਾਈ ਕਮਾਂਡ ਵਲੋਂ ਲਿਆ ਗਿਆ ਹੈ। ਕਿਸਾਨ ਜਥੇਬੰਦੀਆਂ ਵਲੋਂ ਬਣਾਈ ਗਈ ਸਿਆਸੀ ਪਾਰਟੀ ਬਾਰੇ ਰੰਧਾਵਾ ਨੇ ਕਿਹਾ ਕਿ ਜੇਕਰ ਉਹਨਾਂ ਨੇ ਚੋਣ ਹੀ ਲੜਨੀ ਸੀ ਫਿਰ ਉਹਨਾਂ ਨੂੰ ਕਿਸਾਨ ਅੰਦੋਲਨ ਦੌਰਾਨ ਇਹ ਨਹੀਂ ਸੀ ਕਹਿਣਾ ਚਾਹੀਦਾ ਕਿ ਇੱਥੇ ਸਿਆਸੀ ਆਗੂ ਨਾ ਆਉਣ। ਉਹਨਾਂ ਨੂੰ ਹੋਰ ਪਾਰਟੀਆਂ ਨੂੰ ਵੀ ਅਪਣੇ ਵਿਚਾਰ ਉੱਥੇ ਰੱਖਣ ਦੀ ਇਜਾਜ਼ਤ ਦੇਣੀ ਚਾਹੀਦੀ ਸੀ। ਪੰਜਾਬ ਦੇ ਲੋਕ ਬਹੁਤ ਸੂਝਵਾਨ ਹਨ, ਉਹ ਯੋਗ ਪਾਰਟੀ ਨੂੰ ਹੀ ਸਮਰਥਨ ਦੇਣਗੇ।  

ਕੇਂਦਰੀ ਸੁਧਾਰ ਘਰ ਗੋਇੰਦਵਾਲ ਸਾਹਿਬ ਦਾ ਉਦਘਾਟਨ ਕਰਨ ਮਗਰੋਂ ਪੰਜਾਬ ਦੇ ਉੱਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਲੋਕ ਅਣਜਾਣੇ ਵਿਚ ਗਲਤੀਆਂ ਕਰ ਲੈਂਦੇ ਹਨ ਅਤੇ ਉਹਨਾਂ ਨੂੰ ਸੁਧਾਰਨਾ ਸਾਡਾ ਕੰਮ ਹੈ। ਉਹਨਾਂ ਕਿਹਾ ਕਿ ਜੇਲ੍ਹ ਵਿਚ ਕੈਦ ਲੋਕਾਂ ਨੂੰ ਅਜਿਹਾ ਮਾਹੌਲ ਦੇਣਾ ਚਾਹੀਦਾ ਹੈ ਤਾਂ ਜੋ ਉਹਨਾਂ ਵਿਚ ਸੁਧਾਰ ਆਵੇ ਅਤੇ ਉਹ ਦੁਬਾਰਾ ਕੋਈ ਅਪਰਾਧ ਕਰਨ ਬਾਰੇ ਨਾ ਸੋਚਣ। ਇਸੇ ਲਈ ਜੇਲ੍ਹ ਨੂੰ ਸੁਧਾਰ ਘਰ ਬਣਾਇਆ ਗਿਆ ਹੈ।
ਸੁਖਜਿੰਦਰ ਰੰਧਾਵਾ ਨੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਜੇਲ੍ਹ ਵਿਚ ਬੰਦ ਕੈਦੀਆਂ ਵਿਚੋਂ 90 ਫੀਸਦ ਕੈਦੀ ਨਸ਼ੇ ਦੇ ਮਾਮਲਿਆਂ ਵਿਚ ਗ੍ਰਿਫ਼ਤਾਰ ਕੀਤੇ ਗਏ ਹਨ। ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਗੂਰੂਆਂ ਪੀਰਾਂ ਦੀ ਵਰੋਸਾਈ ਧਰਤੀ ਹੈ ਅਤੇ ਇਸ ਦਾ ਨਸ਼ਿਆਂ ਦੀ ਦਲਦਲ ਵਿਚ ਫਸ ਜਾਣਾ ਬਹੁਤ ਹੀ ਮੰਦਭਾਗਾ ਹੈ।