ਡਿਊਟੀ ’ਤੇ ਤਾਇਨਾਤ ASI ਨੂੰ ਹੀਟਰ ਤੋਂ ਲੱਗਿਆ ਕਰੰਟ, ਮੌਤ
ਏ. ਐੱਸ. ਆਈ. ਨੂੰ ਬਚਾਉਣ ਦੀ ਕੋਸ਼ਿਸ਼ 'ਚ ਹੀਟਰ ਦੀਆਂ ਤਾਰਾਂ ਨੂੰ ਹਟਾਇਆ ਅਤੇ ਪਾਣੀ ਪਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਵੇਲੇ ਤੱਕ ਉਸ ਦੀ ਮੌਤ ਹੋ ਚੁੱਕੀ ਸੀ..
ਹੁਸ਼ਿਆਰਪੁਰ: ਤੜਕਸਾਰ ਪੁਲਿਸ ਲਾਇਨ ਗੇਟ ਤੋਂ ਡਿਊਟੀ ਦੇ ਰਹੇ ਏ. ਐੱਸ. ਆਈ. ਦੀ ਹੀਟਰ ਤੋਂ ਕਰੰਟ ਲੱਗਣ ਕਾਰਨ ਮੌਤ ਹੋ ਜਾਣ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਏ. ਐੱਸ. ਆਈ. ਪਰਨਾਮ ਸਿੰਘ ਪੁੱਤਰ ਚਰਨ ਦਾਸ ਵਾਸੀ ਨੰਗਲ ਖ਼ੁਰਦ ਪੁਲਿਸ ਲਾਈਨ ’ਚ ਡਿਊਟੀ ਦੇ ਰਿਹਾ ਸੀ।
ਅੱਜ ਸਵੇਰੇ ਡਿਊਟੀ ਦੌਰਾਨ ਏ. ਐੱਸ. ਆਈ. ਨੂੰ ਹੀਟਰ ਤੋਂ ਕਰੰਟ ਲੱਗ ਗਿਆ ਅਤੇ ਉਸ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਨਾਨਕ ਸਿੰਘ ਨੇ ਦੱਸਿਆ ਕਿ ਜਦੋਂ ਹੋਰ ਮੁਲਾਜ਼ਮ ਡਿਊਟੀ 'ਤੇ ਤਾਇਨਾਤ ਹੋਣ ਲਈ ਪੁਲਿਸ ਲਾਈਨ ਗੇਟ 'ਤੇ ਪਹੁੰਚੇ ਤਾਂ ਉਨ੍ਹਾਂ ਨੇ ਏ. ਐੱਸ. ਆਈ. ਦੇ ਸਰੀਰ ਨੂੰ ਅੱਗ ਲੱਗੀ ਦੇਖੀ ਤੇ ਫੋਨ ਕਰ ਕੇ ਘਟਨਾ ਦੀ ਜਾਣਕਾਰੀ ਸਾਨੂੰ ਦਿੱਤੀ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਉਕਤ ਮੁਲਾਜ਼ਮ ਨੇ ਏ. ਐੱਸ. ਆਈ. ਨੂੰ ਬਚਾਉਣ ਦੀ ਕੋਸ਼ਿਸ਼ 'ਚ ਹੀਟਰ ਦੀਆਂ ਤਾਰਾਂ ਨੂੰ ਹਟਾਇਆ ਅਤੇ ਪਾਣੀ ਪਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਵੇਲੇ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤੀ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਗੱਲਬਾਤ ਕਰਦਿਆਂ ਮ੍ਰਿਤਕ ਏ. ਐੱਸ. ਆਈ. ਦੇ ਮੁੰਡੇ ਨੇ ਦੱਸਿਆ ਕਿ ਸਾਨੂੰ ਸਵੇਰੇ 6 ਵਜੇ ਦੇ ਕਰੀਬ ਫੋਨ ਆਇਆ ਸੀ ਉਸ ਦੇ ਪਿਤਾ ਨੂੰ ਡਿਊਟੀ ਦੌਰਾਨ ਕਰੰਟ ਲੱਗਾ ਹੈ। ਜਦੋਂ ਸੂਚਨਾ ਮਿਲਣ 'ਤੇ ਪੁਲਿਸ ਲਾਈਨ ਪਹੁੰਚੇ ਤਾਂ ਉਨ੍ਹਾਂ ਦਾ ਸਰੀਰ ਪੂਰੀ ਤਰ੍ਹਾਂ ਝੁਲਸ ਚੁੱਕਿਆ ਸੀ ਤੇ ਕਰੰਟ ਲੱਗਣ ਕਾਰਨ ਮੌਤ ਹੋ ਗਈ ਸੀ।