26 ਜਨਵਰੀ ਨੂੰ 12 ਵਜੇ ਹੋਵੇਗੀ ਨਵਜੋਤ ਸਿੰਘ ਸਿੱਧੂ ਦੀ ਰਿਹਾਈ, ਜ਼ੋਰਾਂ ’ਤੇ ਤਿਆਰੀਆਂ

ਏਜੰਸੀ

ਖ਼ਬਰਾਂ, ਪੰਜਾਬ

500 ਕਾਰਾਂ ਦੇ ਕਾਫ਼ਲੇ ਲਈ ਰਾਹੁਲ-ਪ੍ਰਿਯੰਕਾ ਦੇ ਪੋਸਟਰ ਛਪਵਾਏ

Navjot Singh Sidhu will be released on January 26 at 12 o'clock, preparations are in full swing

ਚੰਡੀਗੜ੍ਹ  (ਜੀ.ਸੀ. ਭਾਰਦਵਾਜ): ਪਿਛਲੇ ਸਾਢੇ 8 ਮਹੀਨੇ ਤੋਂ ਪਟਿਆਲਾ ਜੇਲ ਵਿਚ ਕਤਲ ਦੇ ਮਾਮਲੇ ਵਿਚ ਸਜ਼ਾ ਕੱਟ ਰਹੇ ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਗਣਤੰਤਰ ਦਿਵਸ 26 ਜਨਵਰੀ ਨੂੰ ਰਿਹਾਈ ਮੌਕੇ ਪੰਜਾਬ ਦੇ ਪਾਰਟੀ ਨੇਤਾਵਾਂ, ਸਾਬਕਾ ਪ੍ਰਧਾਨਾਂ ਤੇ ਸਾਬਕਾ ਵਿਧਾਇਕਾਂ ਨੇ ਹਾਈਕਮਾਂਡ ਦੀ ਸਹਿਮਤੀ ਨਾਲ ਜਸ਼ਨਾਂ ਦੀ ਤਿਆਰੀ ਲਗਭਗ ਪੂਰੀ ਕਰ ਲਈ ਹੈ।

ਉਸ ਦਿਨ ਦੇ 12 ਵਜੇ ਦੇ ਕਰੀਬ ਜੇਲ ਤੋਂ ਰਿਹਾਈ ਵੇਲੇ ਫੁੱਲਾਂ ਦੇ ਹਾਰ, 500 ਕਾਰਾਂ ਦਾ ਇੰਤਜ਼ਾਮ, ਹਜ਼ਾਰਾਂ ਹੀ ਪੋਸਟਰਾਂ ਦੀ ਛਪਾਈ ਅਤੇ ਢੋਲ ਢਮੱਕੇ ਤੇ ਹੋਰ ਬੈਂਡ ਵਾਜਿਆਂ ਦਾ ਇੰਤਜ਼ਾਮ ਕੀਤਾ ਗਿਆ ਹੈ। ਇਕ ਸਾਬਕਾ ਵਿਧਾਇਕ ਜਿਸ ਦੇ ਬੇਟੇ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਕਾਂਗਰਸ ਵਿਚ ਮੌਜੂਦਾ ਪ੍ਰਧਾਨ, ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਰਟੀ ਵਿਚੋਂ ਕੱਢ ਦਿਤਾ ਹੈ, ਨੇ ਇਕੱਲਿਆਂ 100 ਤੋਂ ਵੱਧ ਕਾਰਾਂ ਤੇ ਹੋਰ ਗੱਡੀਆਂ ਦਾ ਇੰਤਜ਼ਾਮ ਕਰਨ ਦਾ ਜ਼ਿੰਮਾ ਲਿਆ ਹੈ।

ਪੰਜਾਬ ਕਾਂਗਰਸ ਦੇ ਅੰਦਰੂਨੀ ਸੂਤਰਾਂ ਨੇ ਰੋਜ਼ਾਨਾ ਸਪੋਕਸਮੈਨ ਨੇ ਦਸਿਆ ਕਿ ਕੁੱਝ ਦਿਨ ਪਹਿਲਾਂ 18 ਕਾਂਗਰਸੀ ਲੀਡਰਾਂ ਨੇ ਸਿੱਧੂ ਦੇ ਵਕੀਲ ਰੋਹਿਤ ਦੀ ਅਗਵਾਈ ਵਿਚ ਚੰਡੀਗੜ੍ਹ ਦੇ ਹੋਟਲ ਸਵਾਗਤ ਵਿਚ ਦੁਪਹਿਰ ਦੇ ਖਾਣੇ ਤੇ ਪਟਿਆਲਾ ਵਿਚ ਸਿੱਧੂ ਦੀ ਰਿਹਾਈ ਮੌਕੇ ਕੀਤੇ ਜਾਣ ਵਾਲੇ ਪ੍ਰੋਗਰਾਮ ਦਾ ਜਾਇਜ਼ਾ ਲਿਆ। ਇਨ੍ਹਾਂ ਜਸ਼ਨਾਂ ਲਈ ਸਾਬਕਾ ਕਾਂਗਰਸੀ ਪ੍ਰਧਾਨਾਂ ਸ਼ਮਸ਼ੇਰ ਸਿੰਘ ਦੂਲੋ, ਮਹਿੰਦਰ ਕੇ.ਪੀ, ਲਾਲ ਸਿੰਘ ਅਤੇ ਹੋਰ ਨੇਤਾਵਾਂ ਤੇ ਨਜ਼ਦੀਕੀ ਮਿੱਤਰਾਂ ਦੀ ਸਲਾਹ ਮਸ਼ਵਰੇ ਦੀ ਕਾਫ਼ੀ ਚਰਚਾ ਹੈ।

ਦੁਪਹਿਰ ਦੇ ਖਾਣੇ ਮੌਕੇ ਮੀਟਿੰਗ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਸਾਬਕਾ ਵਿਧਾਇਕ ਦਰਸ਼ਨ ਬਰਾੜ, ਨਵਤੇਜ ਚੀਮਾ, ਸੁਖਵਿੰਦਰ ਡੈਨੀ, ਦੱਤੀ ਸੁਨੀਲ, ਕਾਕਾ ਲੋਹਗੜ੍ਹ, ਨਾਜ਼ਰ ਸਿੰਘ ਮਾਨਸ਼ਾਹੀਆ, ਅਸ਼ਵਨੀ ਸੇਖੜੀ, ਰਾਜਿੰਦਰ ਸਿੰਘ ਅਤੇ ਹੋਰ ਕਈ ਹਾਜ਼ਰ ਸਨ। ਇਨ੍ਹਾਂ ਸੂਤਰਾਂ ਨੇ ਦਸਿਆ ਕਿ ਕਾਰਾਂ ਤੇ ਹੋਰ ਗੱਡੀਆਂ ’ਤੇ 25 ਅਤੇ 26 ਜਨਵਰੀ ਨੂੰ ਅੱਗੇ ਪਿਛੇ ਲਗਾਉਣ ਵਾਲੇ ਪੋਸਟਰ, ਵੱਡੇ ਵੱਡੇ ਹੋਰਡਿੰਗ ਦੀ ਛਪਾਈ ਕੀਤੀ ਜਾ ਰਹੀ ਹੈ। ਇਨ੍ਹਾਂ ਪੋਸਟਰਾਂ ’ਤੇ ਨੈਸ਼ਨਲ ਪ੍ਰਧਾਨ ਮਲਿਕ ਅਰਜਨ ਖੜਗੇ, ਰਾਹੁਲ ਗਾਂਧੀ, ਪ੍ਰਿਯੰਕਾ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਤਸਵੀਰ ਹੈ। ਥੱਲੇ ਨਵਜੋਤ ਸਿੰਘ ਦੀ ਫ਼ੋਟੋ ਹੈ। ਕਾਂਗਰਸੀ ਪਾਰਟੀ ਜ਼ਿੰਦਾਬਾਦ ਤੇ ਨਵਜੋਤ ਸਿੱਧੂ ਜ਼ਿੰਦਾਬਾਦ ਵੀ ਲਿਖਿਆ ਹੈ। 

ਸੂਤਰਾਂ ਨੇ ਦਸਿਆ ਕਿ ਵਿਸ਼ੇਸ਼ ਤੌਰ ’ਤੇ ਪਾਰਟੀ ਹਾਈਕਮਾਂਡ ਵਲੋਂ ਸ਼ਾਬਾਸ਼ ਦੇਣ ਅਤੇ ਸਿੱਧੂ ਦਾ ਹੌਂਸਲਾ ਵਧਾਉਣ ਵਾਸਤੇ ਪ੍ਰਿਯੰਕਾ ਨੇ ਖ਼ੁਫ਼ੀਆ ਏਜੰਸੀਆਂ ਦੇ 
ਅਧਿਕਾਰੀਆਂ ਰਾਹੀਂ ਸਿੱਧੂ ਨੂੰ ਲਿਖਤੀ ਚਿੱਠੀ ਤੇ ਇਕ ਕਿਤਾਬ ਵੀ ਜੇਲ ਸੁਪਰਡੈਂਟ ਰਾਹੀਂ ਭੇਜੀ ਹੈ। ਸਿੱਧੂ ਨੇ ਮੁਲਾਕਾਤੀਆਂ ਨੂੰ ਵਾਰ ਵਾਰ ਦਸਿਆ ਉਹ ਪੱਕਾ ਕਾਂਗਰਸੀ ਹੈ ਉਸ ਦਾ ਪ੍ਰਵਾਰ ਵੀ ਕਾਂਗਰਸੀ ਸੀ ਅਤੇ ਪਾਰਟੀ ਨਾਲ ਹੀ ਰਹੇਗਾ। ਉਨ੍ਹਾਂ ਕਿਹਾ ਕਿ ਮੈਨੂੰ ਕਿਸੇ ਅਹੁਦੇ ਦੀ ਲੋੜ ਨਹੀਂ, ਮੈਂ ਤਾਂ ਪਾਰਟੀ ਨੂੰ ਮਜ਼ਬੂਤ ਕਰਨਾ ਹੈ। ਸਿੱਧੂ ਦੀ ਰਿਹਾਈ ’ਤੇ ਮੌਜੂਦਾ ਪ੍ਰਧਾਨ ਦੀ ਚਿੰਤਾ ਵਧੀ ਹੈ ਅਤੇ ਰਾਜਾ ਵੜਿੰਗ ਨੇ ਪਟਿਆਲਾ ਵਿਚ ਹੋਈ ਇਕ ਵੱਡੀ ਬੈਠਕ ਵਿਚ ਇਹ ਵੀ ਕਹਿ ਦਿਤਾ ਕਿ ਜੇ ਹਾਈਕਮਾਂਡ ਸਿੱਧੂ ਨੂੰ ਕਿਸੇ ਉਚੇ ਅਹੁਦੇ ’ਤੇ ਤਾਇਨਾਤ ਕਰਨਾ ਚਾਹੁੰਦੀ ਹੈ ਤਾ ਮੇਰੀਆਂ ਸੇਵਾਵਾਂ ਵੀ ਉਸ ਨਾਲ ਹੀ ਰਹਿਣਗੀਆਂ ਅਤੇ ਪੂਰਾ ਸਹਿਯੋਗ ਦਿੰਦਾ ਰਹਾਂਗਾ।