ਟੈਕਸੀ ਡਰਾਈਵਰ 'ਤੇ ਗੋਲੀ ਚਲਾਉਣ ਵਾਲਾ ਸਾਥੀਆਂ ਸਮੇਤ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਨੇ .32 ਬੋਰ ਦਾ ਪਿਸਤੌਲ ਵੀ ਕੀਤਾ ਬਰਾਮਦ

The one who shot at the taxi driver was arrested along with his accomplices

ਅੰਮ੍ਰਿਤਸਰ : ਬੀਤੇ ਦਿਨੀਂ ਕਵੀਂਸ ਰੋਡ 'ਤੇ ਸਵਾਰੀ ਲੈ ਕੇ ਜਾ ਰਹੇ ਇਕ ਟੈਕਸੀ ਡਰਾਈਵਰ 'ਤੇ ਗੋਲੀਆਂ ਚਲਾਈਆਂ ਗਈਆਂ ਸਨ। ਇਹ ਗੋਲੀ ਹੋਟਲ ਦੇ ਕੁਝ ਲੋਕਾਂ ਵੱਲੋਂ ਹੀ ਚਲਾਈ ਗਈ ਸੀ ਜਿਸ ਵਿਚ ਉਹ ਜ਼ਖ਼ਮੀ ਹੋ ਗਿਆ ਸੀ। ਸਥਾਨਕ ਪੁਲਿਸ ਨੇ ਇਸ ਵਾਰਦਾਤ ਤੋਂ ਬਾਅਦ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਇਸ ਕੜੀ ਤਹਿਤ ਹੀ ਅੱਜ ਅਮ੍ਰਿਸਤਾਰ ਪੁਲਿਸ ਉਨ੍ਹਾਂ ਨੂੰ ਲੱਭਣ ਵਿਚ ਕਾਮਯਾਬ ਰਹੀ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਤਿੰਨ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ ਅਤੇ ਉਨ੍ਹਾਂ ਕੋਲੋਂ ਇੱਕ .32 ਬੋਰ ਦੇ ਪਿਸਤੌਲ ਵੀ ਬਰਾਮਦ ਕੀਤਾ ਗਿਆ ਹੈ।

ਫੜੇ ਗਏ ਮੁਲਜ਼ਮਾਂ ਦੀ ਪਛਾਣ ਹਰਭਜਨ ਸਿੰਘ ਉਰਫ ਸਾਬੀ ਵਾਸੀ ਨੂਰਪੁਰ ਪੱਧਰੀ ਥਾਣਾ ਲੋਪੋਕੇ ਹਾਲ     ਵਾਸੀ ਮਕਾਨ ਨੰਬਰ 29 ਬੈਂਕ ਐਵਿਨੀਉ ਰਾਮਤੀਰਥ ਰੋਡ ਕਾਲੇ ਮੋੜ ਅੰਮ੍ਰਿਤਸਰ, ਗੁਰਜੰਟ ਸਿੰਘ ਉਰਫ ਜੰਟਾ ਵਾਸੀ ਸੁਰ ਸਿੰਘ ਥਾਣਾ ਝਬਾਲ ਜ਼ਿਲ੍ਹਾ ਤਰਨਤਾਰਨ, ਗੁਰਭਿੰਦਰ ਸਿੰਘ ਵਾਸੀ ਪਿੰਡ ਪਹੁਵਿੰਡ ਥਾਣਾ ਭਿੰਖੀਵਿੰਡ ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ।

ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੋਟਲ ਵਿਕਟੋਰੀਆ ਕਵੀਂਸ ਰੋਡ, ਅੰਮ੍ਰਿਤਸਰ ਦੇ ਬਾਹਰ ਗੋਲੀ ਚਲਾ ਕੇ ਇਕ ਵਿਅਕਤੀ ਨੂੰ ਜ਼ਖਮੀ ਕਰਨ ਦੀ ਵਾਰਦਾਤ ਵਿੱਚ ਹਰਭਜਨ ਸਿੰਘ ਉਰਫ ਸਾਬੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਸ ਕੋਲੋਂ .32 ਬੋਰ ਪਿਸਟਲ, ਨਾਜਾਇਜ਼ ਬਰਾਮਦ ਕੀਤਾ ਗਿਆ। ਉਸ ਨੇ ਪੁੱਛ-ਗਿੱਛ ਦੌਰਾਨ ਦੱਸਿਆ ਕਿ ਇਹ ਪਿਸਟਲ ਉਸ ਨੇ ਗੁਰਜੰਟ ਸਿੰਘ ਉਰਫ ਜੰਟਾ ਤੋਂ ਵਰਤਨ ਲਈ ਲਿਆ ਹੈ।

ਜਿਸ 'ਤੇ ਗੁਰਜੰਟ ਸਿੰਘ ਉਰਫ ਜੰਟਾ ਗ੍ਰਿਫਤਾਰ ਕਰ ਕੇ ਇਹ ਗੱਲ ਸਾਹਮਣੇ ਆਈ ਕਿ ਇਹ ਪਿਸਟਲ ਉਸ ਦੇ ਸਾਂਢੂੰ ਗੁਰਭਿੰਦਰ ਸਿੰਘ ਦਾ ਲਾਇਸੰਸੀ ਪਿਸਟਲ ਹੈ। ਉਸ ਨੇ ਆਪਣੇ ਸਾਂਢੂੰ ਕੋਲੋਂ ਵਰਤਨ ਲਈ ਲਿਆ ਸੀ ਤੇ ਅੱਗੋਂ ਹਰਭਜਨ ਸਿੰਘ ਸਾਬੀ ਉਕਤ ਨੂੰ ਦੇ ਦਿੱਤਾ। ਦੋਸ਼ੀ ਗੁਰਜੰਟ ਸਿੰਘ ਉਰਫ ਜੰਟਾ ਅਤੇ ਗੁਰਭਿੰਦਰ ਸਿੰਘ ਨੂੰ ਉਕਤ ਮੁਕੱਦਮੇ ਵਿੱਚ ਮਿਤੀ 26-12-2022 ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ। ਤਫ਼ਤੀਸ਼ ਜਾਰੀ ਹੈ।