ਬਾਦਲ ਪਰਵਾਰ ਨੇ ਅਰਬਾਂ ਰੁਪਏ ਦੀ ਜਾਇਦਾਦ ਬਣਾਈ : ਬ੍ਰਹਮਪੁਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਟਕਸਾਲੀ ਅਕਾਲੀ ਦਲ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਪੰਜਾਬ ਨੂੰ ਬਾਦਲ ਪਰਵਾਰ ਅਤੇ ਕਾਂਗਰਸ ਤੋਂ ਬਚਾਉਣ ਲਈ ਹੀ ਤੀਜੇ ਫ਼ਰੰਟ ਦਾ ਗਠਨ ਕੀਤਾ ਗਿਆ ਹੈ.....

Ranjit Singh Brahmpura

ਧਾਰੀਵਾਲ : ਟਕਸਾਲੀ ਅਕਾਲੀ ਦਲ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਪੰਜਾਬ ਨੂੰ ਬਾਦਲ ਪਰਵਾਰ ਅਤੇ ਕਾਂਗਰਸ ਤੋਂ ਬਚਾਉਣ ਲਈ ਹੀ ਤੀਜੇ ਫ਼ਰੰਟ ਦਾ ਗਠਨ ਕੀਤਾ ਗਿਆ ਹੈ। ੁਉਹ ਧਾਰੀਵਾਲ ਵਿਖੇ ਸਾਬਕਾ ਸਰਪੰਚ ਜਸਬੀਰ ਸਿੰਘ ਜਫਰਵਾਲ ਦੇ ਪ੍ਰਬੰਧਾਂ ਹੇਠ ਹੋਏ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੇ ਦਬਾਅ ਹੇਠ ਜਥੇਦਾਰਾਂ ਨੇ ਸੌਦਾ ਸਾਧ ਨੂੰ ਦਿਤੀ ਮੁਆਫ਼ੀ ਰੱਦ ਕਰ ਦਿਤੀ ਜਿਸ ਕਾਰਨ ਅਕਾਲੀ ਦਲ ਬਾਦਲ 2017 ਦੀਆਂ ਚੋਣਾਂ ਬੁਰੀ ਤਰ੍ਹਾਂ ਹਾਰ ਗਿਆ। 

ਬ੍ਰਹਮਪੁਰਾ ਨੇ ਕਿਹਾ ਕਿ ਬਾਦਲ ਪਰਵਾਰ ਨੇ ਕੁਰਬਾਨੀਆਂ ਦੇ ਕੇ ਬਣਾਈ ਇਤਿਹਾਸਕ ਪਾਰਟੀ ਨੂੰ ਨਿਜੀ ਮੁਫ਼ਾਦ ਲਈ ਵਰਤਿਆ ਅਤੇ ਅਰਬਾਂ ਰੁਪਏ ਦੀ ਜਾਇਦਾਦ ਬਣਾਈ। ਉਨ੍ਹਾਂ ਕਿਹਾ ਕਿ ਬੀਤੇ ਸਮੇਂ 'ਚ ਅਕਾਲੀ ਦਲ ਬਾਦਲ ਦੇ ਜਿੰਨੇ ਵੀ ਪ੍ਰਧਾਨ ਬਣੇ ਹਨ, ਉਹ ਅਪਣੀਆਂ ਜਾਇਦਾਦਾਂ ਗਵਾ ਕੇ ਗਏ ਹਨ ਪਰ ਬਾਦਲ ਪਰਵਾਰ ਹੀ ਅਜਿਹਾ ਪਰਵਾਰ ਹੈ ਜਿਸ ਨੇ ਅਰਬਾਂ ਰੁਪਏ ਦੀ ਜਾਇਜ਼ ਤੇ ਨਾਜਾਇਜ਼ ਜਾਇਦਾਦ ਬਣਾ ਲਈ ਹੈ।

ਇਸ ਮੌਕੇ ਅਮਰਪਾਲ ਸਿੰਘ ਬੋਨੀ ਸਾਬਕਾ ਵਿਧਾਇਕ, ਮਨਮੋਹਨ ਸਿੰਘ ਸਠਿਆਲ ਸਾਬਕਾ ਵਿਧਾਇਕ, ਜਸਵੰਤ ਸਿੰਘ ਰੰਧਾਵਾ ਇੰਚਾਰਜ ਹਲਕਾ ਡੇਰਾ ਬਾਬਾ ਨਾਨਕ, ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਵੀ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਬਾਦਲ ਪਰਵਾਰ ਤੋਂ ਗੁਰਦੁਆਰਿਆਂ, ਐਸ ਜੀ ਪੀ ਸੀ ਕਮੇਟੀ ਅਤੇ ਅਕਾਲ ਤਖ਼ਤ ਸਾਹਿਬ ਨੂੰ ਮੁਕਤ ਕਰਵਾਉਣ ਵਾਸਤੇ ਹੀ ਅਕਾਲੀ ਦਲ ਟਕਸਾਲੀ ਦਾ ਗਠਨ ਕੀਤਾ ਗਿਆ ਹੈ।