ਸਾਬਕਾ ਐਸ.ਐਸ.ਪੀ. ਚਰਨਜੀਤ ਸ਼ਰਮਾ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਾਈ ਕੋਰਟ ਵਲੋਂ ਬਹਿਬਲ ਕਲਾਂ ਗੋਲੀ ਅਤੇ ਦੋ ਸਿੱਖਾਂ ਦੀ ਹਤਿਆ ਦੇ ਮਾਮਲਿਆਂ 'ਚ ਪੰਜਾਬ ਪੁਲਿਸ ਦੀ (ਐਸਆਈਟੀ) ਦੀ ਪਿੱਠ ਥਾਪੜੇ ਜਾਣ ਸਾਰ ਕਾਰਵਾਈ ਤੇਜ਼ ਹੋ ਗਈ ਹੈ.....

Former SSP Charanjit Sharma Arrested

ਚੰਡੀਗੜ੍ਹ, (ਨੀਲ ਭਲਿੰਦਰ ਸਿੰਘ): ਹਾਈ ਕੋਰਟ ਵਲੋਂ ਬਹਿਬਲ ਕਲਾਂ ਗੋਲੀ ਅਤੇ ਦੋ ਸਿੱਖਾਂ ਦੀ ਹਤਿਆ ਦੇ ਮਾਮਲਿਆਂ 'ਚ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੀ ਪਿੱਠ ਥਾਪੜੇ ਜਾਣ ਸਾਰ ਕਾਰਵਾਈ ਤੇਜ਼ ਹੋ ਗਈ ਹੈ। 25 ਜਨਵਰੀ ਨੂੰ ਪੁਲਿਸ ਅਫ਼ਸਰਾਂ ਦੀਆਂ ਪਟੀਸ਼ਨਾਂ ਰੱਦ ਹੁੰਦੇ ਸਾਰ ਐਸਆਈਟੀ ਨੇ ਉਨ੍ਹਾਂ ਨੂੰ 29 ਜਨਵਰੀ ਲਈ ਸੰਮਨ ਜਾਰੀ ਕਰ ਦਿਤੇ ਅਤੇ ਮੋਗਾ ਦੇ ਸਾਬਕਾ ਐਸਐਸਪੀ ਚਰਨਜੀਤ ਸਿੰਘ ਸ਼ਰਮਾ ਦੇ ਵਿਦੇਸ਼ ਭੱਜਣ ਦੀ ਭਿਣਕ ਲਗਦਿਆਂ ਹੀ ਉਸ ਨੂੰ ਹੁਸ਼ਿਆਰਪੁਰ ਵਾਲੀ ਉਸ ਦੀ ਨਿਜੀ ਰਿਹਾਇਸ਼ ਤੋਂ 27 ਜਨਵਰੀ ਤੜਕੇ ਸਾਢੇ ਚਾਰ ਵਜੇ ਗ੍ਰਿਫ਼ਤਾਰ ਕਰ ਲਿਆ।

ਐਸਆਈਟੀ ਦੇ ਡੀਐਸਪੀ ਰੈਂਕ ਦੇ ਅਫ਼ਸਰ ਦੀ ਅਗਵਾਈ ਵਾਲੀ ਪੁਲਿਸ ਟੁਕੜੀ ਨੂੰ ਕੰਧ ਟੱਪ ਕੇ ਝਕਾਨੀ ਦੇਣ ਦੀ ਕੋਸ਼ਿਸ਼ ਕਰਦੇ ਹੋਏ ਕਾਬੂ ਕੀਤੇ ਗਏ ਸਾਬਕਾ ਐਸਐਸਪੀ ਵਿਰੁਧ ਦੋਸ਼ ਹਨ ਕਿ ਉਸ ਨੇ ਅਕਤੂਬਰ 2015 ਦੌਰਾਨ ਵਾਪਰੇ ਉਕਤ ਕਾਂਡ ਮੌਕੇ ਬਗੈਰ ਭੜਕਾਹਟ ਤੋਂ ਗੋਲੀ ਚਲਾਉਣ ਦੇ ਹੁਕਮ ਦਿਤੇ ਸਨ। ਬੀਤੇ ਅਗੱਸਤ ਮਹੀਨੇ ਹੀ ਸੇਵਾਮੁਕਤ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਦੀਆਂ ਸਿਫ਼ਾਰਸ਼ਾਂ ਨਾਲ ਸ਼ਰਮਾ ਸਣੇ ਰਘਬੀਰ ਸਿੰਘ, ਅਮਰਜੀਤ ਸਿੰਘ, ਬਿਕਰਮਜੀਤ ਸਿੰਘ ਅਤੇ ਪ੍ਰਦੀਪ ਕੁਮਾਰ ਨਾਮੀ ਹੇਠਲੇ ਰੈਂਕਾਂ ਦੇ ਪੁਲਿਸ ਅਫ਼ਸਰਾਂ ਵਿਰੁਧ ਧਾਰਾ 302 (ਹਤਿਆ) ਦਾ ਕੇਸ ਦਰਜ ਕੀਤਾ ਜਾ ਚੁੱਕਾ ਹੈ। 

ਹਾਈ ਕੋਰਟ ਵਲੋਂ 14 ਸਤੰਬਰ ਨੂੰ ਇਸ ਕੇਸ 'ਤੇ ਲਗਾਈ ਰੋਕ ਵੀ 25 ਜਨਵਰੀ ਦੇ ਫ਼ੈਸਲੇ ਨਾਲ ਹਟ ਚੁੱਕੀ ਹੈ। ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਮੁਤਾਬਕ ਕੰਮ ਕਰਦੀ ਆ ਰਹੀ ਐਸਆਈਟੀ ਦਾ ਅਧਿਕਾਰ ਖੇਤਰ ਅਦਾਲਤੀ ਹੁਕਮਾਂ ਨਾਲ ਕਾਫ਼ੀ ਸਮਰੱਥ ਹੋ ਚੁੱਕਾ ਹੈ। ਦਸਣਯੋਗ ਹੈ ਕਿ ਹਾਈ ਕੋਰਟ ਦਾ ਸ਼ੁਕਰਵਾਰ ਨੂੰ ਆਇਆ ਫ਼ੈਸਲਾ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਲਈ ਮਾਮਲਾ ਕਾਰਜ ਪ੍ਰਪੱਕਤਾ ਨਾਲ ਨਬੇੜਨ ਦਾ ਸੁਨਹਿਰੀ ਮੌਕਾ ਵੀ ਸਾਬਤ ਹੁੰਦਾ ਪ੍ਰਤੀਤ ਹੋ ਰਿਹਾ ਹੈ।

ਬੈਂਚ ਨੇ ਜ਼ੋਰ ਦੇ ਕੇ ਕਿਹਾ ਕਿ ਐਸਆਈਟੀ ਸੁਤੰਤਰ ਤੌਰ 'ਤੇ ਅਤੇ ਤੇਜ਼ੀ ਨਾਲ ਜਾਂਚ ਕਰੇ। ਪਟੀਸ਼ਨਰਾਂ ਦੀਆਂ ਸਾਰੀਆਂ ਦਲੀਲਾਂ ਰੱਦ ਕਰ ਦਿਤੀਆਂ ਗਈਆਂ ਹਨ। ਅਦਾਲਤ ਨੇ ਕਿਹਾ ਕਿ ਐਸਆਈਟੀ ਬਗ਼ੈਰ ਕਿਸੇ ਅੰਦਰੂਨੀ/ਬਾਹਰੀ ਦਬਾਅ, ਨਿਰਪੱਖਤਾ ਅਤੇ ਤੇਜ਼ੀ ਨਾਲ ਜਾਂਚ ਕਰੇਗੀ, ਜਾਂਚ ਨਿਰਪੱਖ ਅਤੇ ਪੇਸ਼ੇਵਰ ਢੰਗ ਨਾਲ ਕੀਤੀ ਜਾਵੇਗੀ, ਐਸਆਈਟੀ ਜਾਂਚ ਨੂੰ ਸਹੀ ਸਿਰੇ 'ਤੇ ਲਿਜਾਣ ਲਈ ਸਾਰੇ ਤਫ਼ਤੀਸ਼ੀ ਗੁਣ, ਫ਼ੋਰੈਂਸਿਕ ਢੰਗ ਵਰਤਣੇ ਹੋਣਗੇ।