ਆਮ-ਆਦਮੀ ਪਾਰਟੀ 'ਚ ਹੋ ਸਕਦੀ ਹੈ ਸਿੱਧੂ-ਸਿੱਧੂ!
ਭਾਵੇਂ ਅਜੇ 2022 ਦੀਆਂ ਚੋਣਾਂ ਵਿਚ ਦੋ ਸਾਲ ਬਾਕੀ ਹਨ ਪਰ ਪੰਜਾਬ ਦੀ ਸਿਆਸਤ ਵਿਚ ਨਵਜੋਤ ਸਿੰਘ ਸਿੱਧੂ ਦਾ ਜ਼ਿਕਰ ਜ਼ਰੂਰ ਹੋ ਰਿਹਾ। ਭਵਿੱਖ ਦਾ ਨਫ਼ਾ-ਨੁਕਸਾਨ....
ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ): ਭਾਵੇਂ ਅਜੇ 2022 ਦੀਆਂ ਚੋਣਾਂ ਵਿਚ ਦੋ ਸਾਲ ਬਾਕੀ ਹਨ ਪਰ ਪੰਜਾਬ ਦੀ ਸਿਆਸਤ ਵਿਚ ਨਵਜੋਤ ਸਿੰਘ ਸਿੱਧੂ ਦਾ ਜ਼ਿਕਰ ਜ਼ਰੂਰ ਹੋ ਰਿਹਾ। ਭਵਿੱਖ ਦਾ ਨਫ਼ਾ-ਨੁਕਸਾਨ ਦੇਖਦਿਆਂ ਹੋਰਨਾਂ ਪਾਰਟੀਆਂ ਨੇ ਸਿੱਧੂ 'ਤੇ ਡੋਰੇ ਪਾਉਣੇ ਸ਼ੁਰੂ ਕਰ ਦਿਤੇ ਹਨ।
ਪਹਿਲਾਂ ਟਕਸਾਲੀਆਂ ਵਲੋਂ ਸਿੱਧੂ ਉਤੇ ਡੋਰੇ ਪਾਏ ਗਏ ਤੇ ਮੁੱਖ ਮੰਤਰੀ ਅਹੁਦੇ ਦਾ ਚਿਹਰਾ ਤਕ ਬਣਾਉਣ ਦਾ ਆਫ਼ਰ ਦੇ ਦਿਤਾ ਗਿਆ ਤੇ ਹੁਣ ਆਪ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।
ਮਾਨ ਨੇ ਕਿਹਾ ਕਿ ਪਾਰਟੀ ਸਿੱਧੂ ਨਾਲ ਗੱਲ ਕਰ ਸਕਦੀ ਹੈ। ਇਸ ਦਾ ਅਰਥ ਇਹ ਹੋਇਆ ਕਿ ਪਾਰਟੀ ਹਾਈ ਕਮਾਨ ਆਉਣ ਵਾਲੇ ਦਿਨਾਂ 'ਚ ਸਿੱਧੂ ਨਾਲ ਰਾਬਤਾ ਕਾਇਮ ਕਰ ਸਕਦੀ ਹੈ।
ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਸਭਾਵਕ ਸੀ ਕਿ ਪ੍ਰਤੀਕਰਮ ਤਾਂ ਹੋਣਾ ਹੀ ਸੀ। ਉਨ੍ਹਾਂ ਬਾਅਦ 'ਚ ਕਿਹਾ ਕਿ ਪਾਰਟੀ ਹਾਈਕਮਾਨ ਜੋ ਫ਼ੈਸਲਾ ਲਵੇਗੀ, ਉਸ 'ਤੇ ਫੁਲ ਚੜਾਏ ਜਾਣਗੇ। ਦੱਸ ਦਈਏ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਿਚ ਉਪ ਮੁੱਖ ਮੰਤਰੀ ਬਣਾਉਣ ਲਈ ਨਵਜੋਤ ਸਿੰਘ ਸਿੱਧੂ ਦਾ ਜੋ ਨਾਂ ਵਿਧਾਇਕਾਂ, ਮੰਤਰੀਆਂ ਅਤੇ ਐੱਮ. ਪੀ. ਵੱਲੋਂ ਸਿੱਧੇ ਤੌਰ ‘ਤੇ ਆਉਣਾ ਸ਼ੁਰੂ ਹੋ ਗਿਆ ਹੈ,
ਉਸ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਵੀ ਉਸ ਦਿਨ ਦੀ ਉਡੀਕ ਵਿਚ ਦਿਖਾਈ ਦੇ ਰਹੇ ਹਨ ਕਿ ਕਦੋਂ ਨਵਜੋਤ ਸਿੰਘ ਸਿੱਧੂ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਦੇ ਹਨ ਕਿਉਂਕਿ ਵਰਕਰ ਪਿਛਲੇ 3 ਸਾਲਾਂ ਦੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਦਿਖਾਈ ਨਹੀਂ ਦੇ ਰਹੇ।
ਸਿੱਧੂ ਨੂੰ ਭਾਵੇਂ ਅਜੇ ਉਪ ਮੁੱਖ ਮੰਤਰੀ ਬਣਾਉਣ ਲਈ ਵੱਡੇ ਕਾਂਗਰਸੀ ਨੇਤਾਵਾਂ ਨੇ ਹਾਂ-ਪੱਖੀ ਹੁੰਗਾਰਾ ਜਾਂ ਚਰਚਾ ਹੀ ਕੀਤੀ ਹੈ ਪਰ ਸ਼੍ਰੋਮਣੀ ਅਕਾਲੀ ਦਲ ਦੇ ਪਹਿਲੀ ਅਤੇ ਦੂਜੀ ਕਤਾਰ ਦੇ ਨੇਤਾ ਇਕ-ਦੂਜੇ ਤੋਂ ਕਨਸੋਆਂ ਲੈ ਰਹੇ ਹਨ ਕਿ ਕਦੋਂ ਸ. ਸਿੱਧੂ ਉਪ ਮੁੱਖ ਮੰਤਰੀ ਬਣਨ ਜਾ ਰਹੇ ਹਨ।