ਗੁਰਦੁਆਰੇ ਅੰਦਰ ਡੀ.ਜੇ 'ਤੇ ਪਾਏ ਜਾ ਰਹੇ ਸੀ ਭੰਗੜੇ, ਗ੍ਰੰਥੀ ਦੀ ਜਾਨ ਨੂੰ ਪਿਆ ਸਿਆਪਾ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਏ ਦਿਨ ਪੰਜਾਬ ਵਿਚ ਗੁਰਦੁਆਰਾ ਸਾਹਿਬ ਦੀ ਮਰਿਆਦਾ ਨਾਲ ਖਿਲਵਾੜ ਕਰਨ ਦੀਆਂ ਦੁਖਦਾਈ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।

Photo

ਲੁਧਿਆਣਾ: ਆਏ ਦਿਨ ਪੰਜਾਬ ਵਿਚ ਗੁਰਦੁਆਰਾ ਸਾਹਿਬ ਦੀ ਮਰਿਆਦਾ ਨਾਲ ਖਿਲਵਾੜ ਕਰਨ ਦੀਆਂ ਦੁਖਦਾਈ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਕਦੇ ਕੁੜੀਆਂ-ਮੁੰਡੇ ਗੁਰਦੁਆਰਾ ਸਾਹਿਬ ਵਿਚ ਜਾ ਕੇ ਟਿਕ-ਟਾਕ ‘ਤੇ ਵੀਡੀਓਜ਼ ਬਣਾਉਂਦੇ ਹਨ ਤੇ ਕਦੀ ਗੁਰਦੁਆਰਾ ਸਾਹਿਬ ਵਿਚ ਪੰਜਾਬੀ ਗਾਣੇ ਚਲਾਏ ਜਾਂਦੇ ਹਨ।

ਹੁਣ ਇਕ ਹੋਰ ਅਜਿਹਾ ਵਿਵਾਦਤ ਮਾਮਲਾ ਸਾਹਮਣੇ ਆਇਆ ਹੈ। ਜੋ ਕਿ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਮਾਮਲੇ ਤਹਿਤ ਇਕ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਹਾਲ ਵਿਚ ਵਿਆਹ ਸਮਾਗਮ ਚੱਲ ਰਿਹਾ ਸੀ ਅਤੇ ਦੂਜੇ ਪਾਸੇ ਡੀਜੇ 'ਤੇ ਉੱਚੀ ਅਵਾਜ਼ਾਂ ਵਿਚ ਗਾਣੇ ਚਲਾਏ ਗਏ। ਜਿਸ ਦਾ ਕੁੱਝ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ ਤੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ ਗਈ।

ਦਰਅਸਲ ਇਹ ਮਾਮਲਾ ਜ਼ਿਲ੍ਹਾ ਲੁਧਿਆਣਾ ਦੇ ਕੋਤਵਈ ਨਗਰ ਦਾ ਦੱਸਿਆ ਜਾ ਰਿਹਾ ਹੈ। ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਜਿਸ ਮੌਕੇ ਇਹ ਵਿਆਹ ਸਮਾਗਮ ਚੱਲ ਰਿਹਾ ਸੀ ਉਸ ਮੌਕੇ ਗੁਰੂਦੁਆਰਾ ਸਾਹਿਬ ਦਾ ਗ੍ਰੰਥੀ ਵੀ ਗੁਰਦੁਆਰੇ ਵਿਚ ਮੌਜੂਦ ਸੀ। ਭਾਵ ਸਭ ਕੁਝ ਅੱਖਾਂ ਸਾਹਮਣੇ ਹੁੰਦਾ ਰਿਹਾ।

ਪਰ ਕਿਸੇ ਨੇ ਰੋਕਣ ਦੀ ਜ਼ੁਅਰਤ ਨਾ ਕੀਤੀ। ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਗੁਰੂ ਘਰਾਂ ਦੀਆਂ ਇਮਾਰਤਾਂ ਵਿਚ ਡੀ.ਜੇ ‘ਤੇ ਗਾਣੇ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੋਵੇ। ਇਸ ਤੋਂ ਪਹਿਲਾਂ ਵੀ ਕਈ ਵਾਰ ਗੁਰਦੁਆਰਿਆਂ ਦੀ ਮਰਿਆਦਾ ਨਾਲ ਖਿਲਵਾੜ ਦੇ ਕਈ ਮਾਮਲੇ ਸਾਹਮਣੇ ਆਏ ਹਨ।

ਸਵਾਲ ਇਹ ਉੱਠਦਾ ਕਿ ਹਾਲ ਅੰਦਰ ਡੀ.ਜੇ ਲਾਉਣ ਦੀ ਆਗਿਆ ਆਖਿਰ ਕਿਸ ਵੱਲੋਂ ਦਿੱਤੀ ਗਈ। ਜਿਸ ਮੌਕੇ ਇਹ ਸਮਾਗਮ ਚੱਲ ਰਿਹਾ ਸੀ ਉਸ ਸਮੇਂ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਕਿੱਥੇ ਸੀ? ਇਹ ਮਾਮਲਾ ਅਪਣੇ ਨਾਲ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ।